ਭਾਰਤ ਵੱਲੋਂ ਕੌਮਾਂਤਰੀ ਭਾਈਚਾਰੇ ਨੂੰ ਦਹਿਸ਼ਤਵਾਦ ਖ਼ਿਲਾਫ਼ ਗੰਭੀਰਤਾ ਨਾਲ ਇੱਕਜੁੱਟ ਹੋਣ ਦਾ ਸੱਦਾ
ਭਾਰਤ ਵੱਲੋਂ ਕੌਮਾਂਤਰੀ ਭਾਈਚਾਰੇ ਨੂੰ ਦਹਿਸ਼ਤਵਾਦ ਖ਼ਿਲਾਫ਼ ਗੰਭੀਰਤਾ ਨਾਲ ਇੱਕਜੁੱਟ ਹੋਣ ਦਾ ਸੱਦਾ
ਨੂਰ ਸੁਲਤਾਨ (ਕਜ਼ਾਖਸਤਾਨ)-ਭਾਰਤ ਨੇ ਕਿਹਾ ਕਿ ਕੌਮਾਂਤਰੀ ਭਾਈਚਾਰੇ ਨੂੰ ਦਹਿਸ਼ਤਵਾਦ ਖ਼ਿਲਾਫ਼ ਵੀ ਉਸੇ ਤਰ੍ਹਾਂ ਗੰਭੀਰਤਾ ਨਾਲ ਇੱਕਜੁੱਟ ਹੋਣਾ ਚਾਹੀਦਾ ਹੈ ਜਿਵੇਂ ਇਹ ਜਲਵਾਯੂ ਤਬਦੀਲੀ ਅਤੇ ਮਹਾਮਾਰੀਆਂ ਦੇ ਮੁੱਦਿਆਂ ’ਤੇ ਹੁੰਦਾ ਹੈ ਕਿਉਂਕਿ ਸਰਹੱਦ ਪਾਰ ਦਹਿਸ਼ਤਵਾਦ ਕੋਈ ਸ਼ਾਸਨ ਢੰਗ ਨਹੀਂ ਬਲਕਿ ਦਹਿਸ਼ਤਾਵਾਦ ਦਾ ਹੀ ਇੱਕ ਹੋਰ ਰੂਪ ਹੈ। ਇੱਥੇ ‘ਏਸ਼ੀਆ ਵਿੱਚ ਗੱਲਬਾਤ ਤੇ ਵਿਸ਼ਵਾਸ ਬਹਾਲੀ ਲਈ ਉਪਾਵਾਂ ਬਾਰੇ ਕਾਨਫਰੰਸ (ਸੀਆਈਸੀਏ) ਦੀ ਛੇਵੀਂ ਮੀਟਿੰਗ ਮੌਕੇ ਸੰਬੋਧਨ ਕਰਦਿਆਂ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਆਪਸੀ ਸਬੰਧਾਂ ਨੂੰ ਕੌਮਾਂਤਰੀ ਸਬੰਧਾਂ ਦੇ ਸਭ ਤੋਂ ਬੁਨਿਆਦੀ ਸਿਧਾਂਤ- ‘ਪ੍ਰਭੂਸੱਤਾ ਅਤੇ ਖੇਤਰੀ ਏਕਤਾ ਦਾ ਸਨਮਾਨ’ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਬਿਨਾਂ ਕਿਸੇ ਮੁਲਕ ਦਾ ਨਾਂ ਲਿਆਂ ਕਿਹਾ,‘ ਜੇਕਰ ਸ਼ਾਂਤੀ ਤੇ ਵਿਕਾਸ ਸਾਡਾ ਸਾਂਝਾ ਟੀਚਾ ਹੈ ਤਾਂ ਸਾਨੂੰ ਦਹਿਸ਼ਤਵਾਦ ਰੂਪੀ ਸਭ ਤੋਂ ਵੱਡੇ ਦੁਸ਼ਮਣ ’ਤੇ ਕਾਬੂ ਪਾਉਣਾ ਪਵੇਗਾ। ਅੱਜ ਅਤੇ ਇਸ ਯੁੱਗ ਵਿੱਚ ਅਸੀਂ ਇੱਕ ਮੁਲਕ ਵੱਲੋਂ ਦੂਜੇ ਦੇਸ਼ ਖ਼ਿਲਾਫ਼ ਇਸਦੀ ਵਰਤੋਂ ਕੀਤੇ ਜਾਣ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਕੌਮਾਂਤਰੀ ਭਾਈਚਾਰੇ ਨੂੰ ਦਹਿਸ਼ਤਵਾਦ ਖ਼ਿਲਾਫ਼ ਵੀ ਉਸੇ ਤਰ੍ਹਾਂ ਗੰਭੀਰਤਾ ਨਾਲ ਇੱਕਜੁੱਟ ਹੋਣਾ ਚਾਹੀਦਾ ਹੈ ਜਿਵੇਂ ਇਹ ਜਲਵਾਯੂ ਤਬਦੀਲੀ ਅਤੇ ਮਹਾਮਾਰੀਆਂ ਦੇ ਮੁੱਦਿਆਂ ’ਤੇ ਹੁੰਦਾ ਹੈ। ਸ੍ਰੀ ਜੈਸ਼ੰਕਰ ਨੇ ਕਿਹਾ ਕਿ ਤਰੱਕੀ ਅਤੇ ਖੁਸ਼ਹਾਲੀ ਲਈ ਆਰਥਿਕ ਤੇ ਸਮਾਜਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਏਸ਼ੀਆ ਵਿੱਚ ਆਪਸੀ ਸੰਚਾਰ ਦੀ ਘਾਟ ਹੈ ਜੋ ਇਸ ਟੀਚੇ ਲਈ ਲੋੜੀਂਦੀ ਹੈ।
ਜੈਸ਼ੰਕਰ ਵੱਲੋਂ ਲਾਵਰੋਵ ਨਾਲ ਗੱਲਬਾਤ
ਨੂਰ ਸੁਲਤਾਨ (ਕਜ਼ਾਕਿਸਤਾਨ):ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਆਪਣੇ ਰੂਸੀ ਹਮਰੁਤਬਾ ਸਰਗਈ ਲਾਵਰੋਵ ਨਾਲ ਮੁਲਾਕਾਤ ਕੀਤੀ। ਇਸ ਮੌਕੇ ਦੋਵਾਂ ਨੇ ਦੁਵੱਲੇ ਸਹਿਯੋਗ ਬਾਰੇ ਚਰਚਾ ਕੀਤੀ ਅਤੇ ਅਫ਼ਗਾਨਿਸਤਾਨ ਅਤੇ ਹਿੰਦ-ਪ੍ਰਸ਼ਾਂਤ ਖਿੱਤੇ ’ਚ ਸ਼ਾਂਤੀ ਬਾਰੇ ਵਿਚਾਰ ਸਾਂਝੇ ਕੀਤੇ। ਸ੍ਰੀ ਜੈਸ਼ੰਕਰ ਇੱਥੇ ਕੇਂਦਰੀ ਏਸ਼ੀਆ ਦੇ ਆਪਣੇ ਤਿੰਨ ਮੁਲਕਾਂ ਦੇ ਦੌਰੇ ਦੇ ਦੂਜੇ ਪੜਾਅ ਵਜੋਂ ਪੁੱਜੇ ਸਨ। ਉਨ੍ਹਾਂ ‘ਏਸ਼ੀਆ ਵਿੱਚ ਗੱਲਬਾਤ ਅਤੇ ਵਿਸ਼ਵਾਸ ਬਹਾਲੀ ਦੇ ਉਪਾਵਾਂ’ ਬਾਰੇ ਕਾਨਫਰੰਸ ਤੋਂ ਵੱਖਰੇ ਤੌਰ ’ਤੇ ਸ੍ਰੀ ਲਾਵਰੋਵ ਨਾਲ ਗੱਲਬਾਤ ਕੀਤੀ। ਮੁਲਾਕਾਤ ਮਗਰੋਂ ਸ੍ਰੀ ਜੈਸ਼ੰਕਰ ਨੇ ਟਵੀਟ ਕੀਤਾ,‘ਨੂਰ ਸੁਲਤਾਨ ਵਿੱਚ ਸੀਆਈਸੀਏ ਦੀ ਮੀਟਿੰਗ ਤੋਂ ਵੱਖਰੇ ਤੌਰ ’ਤੇ ਰੂਸੀ ਵਿਦੇਸ਼ ਮੰਤਰੀ ਸਰਗਈ ਲਾਵਰੋਵ ਨਾਲ ਮੁਲਾਕਾਤ ਕਰ ਕੇ ਚੰਗਾ ਲੱਗਾ।