ਮੰਤਰੀਆਂ ’ਤੇ ਭੜਕੇ ਲੁਧਿਆਣਾ ਦੇ ਸਨਅਤਕਾਰ

ਮੰਤਰੀਆਂ ’ਤੇ ਭੜਕੇ ਲੁਧਿਆਣਾ ਦੇ ਸਨਅਤਕਾਰ

ਮੰਤਰੀਆਂ ’ਤੇ ਭੜਕੇ ਲੁਧਿਆਣਾ ਦੇ ਸਨਅਤਕਾਰ
ਲੁਧਿਆਣਾ-ਸਨਅਤੀ ਸ਼ਹਿਰ ’ਚ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਸਨਅਤਕਾਰਾਂ ਨੂੰ ਮਿਲਣ ਦੇ ਲਈ ਆਏ ਕਾਂਗਰਸੀ ਮੰਤਰੀਆਂ ਨੂੰ ਸਨਅਤਕਾਰਾਂ ਕੋਲੋਂ ਖਰੀਆਂ ਖਰੀਆਂ ਸੁਣਨੀਆਂ ਪਈਆਂ। ਵਿੱਤ ਮੰਤਰੀ ਨੂੰ ਸਾਫ਼ ਤੌਰ ’ਤੇ ਸਨਅਤਕਾਰਾਂ ਨੇ ਕਹਿ ਦਿੱਤਾ ਕਿ ਕਾਂਗਰਸ ਦੇ ਰਾਜ ਵਿੱਚ ਕਿਸੇ ਵੀ ਦਫ਼ਤਰ ਵਿੱਚ ਬਿਨਾਂ ਪੈਸੇ ਦੇ ਕੰਮ ਨਹੀਂ ਹੁੰਦਾ। ਜਦੋਂ ਸਨਅਤਕਾਰ ਮੂੰਹ ’ਤੇ ਮੰਤਰੀਆਂ ਨੂੰ ਖਰੀਆਂ ਸੁਣਾ ਰਹੇ ਸਨ, ਉਦੋਂ ਉਨ੍ਹਾਂ ਦੇ ਨਾਲ ਲੁਧਿਆਣਾ ਤੋਂ ਮੰਤਰੀ ਭਾਰਤ ਭੂਸ਼ਣ ਆਸ਼ੂ ਵੀ ਨਾਲ ਬੈਠੇ ਹੋਏ ਸਨ। ਮੀਟਿੰਗ ਦੌਰਾਨ ਜਦੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਨਅਤਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਅਗਰ ਕੋਈ ਸਮੱਸਿਆ ਹੈ ਤਾਂ ਦੱਸ ਦਿਓ, ਤਾਂ ਇਸ ਦੌਰਾਨ ਨਿਟਵੀਅਰ ਕਲੱਬ ਦੇ ਪ੍ਰਧਾਨ ਦਰਸ਼ਨ ਡਾਬਰ ਉਠੇ ਤੇ ਉਨ੍ਹਾਂ ਨੇ ਇੱਥੋਂ ਤੱਕ ਆਖ ਦਿੱਤਾ ਕਿ ਟੈਕਸ ਵਿਭਾਗ ਦੇ ਅਧਿਕਾਰੀ ਸਨਅਤਕਾਰਾਂ ਨੂੰ ਪ੍ਰੇਸ਼ਾਨ ਕਰਦੇ ਹਨ। ਈ-ਬਿੱਲ ਹੋਣ ਦੇ ਬਾਵਜੂਦ 2 ਤੋਂ 3 ਦਿਨ ਤੱਕ ਉਨ੍ਹਾਂ ਦੇ ਵਾਹਨ ਖੜ੍ਹੇ ਰਹਿੰਦੇ ਹਨ ਤੇ ਕੋਈ ਸੁਣਵਾਈ ਨਹੀਂ ਹੁੰਦੀ। ਇਸ ਭ੍ਰਿਸ਼ਟਾਚਾਰ ਨੂੰ ਰੋਕਣ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਸਨਅਤਕਾਰਾਂ ਨੂੰ ਰਾਹਤ ਮਿਲ ਸਕੇ।
ਮੀਟਿੰਗ ’ਚ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਲੁਧਿਆਣਾ ਦੀ ਇੰਡਸਟਰੀ ਨੂੰ ਆ ਰਹੀਆਂ ਮੁੱਖ 16 ਸਮੱਸਿਆਵਾਂ ਵਿੱਤ ਮੰਤਰੀ ਦੇ ਸਾਹਮਣੇ ਰੱਖੀਆਂ। ਇਸ ’ਚ ਸਭ ਤੋਂ ਪਹਿਲਾਂ ਸਰਕਾਰੀ ਵਿਭਾਗਾਂ ’ਚ ਵੱਡੇ ਪੱਧਰ ’ਤੇ ਫੈਲੇ ਭ੍ਰਿਸ਼ਟਾਚਾਰ, ਮਿਕਸ ਲੈਂਡ ’ਚ ਚੱਲ ਰਹੀ ਇੰਡਸਟਰੀ, ਵੈਟ ਐਂਡ ਜੀਐੱਸਟੀ ਰੀਫੰਡ ਜਿਸ ’ਚ ਵਪਾਰੀਆਂ ਦੇ ਕਰੋੜਾਂ ਰੁਪਏ ਫਸੇ ਹੋਏ ਹਨ, ਸਭ ਤੋਂ ਆਖਰ ’ਚ ਇੰਡਸਟਰੀ ਨੂੰ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਮੁਹੱਈਆ ਕਰਵਾਉਣ ਦੀ ਗੱਲ ਨੂੰ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਹਾਲੇ ਬਿਜਲੀ 9 ਰੁਪਏ ਯੂਨਿਟ ਮਿਲ ਰਹੀ ਹੈ।
ਇਸ ਤੋਂ ਇਲਾਵਾ ਸਰਕਾਰੀ ਵਿਭਾਗਾਂ ’ਚ ਫੈਲੇ ਭ੍ਰਿਸ਼ਟਾਚਾਰ, ਢਾਂਚੇ ਸਮੇਤ ਹੋਰ ਮੁਸ਼ਕਲਾਂ ਦੀ ਝੜੀ ਲਾ ਦਿੱਤੀ। ਵਿੱਤ ਮੰਤਰੀ ਤੇ ਵਪਾਰ ਮੰਤਰੀ ਨੇ ਜਲਦੀ ਹੀ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਭਰੋਸਾ ਦਿਵਾਇਆ।

Radio Mirchi