ਲਖੀਮਪੁਰ ਖੀਰੀ 'ਚ ਮਨਾਇਆ 'ਸ਼ਹੀਦ ਕਿਸਾਨ ਦਿਵਸ'
ਲਖੀਮਪੁਰ ਖੀਰੀ 'ਚ ਮਨਾਇਆ 'ਸ਼ਹੀਦ ਕਿਸਾਨ ਦਿਵਸ'
• ਮਾਰੇ ਗਏ 4 ਕਿਸਾਨਾਂ ਨਮਿਤ ਅੰਤਿਮ ਅਰਦਾਸ 'ਚ ਵੱਖ-ਵੱਖ ਸੂਬਿਆਂ ਤੋਂ ਵੱਡੀ ਗਿਣਤੀ 'ਚ ਪੁੱਜੇ ਕਿਸਾਨ • ਪਿ੍ਅੰਕਾ ਗਾਂਧੀ, ਦੀਪੇਂਦਰ ਹੁੱਡਾ, ਰਾਮੂਵਾਲੀਆ ਸਮੇਤ ਕਈ ਸਿਆਸੀ ਆਗੂ ਵੀ ਹੋਏ ਸ਼ਾਮਿਲ
ਲਖੀਮਪੁਰ ਖੀਰੀ (ਯੂ.ਪੀ.)-ਲਖੀਮਪੁਰ ਖੀਰੀ 'ਚ ਕਥਿਤ ਤੌਰ 'ਤੇ ਗੱਡੀ ਹੇਠਾਂ ਦੇ ਕੇ ਮਾਰੇ ਗਏ 4 ਕਿਸਾਨਾਂ ਤੇ ਇਕ ਪੱਤਰਕਾਰ ਨਮਿਤ ਹੋਏ ਅੰਤਿਮ ਅਰਦਾਸ ਸਮਾਗਮ 'ਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ, ਸਿਆਸੀ ਆਗੂਆਂ ਤੇ ਵੱਡੀ ਗਿਣਤੀ 'ਚ ਪੁੱਜੇ ਕਿਸਾਨਾਂ ਨੇ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਜਾਨ ਗਵਾਉਣ ਵਾਲੇ ਕਿਸਾਨਾਂ ਦਲਜੀਤ ਸਿੰਘ, ਗੁਰਵਿੰਦਰ ਸਿੰਘ, ਨਛੱਤਰ ਸਿੰਘ ਤੇ ਲਵਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰ ਤੇ ਪੱਤਰਕਾਰ ਰਮਨ ਕਸ਼ਯਪ ਦੇ ਭਰਾ ਤੇ ਬੇਟੀ ਜਹਾਨ ਨੂੰ ਅਲਵਿਦਾ ਕਹਿ ਚੁੱਕੇ ਆਪਣਿਆਂ ਦੀਆਂ ਤਸਵੀਰਾਂ ਫੜੀ ਮੰਚ 'ਤੇ ਬੈਠੇ ਸਨ | ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਰਾਜਥਾਨ ਤੇ ਹੋਰ ਸੂਬਿਆਂ ਤੋਂ ਆਏ ਕਿਸਾਨਾਂ ਨੇ ਅੰਤਿਮ ਅਰਦਾਸ 'ਚ ਸ਼ਿਰਕਤ ਕੀਤੀ | ਪਹਿਲਾਂ ਤਿਕੁਨੀਆ ਪਿੰਡ ਦੇ ਕੌਡੀਯਾਲਾ ਘਾਟ ਗੁਰਦੁਆਰਾ ਸਾਹਿਬ 'ਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਉਪਰੰਤ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਜਿਸ 