ਜਲੰਧਰ ’ਚ ਕਿਸਾਨਾਂ ਵੱਲੋਂ ਕੇਜਰੀਵਾਲ ਦਾ ਵਿਰੋਧ
ਜਲੰਧਰ ’ਚ ਕਿਸਾਨਾਂ ਵੱਲੋਂ ਕੇਜਰੀਵਾਲ ਦਾ ਵਿਰੋਧ
ਜਲੰਧਰ-ਪੰਜਾਬ ’ਚ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਵੱਲੋਂ ਰਾਜਸੀ ਸਰਗਰਮੀਆਂ ਜਾਰੀ ਰੱਖਣ ਦੇ ਵਿਰੋਧ ਵਿਚ ਕਿਸਾਨਾਂ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਵਿਰੋਧ ਕੀਤਾ। ਕਾਰੋਬਾਰੀਆਂ ਨਾਲ ਇਥੇ ਰਿਜ਼ੌਰਟ ’ਚ ਮੀਟਿੰਗ ਲਈ ਪੁੱਜਣ ’ਤੇ ਕੇਜਰੀਵਾਲ ਦਾ ਕਿਸਾਨਾਂ ਨੇ ਕਾਲੀ ਝੰਡੀਆਂ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ। ਸਥਿਤੀ ਉਦੋਂ ਤਣਾਅਪੂਰਨ ਬਣ ਗਈ ਜਦੋਂ ‘ਆਪ’ ਦੇ ਇਕ ਕਾਰਕੁਨ ਨੇ ਕਿਸਾਨਾਂ ਨੂੰ ਅਪਸ਼ਬਦ ਆਖੇ। ਗੁੱਸੇ ਵਿਚ ਆਏ ਨੌਜਵਾਨ ਕਿਸਾਨਾਂ ਨੇ ਅਰਵਿੰਦ ਕੇਜਰੀਵਾਲ ਦੇ ਸਵਾਗਤ ਲਈ ਲਾਏ ਹੋਰਡਿੰਗ ਬੋਰਡ ਪਾੜ ਸੁੱਟੇ ਅਤੇ ਨੈਸ਼ਨਲ ਹਾਈਵੇਅ ’ਤੇ ਜਾਮ ਲਾ ਦਿੱਤਾ। ਹਾਲਾਤ ਵਿਗੜਦੇ ਦੇਖ ਕੇ ਪੁਲੀਸ ਦੇ ਸੀਨੀਅਰ ਅਧਿਕਾਰੀ ਮੌਕੇ ’ਤੇ ਪਹੁੰਚੇ। ਕੇਜਰੀਵਾਲ ਅਤੇ ਕਾਰੋਬਾਰੀਆਂ ਵਿਚਕਾਰ ਮੀਟਿੰਗ ਜਲੰਧਰ-ਫਗਵਾੜਾ ਨੈਸ਼ਨਲ ਹਾਈਵੇਅ ’ਤੇ ਇਕ ਰਿਜ਼ੋਰਟ ਵਿਚ ਰੱਖੀ ਗਈ ਸੀ।
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਨੇ ਦੱਸਿਆ ਕਿ ‘ਆਪ’ ਦਾ ਇਕ ਆਗੂ ਕਿਸਾਨਾਂ ਨੂੰ ਬੁਰਾ-ਭਲਾ ਕਹਿ ਕੇ ਰਿਜ਼ੌਰਟ ਅੰਦਰ ਚਲਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ‘ਆਪ’ ਆਗੂ ਅਪਸ਼ਬਦ ਬੋਲੇ ਜਾਣ ਬਾਰੇ ਮੁਆਫ਼ੀ ਨਹੀਂ ਮੰਗਦਾ, ਉਦੋਂ ਤੱਕ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਜਾਰੀ ਰਹੇਗਾ। ਪੁਲੀਸ ਨੇ ਸਥਿਤੀ ਨੂੰ ਕਾਬੂ ਵਿਚ ਰੱਖਣ ਲਈ ‘ਆਪ’ ਦੇ ਉਸ ਕਾਰਕੁਨ ਕੋਲੋਂ ਮੁਆਫੀ ਮੰਗਵਾਈ ਅਤੇ ਉਸ ਨੂੰ ਰਿਜ਼ੌਰਟ ਵਿਚੋਂ ਕੱਢ ਕੇ ਆਪਣੇ ਨਾਲ ਲੈ ਗਈ। ਨੌਜਵਾਨ ਕਿਸਾਨ ਇਸ ਗੱਲ ਤੋਂ ਭੜਕੇ ