ਈਕੋਸਿੱਖ ਨੇ ਵੈਟੀਕਨ 'ਚ ਵਾਤਾਵਰਨ ਸੰਬੰਧੀ ਕਾਨਫਰੰਸ 'ਚ ਕੀਤੀ ਸ਼ਮੂਲੀਅਤ
ਈਕੋਸਿੱਖ ਨੇ ਵੈਟੀਕਨ 'ਚ ਵਾਤਾਵਰਨ ਸੰਬੰਧੀ ਕਾਨਫਰੰਸ 'ਚ ਕੀਤੀ ਸ਼ਮੂਲੀਅਤ
ਵੈਨਿਸ -ਸਿੱਖ ਪੱਖ ਦੀ ਨੁਮਾਇੰਦਗੀ ਕਰਦਿਆਂ ਈਕੋਸਿੱਖ ਨੇ ਵੈਟੀਕਨ ਵਿਖੇ 40 ਤੋਂ ਵੱਧ ਧਾਰਮਿਕ ਸ਼ਖ਼ਸੀਅਤਾਂ ਨਾਲ ਵਾਤਾਵਰਨ ਦੇ ਸਬੰਧ 'ਚ ਰੱਖੀ ਇਕੱਤਰਤਾ ਵਿਚ ਸ਼ਮੂਲੀਅਤ ਕੀਤੀ | ਵੱਖ-ਵੱਖ ਧਰਮਾਂ ਦੇ ਨੁਮਾਇੰਦਿਆਂ ਨੇ ਆਉਣ ਵਾਲੇ 'ਯੂ.ਐਨ. ਕਲਾਈਮੈਟ ਕਾਨਫਰੰਸ' ਲਈ ਵਾਤਾਵਰਨ ਸੰਭਾਲ ਲਈ ਵੱਡੇ ਫੈਸਲਿਆਂ ਦੀ ਹਮਾਇਤ ਕੀਤੀ | ਇਹ ਇਕੱਤਰਤਾ 'ਧਰਮ ਅਤੇ ਵਿਗਿਆਨ: ਜਲਵਾਯੂ ਕਾਨਫਰੰਸ ਲਈ ਅਪੀਲ' ਪੋਪ ਫਰਾਂਸਿਸ ਵਲੋਂ ਬੁਲਾਈ ਗਈ ਸੀ | ਇਸਲਾਮ, ਯਹੂਦੀ, ਹਿੰਦੂ, ਬੁੱਧ, ਤਾੳ, ਜੈਨ, ਸਿੱਖ ਧਰਮ ਦੇ ਆਗੂਆਂ ਨੇ ਗਲਾਸਗੋ, ਸਕਾਟਲੈਂਡ 'ਚ 31 ਅਕਤੂਬਰ ਤੋਂ 12 ਨਵੰਬਰ ਨੂੰ ਹੋਣ ਜਾ ਰਹੇ ਜਲਵਾਯੂ ਕਾਨਫਰੰਸ ਤੋਂ ਪਹਿਲਾਂ ਆਪਣੀ ਇਕੱਠੀ ਆਵਾਜ਼ ਨੂੰ ਬੁਲੰਦ ਕਰਦਿਆਂ ਸਾਰੇ ਰਾਜਨੀਤਿਕ ਲੀਡਰਾਂ ਨੂੰ ਸਹੀ ਫ਼ੈਸਲੇ ਲੈਣ ਲਈ ਕਦਮ ਚੁੱਕਿਆ | ਈਕੋਸਿੱਖ ਦੇ ਪ੍ਰਧਾਨ ਡਾ. ਰਾਜਵੰਤ ਸਿੰਘ ਨੇ ਸਿੱਖਾਂ ਦੀ ਨੁਮਇੰਦਗੀ ਕੀਤੀ | ਉਹਨਾਂ ਕਿਹਾ ਕਿ ਵਾਤਾਵਰਨ 'ਚ ਵਿਗਾੜ ਮਨੁੱਖਤਾ ਦੀ ਸਾਂਝੀ ਚਿੰਤਾ ਹੈ, ਇਸ ਦੇ ਪ੍ਰਭਾਵ ਸਾਰਿਆਂ ਲਈ ਇੱਕੋ ਜਿਹੇ ਹੋਣਗੇ, ਇਹ ਸਾਰਿਆਂ ਮੁਲਕਾਂ ਲਈ ਵੀ ਬਰਾਬਰ ਦੀ ਚੁਣੌਤੀ ਹੈ | ਉਨ੍ਹਾਂ ਇਹ ਮੌਕੇ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ 'ਪਵਣੁ ਗੁਰੂ ਪਾਣੀ ਪਿਤਾ..........' ਵੀ ਪੜਿ੍ਹਆ | ਦੱਸਣਯੋਗ ਹੈ ਕਿ ਈਕੋਸਿੱਖ ਸੰਸਥਾ ਪਿਛਲੇ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਪੰਜਾਬ, ਭਾਰਤ ਅਤੇ ਉੱਤਰੀ ਅਮਰੀਕਾ ਵਿਚ ਵਾਤਾਵਰਨ ਸੰਭਾਲ ਲਈ ਕਾਰਜ ਕਰ ਰਹੀ ਹੈ ਅਤੇ ਵਾਈਟ ਹਾਊਸ, ਯੂਨਾਈਟਿਡ ਨੈਸ਼ਨਜ਼ ਅਤੇ ਵਰਲਡ ਇਕਨਾਮਿਕ ਫੋਰਮ ਵਰਗੇ ਅਦਾਰਿਆਂ ਨਾਲ ਧਰਤੀ ਦੇ ਵਧ ਰਹੇ ਤਾਪਮਾਨ ਦੇ ਮੁੱਦੇ 'ਤੇ ਯਤਨਸ਼ੀਲ ਹੈ |