ਅਮਰੀਕਾ ਨਵੰਬਰ ਮਹੀਨੇ ਤੋਂ ਭਾਰਤ ਸਮੇਤ ਕਰੀਬ 33 ਮੁਲਕਾਂ ਦੇ ਯਾਤਰੀਆਂ ਨੂੰ ਦੇਵੇਗਾ ਦਾਖਲਾ

ਅਮਰੀਕਾ ਨਵੰਬਰ ਮਹੀਨੇ ਤੋਂ ਭਾਰਤ ਸਮੇਤ ਕਰੀਬ 33 ਮੁਲਕਾਂ ਦੇ ਯਾਤਰੀਆਂ ਨੂੰ ਦੇਵੇਗਾ ਦਾਖਲਾ
ਸਿਆਟਲ-ਅਮਰੀਕਾ ਦੇ ਬਾਈਡਨ ਪ੍ਰਸ਼ਾਸਨ ਨੇ ਐਲਾਨ ਕੀਤਾ ਕਿ ਇਸ ਨਵੰਬਰ ਤੋਂ ਅਮਰੀਕਾ ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਦੁਆਰਾ ਪ੍ਰਮਾਣਿਤ ਕੋਵਿਡ-19 ਟੀਕੇ ਲੱਗੇ ਤਕਰੀਬਨ 33 ਦੇਸ਼ਾਂ ਦੇ ਯਾਤਰੀਆਂ ਨੂੰ ਅਮਰੀਕਾ ਵਿਚ ਪ੍ਰਵੇਸ਼ ਕਰਨ ਦੀ ਆਗਿਆ ਦੇਵੇਗਾ | ਅੱਜ ਵਾਈਟ ਹਾਊਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਭਾਰਤ, ਚੀਨ, ਬ੍ਰਾਜੀਲ ਅਤੇ ਯੂਰਪ ਦੇ ਮਿਲਾ ਕੇ ਕੁੱਲ 33 ਦੇਸ਼ਾਂ ਦੇ ਯਾਤਰੀਆਂ ਤੋਂ ਕੋਵਿਡ-19 ਪਾਬੰਦੀਆਂ ਹਟਾ ਰਿਹਾ ਹੈ ਪਰ ਨਾਲ ਹੀ ਇਹ ਸ਼ਰਤ ਹੋਵੇਗੀ ਕਿ ਯਾਤਰੀਆਂ ਕੋਲ ਡਬਲਿਊ ਐਚ. ਓ. ਦੁਆਰਾ ਪ੍ਰਮਾਣਿਤ ਦੋਵੇਂ ਟੀਕੇ ਲੱਗੇ ਹੋਣ ਤੇ ਕੋਵਿਡ ਦੀ ਸਹੀ ਟੈਸਟ ਰਿਪੋਰਟ ਹੋਵੇ | ਅੱਜ ਸੀ.ਡੀ.ਸੀ. ਨੇ ਕਿਹਾ ਕਿ ਟੀਕੇ ਲੱਗੇ ਵਿਅਕਤੀਆਂ ਦੇ ਅਮਰੀਕਾ ਪੁੱਜਣ 'ਤੇ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ | ਉਨ੍ਹਾਂ ਕਿਹਾ ਕਿ ਏਅਰਲਾਈਨਜ਼ ਨਾਲ ਉਨ੍ਹਾਂ ਦੀ ਮੀਟਿੰਗ ਵਿਚ ਸਾਰੇ ਮਾਪਦੰਡ ਤੈਅ ਹੋ ਚੁੱਕੇ ਹਨ ਅਤੇ ਏਅਰਲਾਈਨਜ਼ ਇਸ ਸਾਰੇ ਮਾਪਤੰਡਾਂ ਨੂੰ ਪੂਰਾ ਕਰਨਗੇ | ਅਮੈਰਿਕਾ ਏਅਰਲਾਈਨ, ਡੈਲਟਾ ਏਅਰਲਾਈਨ, ਯੂਨਾਈਟਿਡ ਏਅਰਲਾਈਨ ਅਤੇ ਕਈ ਹੋਰ ਏਅਰ ਲਾਈਨਜ਼ ਨੇ ਸਰਕਾਰ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਹੈ | ਏਅਰਲਾਈਨਜ਼ ਨੇ ਵੀ ਸਰਕਾਰ ਦੇ ਫ਼ੈਸਲੇ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ | ਇਨ੍ਹਾਂ ਦਾ ਕਹਿਣਾ ਸੀ ਕਿ ਇਸ ਨਾਲ ਕਾਰੋਬਾਰ ਨੂੰ ਹੋਰ ਮਜ਼ਬੂਤੀ ਮਿਲੇਗੀ | ਅਮਰੀਕਾ ਇਨ੍ਹਾਂ 33 ਦੇਸ਼ਾਂ ਦੇ ਨਾਗਰਿਕਾਂ ਜਿਨ੍ਹਾਂ ਨੂੰ ਕੋਵਿਡ-19 ਦੇ ਟੀਕੇ ਲੱਗੇ ਹੋਣਗੇ ਅਤੇ ਕੋਰੋਨਾ ਰਿਪੋਰਟ ਠੀਕ ਹੋਵੇਗੀ, ਉਨ੍ਹਾਂ ਨੂੰ ਅਮਰੀਕਾ ਦਾ ਦਾਖ਼ਲਾ ਦੇਵੇਗਾ | ਅਮਰੀਕਾ ਨੇ ਅੱਜ ਸਪੱਸ਼ਟ ਕੀਤਾ ਕਿ ਇਹ ਨਵੇਂ ਨਿਯਮ ਦੁਨੀਆ ਭਰ ਦੇ ਯਾਤਰੀਆਂ ਲਈ ਲਾਗੂ ਹੋਣਗੇ ਜੋ ਅਮਰੀਕਾ ਆਉਣਾ ਚਾਹੁੰਦੇ ਹਨ |