'ਚ ਸੰਯੁਕਤ ਕਿਸਾਨ ਮੋਰਚਾ ਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਰਾਕੇਸ਼ ਟਿਕੈਤ, ਦਰਸ਼ਨ ਪਾਲ, ਜੋਗਿੰਦਰ ਸਿੰਘ ਉਗਰਾਹਾਂ, ਧਰਮੇਂਦਰ ਮਲਿਕ ਤੋਂ ਇਲਾਵਾ ਸਥਾਨਕ ਕਿਸਾਨ ਜਥੇਬੰਦੀਆਂ ਦੇ ਆਗੂ ਪੁੱਜੇ ਅਤੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਕਾਂਗਰਸ ਦੀ ਜਨਰਲ ਸਕੱਤਰ ਪਿ੍ਅੰਕਾ ਗਾਂਧੀ ਵਾਡਰਾ, ਰਾਸ਼ਟਰੀ ਲੋਕ ਦਲ ਦੇ ਪ੍ਰਧਾਨ ਜੈਯੰਤ ਚੌਧਰੀ, ਸਮਾਜਵਾਦੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਾਮਪਾਲ ਸਿੰਘ ਯਾਦਵ ਸਮੇਤ ਕਈ ਸਿਆਸੀ ਆਗੂ ਵੀ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਪੁੱਜੇ | ਹਾਲਾਂਕਿ ਪਹਿਲਾਂ ਤੋਂ ਕੀਤੇ ਐਲਾਨ ਮੁਤਾਬਿਕ ਕਿਸੇ ਵੀ ਸਿਆਸੀ ਆਗੂ ਨੂੰ ਮੰਚ 'ਤੇ ਜਾਣ ਨਹੀਂ ਦਿੱਤਾ ਗਿਆ | ਦੁਪਹਿਰ 1 ਵਜੇ ਪੁੱਜੀ ਪਿ੍ਅੰਕਾ ਗਾਂਧੀ ਨੇ ਗੁਰੂ ਗ੍ਰੰਥ ਸਾਹਿਬ ਸਾਹਮਣੇ ਮੱਥਾ ਟੇਕਿਆ ਅਤੇ ਫਿਰ ਮੰਚ 'ਤੇ ਜਾਨਾਂ ਗਵਾਉਣ ਵਾਲੇ ਕਿਸਾਨਾਂ ਦੀਆਂ ਲਗਾਈਆਂ ਗਈਆਂ ਤਸਵੀਰਾਂ 'ਤੇ ਫੁੱਲ ਅਰਪਿਤ ਕਰਕੇ ਸ਼ਰਧਾਂਜਲੀ ਭੇਟ ਕੀਤੀ | ਹਾਲਾਂਕਿ ਇਸ ਮੌਕੇ ਸੂਬਾ ਘੱਟ ਗਿਣਤੀ ਕਮਿਸ਼ਨ ਦੇ ਇਕ ਮੈਂਬਰ ਵਲੋਂ ਕੁਝ ਹੋਰਡਿੰਗ ਅਸਿੱਧੇ ਤੌਰ 'ਤੇ ਪਿ੍ਅੰਕਾ ਨੂੰ ਨਿਸ਼ਾਨਾ ਬਣਾਉਣ ਲਈ ਲਖੀਮਪੁਰ ਜਾਣ ਵਾਲੀ ਸੜਕ 'ਤੇ ਲਗਾਏ ਗਏ ਸਨ | ਜਿਨ੍ਹਾਂ 'ਤੇ 'ਨਹੀ ਚਾਹੀਏ ਫ਼ਰਜ਼ੀ ਸਹਾਨੁਭੂਤੀ' ਲਿਖਿਆ ਹੋਇਆ ਸੀ | ਪੋਸਟਰਾਂ 'ਚ ਪਿ੍ਅੰਕਾ 'ਤੇ ਖੂਨ ਨਾਲ ਲਥਪਥ ਅਤੀਤ ਹੋਣ ਦਾ ਦੋਸ਼ ਵੀ ਲਗਾਇਆ ਗਿਆ, ਜੋ 1984 'ਚ ਪਿ੍ਅੰਕਾ ਦੀ ਦਾਦੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਫੈਲੇ ਸਿੱਖ ਵਿਰੋਧੀ ਦੰਗਿਆਂ ਦਾ ਸਪਸ਼ਟ ਹਵਾਲਾ ਸੀ | ਇਸ ਤੋਂ ਪਹਿਲਾਂ ਆਰ.ਜੇ.ਡੀ. ਆਗੂ ਜੈਯੰਤ ਚੌਧਰੀ ਨੂੰ ਅਧਿਕਾਰੀਆਂ ਨੇ ਬਰੇਲੀ ਹਵਾਈ ਅੱਡੇ 'ਤੇ ਪੌਣਾ ਘੰਟਾ ਰੋਕੀ ਰੱਖਿਆ ਹਾਲਾਂਕਿ ਬਾਅਦ 'ਚ ਲਖੀਮਪੁਰ ਜਾਣ ਦੀ ਇਜਾਜ਼ਤ ਦੇ ਦਿੱਤੀ | ਸਮਾਗਮ ਵਾਲੇ ਸਥਾਨ 'ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ | ਲਖਨਊ ਦੇ ਕਮਿਸ਼ਨਰ, ਏ.ਡੇ.ਜੀ., ਆਈ.ਜੀ. ਤੇ ਹੋਰ ਸੀਨੀਅਰ ਅਧਿਕਾਰੀ ਪ੍ਰੋਗਰਾਮ ਦੀ ਨਿਗਰਾਨੀ ਰੱਖਣ ਲਈ ਤਿਕੁਨੀਆ 'ਚ ਹਾਜ਼ਰ ਰਹੇ | ਕਾਨੂੰਨ ਤੇ ਵਿਵਸਥਾ ਬਣਾਈ ਰੱਖਣ ਲਈ ਪੁਲਿਸ, ਪੀ.ਏ.ਸੀ. ਅਤੇ ਨੀਮ ਫ਼ੌਜੀ ਬਲ ਤਾਇਨਾਤ ਕੀਤੇ ਗਏ ਸਨ |
ਅੱਜ ਰਾਸ਼ਟਰਪਤੀ ਨੂੰ ਮਿਲੇਗਾ ਕਾਂਗਰਸ ਦਾ ਵਫ਼ਦ
ਨਵੀਂ ਦਿੱਲੀ-ਕਾਂਗਰਸੀ ਆਗੂਆਂ ਦਾ ਇਕ ਵਫ਼ਦ, ਜਿਸ 'ਚ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੀ ਸ਼ਾਮਿਲ ਹੋਣਗੇ ਬੁੱਧਵਾਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਮਿਲੇਗਾ ਅਤੇ ਉਨ੍ਹਾਂ ਨੂੰ ਲਖੀਮਪੁਰ ਖੀਰੀ ਹਿੰਸਾ ਸੰਬੰਧੀ ਤੱਥਾਂ ਦਾ ਇਕ ਮੰਗ ਪੱਤਰ ਸੌਂਪੇਗਾ | ਸੱਤ ਮੈਂਬਰੀ ਵਫ਼ਦ 'ਚ ਮਲਿਕਅਰਜੁਨ ਖੜਗੇ, ਏ.ਕੇ. ਐਂਟਨੀ, ਗੁਲਾਮ ਨਬੀ ਆਜ਼ਾਦ, ਅਧੀਰ ਰੰਜਨ ਚੌਧਰੀ, ਪਿ੍ਅੰਕਾ ਗਾਂਧੀ ਤੇ ਕੇ.ਸੀ. ਵੇਨੂਗੋਪਾਲ ਵੀ ਸ਼ਾਮਿਲ ਹੋਣਗੇ | ਸੂਤਰਾਂ ਮੁਤਾਬਿਕ ਸਵੇਰੇ 11.30 ਵਜੇ ਵਫ਼ਦ ਰਾਸ਼ਟਰਪਤੀ ਨੂੰ ਮਿਲੇਗਾ |