ਲਖੀਮਪੁਰ: ਸੀਤਾਰਾਮਨ ਵੱਲੋਂ ਮਿਸ਼ਰਾ ਪਿਓ-ਪੁੱਤਰ ਦਾ ਬਚਾਅ

ਲਖੀਮਪੁਰ: ਸੀਤਾਰਾਮਨ ਵੱਲੋਂ ਮਿਸ਼ਰਾ ਪਿਓ-ਪੁੱਤਰ ਦਾ ਬਚਾਅ

ਲਖੀਮਪੁਰ: ਸੀਤਾਰਾਮਨ ਵੱਲੋਂ ਮਿਸ਼ਰਾ ਪਿਓ-ਪੁੱਤਰ ਦਾ ਬਚਾਅ
ਬੋਸਟਨ-ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਲਖੀਮਪੁਰ ਖੀਰੀ ਹਿੰਸਾ ਕਾਂਡ ਲਈ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਅਤੇ ਉਸ ਦੇ ਗ੍ਰਿਫ਼ਤਾਰ ਪੁੱਤਰ ਆਸ਼ੀਸ਼ ਮਿਸ਼ਰਾ ਦਾ ਪੱਖ ਪੂਰਦਿਆਂ ਕਿਹਾ ਹੈ ਕਿ ਵਿਰੋਧੀ ਧਿਰ ਨੂੰ ਦੇਸ਼ ਦੇ ਹੋਰ ਹਿੱਸਿਆਂ ’ਚ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ’ਤੇ ਵੀ ਵਿਰੋਧ ਜਤਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਯੂਪੀ ’ਚ ਭਾਜਪਾ ਦੀ ਸਰਕਾਰ ਹੋਣ ਕਰਕੇ ਹੀ ਸਿਰਫ਼ ਇਸ ਨੂੰ ਮੁੱਦਾ ਬਣਾਇਆ ਗਿਆ ਹੈ। ਉਂਜ ਉਨ੍ਹਾਂ ਲਖੀਮਪੁਰ ਖੀਰੀ ਹਿੰਸਾ ਦੀ ਘਟਨਾ ਨੂੰ ਨਿੰਦਣਯੋਗ ਕਰਾਰ ਦਿੱਤਾ ਹੈ। ਅਮਰੀਕਾ ਦੇ ਸਰਕਾਰੀ ਦੌਰੇ ’ਤੇ ਆਈ ਸੀਤਾਰਾਮਨ ਨੇ ਹਾਵਰਡ ਕੈਨੇਡੀ ਸਕੂਲ ’ਚ ਵਾਰਤਾ ਦੌਰਾਨ ਲਖੀਮਪੁਰ ਖੀਰੀ ’ਚ ਚਾਰ ਕਿਸਾਨਾਂ ਦੀ ਹੱਤਿਆ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੀ ਗ੍ਰਿਫ਼ਤਾਰੀ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਇਹ ਗੱਲਾਂ ਆਖੀਆਂ। ਸੀਤਾਰਾਮਨ ਨੂੰ ਇਹ ਸਵਾਲ ਕੀਤਾ ਗਿਆ ਸੀ ਕਿ ਪ੍ਰਧਾਨ ਮੰਤਰੀ ਤੇ ਸੀਨੀਅਰ ਮੰਤਰੀਆਂ ਨੇ ਲਖੀਮਪੁਰ ਹਿੰਸਾ ਕਾਂਡ ਬਾਰੇ ਇਕ ਸ਼ਬਦ ਤੱਕ ਨਹੀਂ ਬੋਲਿਆ ਅਤੇ ਜਦੋਂ ਅਜਿਹੀਆਂ ਗੱਲਾਂ ਬਾਰੇ ਸਵਾਲ ਪੁੱਛੇ ਜਾਂਦੇ ਹਨ ਤਾਂ ‘ਬਚਾਅ ਵਾਲਾ ਰੁਖ’ ਕਿਉਂ ਅਪਣਾਇਆ ਜਾਂਦਾ ਹੈ। ਕੇਂਦਰੀ ਵਿੱਤ ਮੰਤਰੀ ਨੇ ਕਿਹਾ,‘‘ਇਹ ਵਧੀਆ ਕੀਤਾ ਕਿ ਤੁਸੀਂ ਇਕ ਘਟਨਾ ਨੂੰ ਚੁਣਿਆ ਜੋ ਬਿਲਕੁਲ ਨਿੰਦਣਯੋਗ ਹੈ। ਅਸੀਂ ਸਾਰੇ ਇਸ ਦੀ ਨਿਖੇਧੀ ਕਰਦੇ ਹਾਂ। ਇਸ ਦੇ ਨਾਲ ਦੇਸ਼ ਦੇ ਹੋਰ ਹਿੱਸਿਆਂ ’ਚ ਵਾਪਰ ਰਹੀਆਂ ਘਟਨਾਵਾਂ ਤੋਂ ਵੀ ਮੈਂ ਫਿਕਰਮੰਦ ਹਾਂ। ਭਾਰਤ ’ਚ ਅਜਿਹੇ ਕਈ ਕਾਂਡ ਹੁੰਦੇ ਹਨ। ਮੈਂ ਕਥਿਤ ਬੁੱਧੀਜੀਵੀਆਂ ਨੂੰ ਵੀ ਆਖਣਾ ਚਾਹੁੰਦੀ ਹਾਂ ਕਿ ਜਦੋਂ ਵੀ ਦੇਸ਼ ਦੇ ਕਿਸੇ ਵੀ ਕੋਨੇ ’ਚ ਅਜਿਹੇ ਕਾਂਡ ਵਾਪਰਨ ਤਾਂ ਉਹ ਹਰ ਵਾਰ ਉਨ੍ਹਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ। ਇਹ ਮਸਲੇ ਸਿਰਫ਼ ਉਸ ਵੇਲੇ ਹੀ ਨਹੀਂ ਉਠਾਉਣੇ ਚਾਹੀਦੇ ਹਨ ਜਦੋਂ ਸਾਨੂੰ ਢੁੱਕਵਾਂ ਜਾਪੇ। ਯੂਪੀ ’ਚ ਭਾਜਪਾ ਦੀ ਸਰਕਾਰ ਹੋਣ ਕਰਕੇ ਸਾਨੂੰ ਘੇਰਿਆ ਜਾ ਰਿਹਾ ਹੈ ਪਰ ਮੁਕੰਮਲ ਜਾਂਚ ਪ੍ਰਕਿਰਿਆ ਮਗਰੋਂ ਇਸ ਦਾ ਨਿਬੇੜਾ ਹੋਵੇਗਾ।’’ ਵਿੱਤ ਮੰਤਰੀ ਨੇ ਕਿਹਾ ਕਿ ਉਹ ਭਾਰਤ ਅਤੇ ਗਰੀਬਾਂ ਨੂੰ ਨਿਆਂ ਦਿਵਾਉਣ ਬਾਰੇ ਗੱਲ ਕਰਨਗੇ। ਉਹ ਕਹਿਣਗੇ ਕਿ ਤੱਥਾਂ ਦੇ ਆਧਾਰ ’ਤੇ ਗੱਲ ਕੀਤੀ ਜਾਵੇ।
‘ਖੇਤੀ ਕਾਨੂੰਨਾਂ ’ਚ ਕੋਈ ਖਾਮੀ ਨਹੀਂ ਦੱਸ ਸਕੇ ਕਿਸਾਨ’
ਕਿਸਾਨ ਅੰਦੋਲਨ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਸੀਤਾਰਾਮਨ ਨੇ ਕਿਹਾ ਕਿ ਸਰਕਾਰ ਵੱਲੋਂ ਲਿਆਂਦੇ ਗਏ ਤਿੰਨੋਂ ਖੇਤੀ ਕਾਨੂੰਨ ਇਕ ਦਹਾਕੇ ਤੱਕ ਵੱਖ ਵੱਖ ਸੰਸਦੀ ਕਮੇਟੀਆਂ ਵੱਲੋਂ ਹਰੇਕ ਧਿਰ ਨਾਲ ਵਿਚਾਰੇ ਗਏ ਸਨ। ਉਨ੍ਹਾਂ ਕਿਹਾ ਕਿ ਅੰਦੋਲਨ ਸਿਰਫ਼ ਇਕ ਸੂਬੇ ਪੰਜਾਬ ਦੇ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ ਜਿਸ ’ਚ ਹਰਿਆਣਾ ਅਤੇ ਪੱਛਮੀ ਯੂਪੀ ਦੇ ਕੁਝ ਹਿੱਸਿਆਂ ਦੇ ਕਿਸਾਨ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਇੱਛੁਕ ਹੈ ਪਰ ਉਹ ਤਿੰਨੋਂ ਕਾਨੂੰਨਾਂ ’ਚੋਂ ਕਿਸੇ ਇਕ ਖਾਸ ਖਾਮੀ ਦਾ ਜ਼ਿਕਰ ਕਰਨ। ‘ਅੰਦੋਲਨਕਾਰੀ ਇਹ ਨਹੀਂ ਜਾਣਦੇ ਹਨ ਕਿ ਉਹ ਕਿਸ ਗੱਲ ਦਾ ਪ੍ਰਦਰਸ਼ਨ ਕਰ ਰਹੇ ਹਨ।’ ਉਨ੍ਹਾਂ ਕਿਹਾ ਕਿ ਐੱਮਐੱਸਪੀ ਸਮੇਂ ਤੋਂ ਪਹਿਲਾਂ ਐਲਾਨ ਦਿੱਤੀ ਜਾਂਦੀ ਹੈ ਅਤੇ ਪ੍ਰਧਾਨ ਮੰਤਰੀ ਦੇ ਸੱਤਾ ’ਚ ਆਉਣ ਤੋਂ ਬਾਅਦ ਪਿਛਲੇ ਸੱਤ ਸਾਲਾਂ ’ਚ ਸਭ ਤੋਂ ਵੱਧ ਐੱਮਐੱਸਪੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਇਥੋਂ ਤੱਕ ਕਿ ਹਰਿਆਣਾ ਦੇ ਕਿਸਾਨਾਂ ਨੂੰ ਉਨ੍ਹਾਂ ਦੇ ਖ਼ਾਤਿਆਂ ’ਚ ਪੂਰੀ ਰਕਮ ਪਾ ਦਿੱਤੀ ਜਾਂਦੀ ਹੈ ਅਤੇ ਇਸ ਦੀ ਕੋਈ ਵੀ ਜਾਂਚ ਕਰ ਸਕਦਾ ਹੈ।
ਸੀਤਾਰਾਮਨ ’ਤੇ ਗਲਤ ਬਿਰਤਾਂਤ ਪੇਸ਼ ਕਰਨ ਦਾ ਦੋਸ਼
ਨਵੀਂ ਦਿੱਲੀ-ਸੰਯੁਕਤ ਕਿਸਾਨ ਮੋਰਚੇ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ’ਤੇ ਗਲਤ ਬਿਰਤਾਂਤ ਪੇਸ਼ ਕਰਨ ਦਾ ਦੋਸ਼ ਲਾਉਂਦਿਆਂ ਉਸ ਵੱਲੋਂ ਅਮਰੀਕਾ ਦੀ ਹਾਵਰਡ ਯੂਨੀਵਰਸਿਟੀ ’ਚ ਲਖੀਮਪੁਰ ਖੀਰੀ ਨਾਲ ਜੁੜੇ ਪ੍ਰਸ਼ਨ ਦੇ ਜਵਾਬ ’ਚ ਦਿੱਤੇ ਬਿਆਨ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ ਹੈ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ, ‘‘ਕੇਂਦਰੀ ਵਿੱਤ ਮੰਤਰੀ ਪਹਿਲੀ ਕੇਂਦਰੀ ਕੈਬਨਿਟ ਮੰਤਰੀ ਹਨ, ਜਿਨ੍ਹਾਂ ਲਖੀਮਪੁਰ ਖੀਰੀ ਕਤਲੇਆਮ ਬਾਰੇ ਕੁਝ ਕਿਹਾ ਹੈ। ਹਾਵਰਡ ਯੂਨੀਵਰਸਿਟੀ ਵਿੱਚ ਸਵਾਲ ਪੁੱਛੇ ਜਾਣ ’ਤੇ ਉਨ੍ਹਾਂ ਲਖੀਮਪੁਰ ਕਾਂਡ ਨੂੰ ‘ਬਿਲਕੁਲ ਨਿੰਦਣਯੋਗ ਹਿੰਸਾ’ ਕਰਾਰ ਦਿੱਤਾ ਪਰ ਉਸ ਨੇ ਅਜੀਬ ਤਰੀਕੇ ਨਾਲ ਮੰਤਰੀ ਅਤੇ ਹੋਰ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ।’’ ਕਿਸਾਨ ਆਗੂ ਨੇ ਕਿਹਾ ਕਿ ਇਹ ਸਮਝ ਤੋਂ ਬਾਹਰ ਹੈ ਕਿ ਲਖੀਮਪੁਰ ਖੀਰੀ ਕਤਲੇਆਮ ਦੀ ਤੁਲਨਾ ਹੋਰ ਘਟਨਾਵਾਂ ਨਾਲ ਕਿਵੇਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬਿਆਨ ਨਾਲ ਨਿਆਂ ਦੀ ਉਮੀਦ ਮੱਧਮ ਹੋ ਗਈ ਹੈ। ਇਕ ਹੋਰ ਕਿਸਾਨ ਆਗੂ ਯੋਗੇਂਦਰ ਯਾਦਵ ਨੇ ਕਿਹਾ ਕਿ ਕੈਬਨਿਟ ਮੰਤਰੀ ਨਿਰਮਲਾ ਸੀਤਾਰਾਮਨ ਵੀ ਉਹੀ ਗਲਤ ਬਿਰਤਾਂਤ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੋ ਮੋਦੀ ਸਰਕਾਰ ਨੇ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਦੀ ਗੱਲ ਕਰਨ ’ਤੇ ਕਿਸਾਨਾਂ ਦੁਆਰਾ ਕੋਈ ਖਾਸ ਇਤਰਾਜ਼ ਤੇ ਸਪੱਸ਼ਟੀਕਰਨ ਨਾ ਉਠਾਉਣ ਬਾਰੇ ਲਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਸਪੱਸ਼ਟ ਤੇ ਸਮਝਣਯੋਗ ਤਰੀਕਿਆਂ ਨਾਲ ਖੇਤੀ ਕਾਨੂੰਨਾਂ ਬਾਰੇ ਆਪਣੇ ਬੁਨਿਆਦੀ ਇਤਰਾਜ਼ ਦੱਸੇ ਹਨ ਅਤੇ ਸੋਧਾਂ ਦੁਆਰਾ ਵੀ ਸਮਝਾਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਦੇ ਬੰਦ ਹੋਣ ਜਾਂ ਉਨ੍ਹਾਂ ਦੀ ਆਮਦਨੀ ਵਿੱਚ ਭਾਰੀ ਗਿਰਾਵਟ ਬਾਰੇ ਉਭਰ ਰਹੇ ਅਧਿਕਾਰਤ ਅੰਕੜਿਆਂ ਦੁਆਰਾ ਸਹੀ ਸਿੱਧ ਕੀਤਾ ਹੈ। ਉਨ੍ਹਾਂ ਸੀਤਾਰਾਮਨ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੋਰ ਮੰਤਰੀ ਸਾਥੀਆਂ ਵਾਂਗ ਹੀ ਝੂਠੇ ਬਿਰਤਾਂਤ ਨੂੰ ਫੈਲਾਉਣ ਦੀ ਬਜਾਏ ਆਪਣੇ ਤੱਥਾਂ ਬਾਰੇ ਅਪਡੇਟ ਰਹਿਣ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਜੰਗਲਾਤ ਸੁਰੱਖਿਆ ਐਕਟ 1980 ਵਿੱਚ ਪ੍ਰਸਤਾਵਿਤ ਸੋਧਾਂ ਨਾਲ ਜੰਗਲਾਤ ਅਧਿਕਾਰ ਐਕਟ 2006 ਨੂੰ ਕਮਜ਼ੋਰ ਕੀਤਾ ਜਾ ਸਕਦਾ ਹੈ। ਹਨਨ ਮੌਲਾ ਨੇ ਕਿਹਾ ਕਿ ‘ਜੰਗਲ’ ਦੀ ਮੁੜ ਪਰਿਭਾਸ਼ਾ ਤੋਂ ਸ਼ੁਰੂ ਹੋ ਕੇ ਜੰਗਲਾਤ ਸੁਰੱਖਿਆ ਐਕਟ ਵਿੱਚ ਪ੍ਰਸਤਾਵਿਤ ਸੋਧਾਂ ਕਾਰਪੋਰੇਟਾਂ ਨੂੰ ਕੁਦਰਤੀ ਸਰੋਤਾਂ ਨੂੰ ਸੌਂਪਣ ਦਾ ਰਾਹ ਤਿਆਰ ਕਰਨਗੀਆਂ ਤੇ ਜੰਗਲ ਨਿਰਭਰ ਅਤੇ ਜੰਗਲ ਰਹਿਤ ਭਾਈਚਾਰਿਆਂ ਲਈ ਮੁੱਢਲੀ ਰੋਜ਼ੀ-ਰੋਟੀ ਤੋਂ ਵੀ ਇਨਕਾਰ ਕਰ ਦੇਣਗੀਆਂ।
ਅਮਰਤਿਆ ਸੇਨ ’ਤੇ ਸਾਧਿਆ ਨਿਸ਼ਾਨਾ
ਬੋਸਟਨ: ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਇਹ ਚਿੰਤਾ ਦੀ ਗੱਲ ਹੈ ਕਿ ਵਿਦਵਾਨ ਹੁਣ ਤੱਥਾਂ ਦੇ ਆਧਾਰ ਉਤੇ ਟਿੱਪਣੀ ਕਰਨ ਦੀ ਬਜਾਏ, ਆਪਣੀ ਪਸੰਦ ਤੇ ਨਾਪਸੰਦ ਤੋਂ ‘ਪ੍ਰਭਾਵਿਤ’ ਹੋ ਸਕਦੇ ਹਨ ਤੇ ਉਸ ਦੇ ‘ਗੁਲਾਮ’ ਬਣ ਸਕਦੇ ਹਨ। ਸੀਤਾਰਾਮਨ ਨੇ ਇਸ ਟਿੱਪਣੀ ਰਾਹੀਂ ਭਾਜਪਾ ਸਰਕਾਰ ਬਾਰੇ ਨੋਬੇਲ ਪੁਰਸਕਾਰ ਜੇਤੂ ਅਰਥਸ਼ਾਸਤਰੀ ਅਮਰਤਿਆ ਸੇਨ ਦੇ ਵਿਚਾਰਾਂ ’ਤੇ ਉਨ੍ਹਾਂ ਦੀ ਤਿੱਖੀ ਆਲੋਚਨਾ ਕੀਤੀ ਹੈ। ਇਕ ਸਵਾਲ ਦੇ ਜਵਾਬ ਵਿਚ ਸੀਤਾਰਾਮਨ ਨੇ ਕਿਹਾ ਕਿ ਸਰਕਾਰ ਬਾਰੇ ਇਸ ਤਰ੍ਹਾਂ ਦੀ ਭਾਵਨਾ ਹੈ ਕਿ ਸਹਿਣਸ਼ੀਲਤਾ ਦੀ ਵਿਰਾਸਤ ਉਤੇ ਕਾਫ਼ੀ ਸਵਾਲ ਖੜ੍ਹੇ ਹੋ ਰਹੇ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਤੁਹਾਡੀ ਸਰਕਾਰ ਨੇ ਮੁਸਲਮਾਨ ਅਬਾਦੀ ਪ੍ਰਤੀ ਜੋ ਰਵੱਈਆ ਅਪਣਾਇਆ ਹੈ, ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀਆਂ ਸਾਡੀਆਂ ਕਦਰਾਂ-ਕੀਮਤਾਂ ਦੇ ਮੱਦੇਨਜ਼ਰ ਅਮਰੀਕਾ ਤੇ ਭਾਰਤ ਦੇ ਵਿਚ ਆਉਂਦਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਕੋਈ ਰਾਇ ਹੋਣਾ ਵੱਖ ਗੱਲ ਹੈ ਤੇ ਉਸ ਦਾ ਤੱਥਾਂ ਉਤੇ ਆਧਾਰਿਤ ਹੋਣਾ ਵੱਖ ਹੈ। ਜੇ ਰਾਇ ਪਹਿਲਾਂ ਹੀ ਬਣੀ ਹੋਵੇ ਤਾਂ ਇਸ ਦਾ ਜਵਾਬ ਦੇਣ ਦਾ ਕੋਈ ਤਰੀਕਾ ਨਹੀਂ ਹੈ।

Radio Mirchi