ਸਿੱਖਾਂ ਦਾ ਧਰਮ ਪਰਿਵਰਤਨ ਰੋਕਣ ਲਈ ਜਾਗੀ ਸ਼ੋ੍ਰਮਣੀ ਕਮੇਟੀ
ਸਿੱਖਾਂ ਦਾ ਧਰਮ ਪਰਿਵਰਤਨ ਰੋਕਣ ਲਈ ਜਾਗੀ ਸ਼ੋ੍ਰਮਣੀ ਕਮੇਟੀ
ਸ੍ਰੀ ਅਨੰਦਪੁਰ ਸਾਹਿਬ-ਲਗਾਤਾਰ ਹੋ ਰਹੇ ਧਰਮ ਪਰਿਵਰਤਨ ਨੂੰ ਰੋਕਣ ਲਈ ਹੁਣ ਸ਼ੋ੍ਰਮਣੀ ਕਮੇਟੀ ਨੇ ਘਰ-ਘਰ ਜਾ ਕੇ ਸਿੱਖਾਂ ਨੂੰ ਹਲੂਣਾ ਦੇਣ ਦਾ ਫ਼ੈਸਲਾ ਕੀਤਾ ਹੈ | ਸਿੱਖਾਂ ਨੂੰ ਆਪਣੇ ਧਰਮ ਤੇ ਵਿਰਸੇ ਵਿਚ ਪਰਪੱਕ ਕਰਨ ਲਈ ਸ਼ੋ੍ਰਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ 150 ਪ੍ਰਚਾਰ ਟੀਮਾਂ ਬਣਾ ਕੇ ਪੰਜਾਬ ਦੇ ਪੌਣੇ ਤੇਰਾਂ ਹਜ਼ਾਰ ਪਿੰਡਾਂ ਵਿਚ ਘਰ-ਘਰ ਤੱਕ ਪਹੁੰਚ ਕਰਨ ਲਈ ਤੋਰਿਆ ਹੈ | ਘਰ-ਘਰ ਅੰਦਰ ਧਰਮਸਾਲ' ਲਹਿਰ ਤਹਿਤ ਧਰਮ ਪ੍ਰਚਾਰ ਦੇ ਮਾਝਾ, ਮਾਲਵਾ ਤੇ ਦੁਆਬਾ ਜ਼ੋਨ ਵਿਚ ਵੰਡ ਕੇ ਬਣਾਈਆਂ ਕੁੱਲ 150 ਟੀਮਾਂ ਦੀ ਅਗਵਾਈ ਹੈੱਡ ਪ੍ਰਚਾਰਕ ਸਰਬਜੀਤ ਸਿੰਘ ਢੋਟੀਆਂ, ਜਗਦੇਵ ਸਿੰਘ ਅਤੇ ਜਸਵਿੰਦਰ ਸਿੰਘ ਸਹੂਰ ਕਰ ਰਹੇ ਹਨ | ਹਰੇਕ ਟੀਮ 120 ਪਿੰਡਾਂ ਤੱਕ ਪਹੁੰਚ ਕਰੇਗੀ | ਹਰੇਕ ਟੀਮ ਵਿਚ ਸੱਤ ਮੈਂਬਰ ਸ਼ਾਮਲ ਹਨ, ਜਿਨ੍ਹਾਂ ਵਿਚ ਪ੍ਰਚਾਰਕ, ਢਾਡੀ ਤੇ ਕਵੀਸ਼ਰ ਸ਼ਾਮਲ ਹਨ | ਇਕ ਟੀਮ ਇਕ ਪਿੰਡ ਵਿਚ ਇਕ ਹਫ਼ਤਾ ਪ੍ਰਚਾਰ ਕਰਦੀ ਹੈ, ਜਿਸ ਦੇ ਤਹਿਤ ਹਰੇਕ ਸਿੱਖ ਦੇ ਘਰ ਜਾ ਕੇ ਸਿੱਖਾਂ ਦੇ ਕੁਰਬਾਨੀਆਂ ਤੇ ਸਿੱਦਕਦਿਲੀ ਭਰੇ ਇਤਿਹਾਸ ਸਬੰਧੀ ਸਾਹਿੱਤ ਵੰਡਿਆ ਜਾਂਦਾ ਹੈ | ਸ਼ੋ੍ਰਮਣੀ ਕਮੇਟੀ ਦੇ ਦੁਆਬਾ ਜ਼ੋਨ ਧਰਮ ਪ੍ਰਚਾਰ ਲਹਿਰ ਦੇ ਮੁੱਖ ਪ੍ਰਚਾਰ ਸਰਬਜੀਤ ਸਿੰਘ ਢੋਟੀਆਂ ਨੇ ਦੱਸਿਆ ਕਿ ਇਸ ਲਹਿਰ ਵਿਚ ਉਨ੍ਹਾਂ ਸਿੱਖ ਪਰਿਵਾਰਾਂ ਨਾਲ ਵੀ ਸੰਪਰਕ ਕਰਕੇ ਉਨ੍ਹਾਂ ਨੂੰ ਸਿੱਖੀ ਦੇ ਮਾਣਮੱਤੇ ਵਿਰਸੇ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ, ਜਿਹੜੇ ਪਰਿਵਾਰ ਧਰਮ ਪਰਿਵਰਤਨ ਦੀ ਮੁਹਿੰਮ ਕਾਰਨ ਸਿੱਖੀ ਤੋਂ ਦੂਰ ਜਾ ਰਹੇ ਹਨ | ਸ਼ੋ੍ਰਮਣੀ ਕਮੇਟੀ ਦੇ ਧਰਮ ਪ੍ਰਚਾਰ ਸਕੱਤਰ ਸਿਮਰਜੀਤ ਸਿੰਘ ਦਾ ਕਹਿਣਾ ਹੈ ਕਿ ਹੁਣ ਤੱਕ 2000 ਪ੍ਰਾਣੀ ਇਸ ਲਹਿਰ ਦੌਰਾਨ ਅੰਮਿ੍ਤ ਪਾਨ ਕਰ ਚੁੱਕੇ ਹਨ |