ਸ਼ੋਪੀਆਂ ਮੁਕਾਬਲੇ 'ਚ 5 ਅੱਤਵਾਦੀ ਹਲਾਕ
ਸ਼ੋਪੀਆਂ ਮੁਕਾਬਲੇ 'ਚ 5 ਅੱਤਵਾਦੀ ਹਲਾਕ
ਸ੍ਰੀਨਗਰ-ਦੱਖਣੀ ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਸ਼ੋਪੀਆਂ ਜ਼ਿਲ੍ਹੇ 'ਚ ਮੰਗਲਵਾਰ ਸਵੇਰ ਤੋਂ ਜਾਰੀ 2 ਵੱਖ-ਵੱਖ ਮੁਕਾਬਲਿਆਂ 'ਚ ਹੁਣ ਤੱਕ 5 ਅੱਤਵਾਦੀ ਮਾਰੇ ਗਏ ਹਨ | ਸੂਤਰਾਂ ਮੁਤਾਬਿਕ ਸੋਮਵਾਰ ਦੇਰ ਰਾਤ ਨੂੰ ਸੁਰੱਖਿਆ ਬਲਾਂ ਨੇ ਸ਼ੋਪੀਆਂ ਦੇ ਇਮਾਮ ਸਾਹਿਬ ਇਲਾਕੇ ਦੇ ਤੁਲਰਨ ਪਿੰਡ 'ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ 'ਤੇ ਤਲਾਸ਼ੀ ਮੁਹਿੰਮ ਚਲਾਈ ਗਈ ਸੀ, ਜਿਸ ਦੌਰਾਨ ਇਕ ਮਕਾਨ 'ਚ ਲੁਕੇ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਨੂੰ ਆਪਣੇ ਵੱਲ ਵਧਦੇ ਵੇਖ ਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ | ਸੁਰੱਖਿਆ ਬਲਾਂ ਨੇ ਸੰਜਮ ਤੋਂ ਕੰਮ ਲੈਂਦਿਆ ਉਨ੍ਹਾਂ ਨੂੰ ਆਤਮ-ਸਮਰਪਣ ਕਰਨ ਦੀ ਕਈ ਵਾਰ ਅਪੀਲ ਕੀਤੀ, ਪਰ ਅੱਤਵਾਦੀਆਂ ਨੇ ਗੋਲੀਬਾਰੀ ਜਾਰੀ ਰੱਖੀ ਅਤੇ ਸੁਰੱਖਿਆ ਬਲਾਂ ਦੀ ਮੰਗਲਵਾਰ ਤੜਕੇ 3 ਕੁ ਵਜੇ ਜਵਾਬੀ ਗੋਲੀਬਾਰੀ 'ਚ 3 ਅੱਤਵਾਦੀ ਮਾਰੇ ਗਏ | ਕਸ਼ਮੀਰ ਰੇਂਜ ਦੇ ਆਈ.ਜੀ.ਪੀ. ਵਿਜੇ ਕੁਮਾਰ ਨੇ ਮਾਰੇ ਅੱਤਵਾਦੀਆਂ ਦੀ ਪਛਾਣ ਦਾਨਿਸ਼ ਅਹਿਮਦ ਵਾਸੀ ਰਾਏ ਕਾਪਰਨ ਸ਼ੋਪੀਆਂ, ਯਾਵਰ ਅਹਿਮਦ ਵਾਸੀ ਫੈਲੀਪੋਰਾ ਸ਼ੋਪੀਆਂ ਤੇ ਮੁਖਤਿਆਰ ਅਹਿਮਦ ਸ਼ਾਹ ਵਾਸੀ ਗਾਂਦਰਬਲ ਵਜੋਂ ਦੱਸੀ ਹੈ, ਜੋ ਲਸ਼ਕਰ 'ਹੱਟ-ਸਕਾਡ' ਟੀ.ਆਰ.ਐਫ. ਨਾਲ ਸੰਬੰਧਿਤ ਸਨ | ਸੁਰੱਖਿਆ ਬਲਾਂ ਨੇ ਇਨ੍ਹਾਂ ਦੇ ਕਬਜ਼ੇ 'ਚੋਂ ਭਾਰੀ ਅਸਲ੍ਹਾ ਤੇ ਗੋਲਾ-ਬਾਰੂਦ ਬਰਾਮਦ ਕੀਤਾ ਹੈ | ਇਨ੍ਹਾਂ 'ਚੋਂ ਅੱਤਵਾਦੀ ਮੁਖਤਿਆਰ ਸ਼ਾਹ ਬੀਤੇ ਦਿਨੀਂ ਸ੍ਰੀਨਗਰ 'ਚ ਰੇਹੜੀ ਵਾਲੇ ਪ੍ਰਵਾਸੀ ਵਰਿੰਦਰ ਪਾਸਵਾਨ (ਬਿਹਾਰੀ) ਦੀ 'ਟਾਰਗਿਟ ਕਿਲਿੰਗ' ਮਾਮਲੇ 'ਚ ਸ਼ਾਮਿਲ ਸੀ | ਇਸ ਦੌਰਾਨ ਸ਼ੋਪੀਆਂ ਦੇ ਹੀ ਫੈਰੀਪੋਰਾ ਪਿੰਡ 'ਚ ਸੋਮਵਾਰ ਤੋਂ ਸ਼ੁਰੂ ਹੋਏ ਤਾਜ਼ਾ ਮੁਕਾਬਲੇ ਦੌਰਾਨ 2 ਅਣਪਛਾਤੇ ਅੱਤਵਾਦੀ ਮਾਰੇ ਗਏ ਹਨ | ਸੁਰੱਖਿਆ ਬਲਾਂ ਨੇ ਇਨ੍ਹਾਂ ਨੂੰ ਆਤਮ-ਸਮਰਪਣ ਕਰਨ ਦੀ ਵਾਰ-ਵਾਰ ਅਪੀਲ ਕੀਤੀ ਪਰ ਅੱਤਵਾਦੀਆਂ ਨੇ ਗੋਲੀਬਾਰੀ ਜਾਰੀ ਰੱਖੀ, ਦੇਰ ਸ਼ਾਮ ਤੱਕ ਸੁਰੱਖਿਆ ਬਲਾਂ ਨਾਲ ਜਾਰੀ ਮੁਕਾਬਲੇ 'ਚ 2 ਅਣਪਛਾਤੇ ਅੱਤਵਾਦੀ ਮਾਰੇ ਗਏ ਹਨ ਅਤੇ ਦੁਪਾਸੜ ਗੋਲੀਬਾਰੀ ਦਾ ਸਿਲਸਿਲਾ ਅਜੇ ਵੀ ਰੁਕ-ਰੁਕ ਕੇ ਜਾਰੀ ਹੈ | ਪੁਲਿਸ ਵਲੋਂ ਮਾਰੇ ਗਏ ਅੱਤਵਾਦੀਆਂ ਦੇ ਕਬਜ਼ੇ 'ਚੋਂ ਇਕ ਏ.ਕੇ ਰਾਈਫਲ ਤੇ ਪਿਸਤੌਲ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ |