ਡੇਰਾ ਮੁਖੀ ਨੂੰ ਸਜ਼ਾ ਦਾ ਐਲਾਨ 18 ਨੂੰ, ਅਦਾਲਤ ਨੇ ਫ਼ੈਸਲਾ ਰਾਖਵਾਂ ਰੱਖਿਆ

ਡੇਰਾ ਮੁਖੀ ਨੂੰ ਸਜ਼ਾ ਦਾ ਐਲਾਨ 18 ਨੂੰ, ਅਦਾਲਤ ਨੇ ਫ਼ੈਸਲਾ ਰਾਖਵਾਂ ਰੱਖਿਆ

ਡੇਰਾ ਮੁਖੀ ਨੂੰ ਸਜ਼ਾ ਦਾ ਐਲਾਨ 18 ਨੂੰ, ਅਦਾਲਤ ਨੇ ਫ਼ੈਸਲਾ ਰਾਖਵਾਂ ਰੱਖਿਆ
ਪੰਚਕੂਲਾ-ਡੇਰਾ ਸੱਚਾ ਸੌਦਾ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਦੇ ਕਤਲ ਦੇ ਦੋਸ਼ੀ ਡੇਰਾ ਮੁਖੀ ਨੂੰ ਸਜ਼ਾ ਦਾ ਫ਼ੈਸਲਾ ਰਾਖਵਾਂ ਰੱਖ ਲਿਆ ਗਿਆ ਹੈ ਤੇ ਹੁਣ ਪੰਚਕੂਲਾ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਫੈਸਲਾ 18 ਅਕਤੂਬਰ ਨੂੰ ਸੁਣਾਏਗੀ। ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਣੇ ਉਸ ਦੇ ਚਾਰ ਸਾਥੀਆਂ ਅਵਤਾਰ, ਜਸਬੀਰ, ਸਬਦਿਲ ਅਤੇ ਕ੍ਰਿਸ਼ਨ ਕੁਮਾਰ ਨੂੰ ਅੱਜ ਸਜ਼ਾ ਸੁਣਾਈ ਜਾਣੀ ਸੀ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਅਤੇ ਕ੍ਰਿਸ਼ਨ ਕੁਮਾਰ ਨੂੰ ਆਈਪੀਸੀ ਦੀ ਧਾਰਾ 302 ਅਤੇ 120-ਬੀ ਦੇ ਤਹਿਤ ਦੋਸ਼ੀ ਕਰਾਰ ਦਿੱਤਾ ਸੀ। ਇਸੇ ਤਰ੍ਹਾਂ ਹੀ ਅਵਤਾਰ, ਜਸਬੀਰ ਅਤੇ ਸਬਦਿਲ ਨੂੰ ਆਈਪੀਸੀ ਦੀ ਧਾਰਾ 302 ਦੇ ਤਹਿਤ ਅਤੇ 120-ਬੀ ਅਤੇ ਆਰਮ ਐਕਟ ਤਹਿਤ ਦੋਸ਼ੀ ਠਹਿਰਾਇਆ ਗਿਆ ਸੀ। ਇਸ ਤੋਂ ਪਹਿਲਾ ਡੇਰਾ ਸੱਚਾ ਸੌਦਾ ਮੁੱਖੀ ਗੁਰਮੀਤ ਰਾਮ ਰਹੀਮ ਵੀਡੀਓ ਕਾਨਫਰੰਸਿੰਗ ਰਾਹੀਂ ਸੁਨਾਰੀਆ ਜੇਲ੍ਹ ਤੋਂ ਕੋਰਟ ਰੂਮ ਨਾਲ ਜੁੜਿਆ ਹੋਇਆ ਸੀ, ਉਸ ਦੇ ਸਿਰ 'ਤੇ ਚਿੱਟੀ ਟੋਪੀ ਪਾਈ ਹੋਈ ਹੈ। ਉਹ ਪਹਿਲਾਂ ਨਾਲੋਂ ਕਮਜ਼ੋਰ ਲੱਗ ਰਿਹਾ ਸੀ ਤੇ ਉਸ ਦੇ ਚਿਹਰੇ 'ਤੇ ਝੁਰੜੀਆਂ ਸਾਫ ਨਜ਼ਰ ਆ ਰਹੀਆਂ ਸਨ। ਬਚਾਅ ਪੱਖ ਨੇ ਅਦਾਲਤ ਵਿੱਚ ਡੇਰਾ ਮੁਖੀ ਵੱਲੋਂ ਅੱਠ ਪੇਜਾਂ ਦੀ ਰਹਿਮ ਅਪੀਲ ਦਾਇਰ ਕੀਤੀ ਸੀ, ਜਿਸ ਵਿੱਚ ਜ਼ਿਕਰ ਕੀਤਾ ਗਿਆ ਹੈ ਡੇਰਾ ਮੁੱਖੀ ਵੱਲੋਂ ਵੱਡੀ ਗਿਣਤੀ ਵਿੱਚ ਸਮਾਜ ਸੇਵਾ ਦੇ ਕੰਮ ਕੀਤੇ ਗਏ ਹਨ ਅਤੇ ਉਸ ਨੂੰ ਸਜ਼ਾ ਦੇਣ ਤੋਂ ਪਹਿਲਾਂ ਕੰਮਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ। ਜ਼ਿਲ੍ਹਾ ਪੁਲੀਸ ਨੇ ਸੁਰੱਖਿਆ ਦੇ ਮੱਦੇਨਜ਼ਰ 700 ਜਵਾਨ ਡਿਊਟੀ ’ਤੇ ਲਗਾਏ ਸਨ ਅਤੇ ਅਦਾਲਤ ਦੇ ਨਾਲ ਮਿੰਨੀ ਸਕੱਤਰੇਤ ਨੂੰ ਜਾਂਦੇ ਸਾਰੇ ਰਸਤਿਆਂ ਉਪਰ ਪੁਲੀਸ ਨਾਕੇ ਲਗਾਏ ਹੋਏ ਸਨ। ਇੱਕ ਦਿਨ ਪਹਿਲਾਂ ਹੀ ਡੀਸੀਪੀ ਨੇ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਦਿੱਤੀ ਸੀ ਅਤੇ ਪੁਲੀਸ ਨੇ ਪੁਲੀਸ ਟ੍ਰੇਨਿੰਗ ਸੈਂਟਰ ਕਰਨਾਲ ਤੋਂ ਹਰਿਆਣਾ ਆਰਮੰਡ ਪੁਲੀਸ ਦੀ ਟੁਕੜੀ ਬੁਲਾਈ ਹੋਈ ਸੀ। ਇਸ ਤੋਂ ਇਲਾਵਾ ਭਾਰਤ ਤਿੱਬਤ ਸੀਮਾ ਪੁਲੀਸ (ਆਈਟੀਬੀਪੀ) ਦੀ ਟੀਮ ਵੀ ਪੰਚਕੂਲਾ ਵਿੱਚ ਬੁਲਾਈ ਹੋਈ ਸੀ ਜਿਹੜੀ ਮਿੰਨੀ ਸਕੱਤਰੇਤ ਅਤੇ ਕੋਰਟ ਦੇ ਆਸ ਪਾਸ ਨਿਗਰਾਨੀ ਕਰ ਰਹੀ ਸੀ।

Radio Mirchi