ਪਾਕਿਸਤਾਨ ਦੇ ਪ੍ਰਮਾਣੂ ਪ੍ਰੋਗਰਾਮ ਦੇ ਬਾਨੀ ਅਬਦੁਲ ਕਾਦੀਰ ਖਾਨ ਦਾ ਦੇਹਾਂਤ

ਪਾਕਿਸਤਾਨ ਦੇ ਪ੍ਰਮਾਣੂ ਪ੍ਰੋਗਰਾਮ ਦੇ ਬਾਨੀ ਅਬਦੁਲ ਕਾਦੀਰ ਖਾਨ ਦਾ ਦੇਹਾਂਤ
ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਮਾਣੂ ਪ੍ਰੋਗਰਾਮ ਦੇ ਬਾਨੀ ਮੰਨੇ ਜਾਣ ਵਾਲੇ ਅਬਦੁਲ ਕਾਦੀਰ ਖਾਨ ਦਾ ਅੱਜ ਦੇਹਾਂਤ ਹੋ ਗਿਆ। ਉਹ 85 ਸਾਲਾਂ ਦੇ ਸਨ। ਉਨ੍ਹਾਂ ਦਾ ਜਨਮ 1936 ’ਚ ਭੋਪਾਲ ’ਚ ਹੋਇਆ ਤੇ 1947 ਦੀ ਮੁਲਕ ਵੰਡ ਮਗਰੋਂ ਪਰਿਵਾਰ ਸਮੇਤ ਪਾਕਿਸਤਾਨ ਆ ਵਸੇ ਅਬਦੁਲ ਕਾਦੀਰ ਖਾਨ ਨੇ ਇਸਲਾਮਾਬਾਦ ਦੇ ਖਾਨ ਰਿਸਰਚ ਲੈਬਾਰਟਰੀਜ਼ (ਕੇਆਰਐੱਲ) ਹਸਪਤਾਲ ’ਚ ਅੱਜ ਸਵੇਰੇ ਸੱਤ ਵਜੇ ਆਖਰੀ ਸਾਹ ਲਏ। ਜੀਓ ਨਿਊਜ਼ ਨੇ ਆਪਣੀ ਖ਼ਬਰ ’ਚ ਦੱਸਿਆ ਕਿ ਸਾਹ ਲੈਣ ’ਚ ਤਕਲੀਫ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੂੰ ਅੱਜ ਤੜਕੇ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਅਨੁਸਾਰ ਖਾਨ ਦੇ ਫੇਫੜਿਆਂ ’ਚ ਖੂਨ ਰਿਸਣ ਮਗਰੋਂ ਉਨ੍ਹਾਂ ਦੀ ਹਾਲਤ ਵਿਗੜਨ ਲੱਗੀ। ਫੇਫੜਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਗ੍ਰਹਿ ਮੰਤਰੀ ਸ਼ੇਖ ਰਸ਼ੀਦ ਨੇ ਕਿਹਾ ਕਿ ਉਨ੍ਹਾਂ ਨੂੰ ਬਚਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਉਹ ਨਾਕਾਮ ਰਹੀਆਂ। ਉਨ੍ਹਾਂ ਦੇ ਦੇਹਾਂਤ ’ਤੇ ਰਾਸ਼ਟਰਪਤੀ ਆਰਿਫ ਅਲਵੀ, ਪ੍ਰਧਾਨ ਮੰਤਰੀ ਇਮਰਾਨ ਖਾਨ, ਰੱਖਿਆ ਮੰਤਰੀ ਪਰਵੇਜ਼ ਖਟਕ ਨੇ ਦੁਖ ਜ਼ਾਹਿਰ ਕੀਤਾ ਹੈ। ਰੇਡੀਓ ਪਾਕਿਸਤਾਨ ਨੇ ਖ਼ਬਰ ਦਿੱਤੀ ਅਬਦੁਲ ਕਾਦੀਰ ਖਾਨ ਨੇ ਪਾਕਿਸਤਾਨ ਨੂੰ ਪ੍ਰਮਾਣੂ ਸ਼ਕਤੀ ਬਣਾਉਣ ’ਚ ਅਹਿਮ ਭੂਮਿਕਾ ਨਿਭਾਈ ਸੀ।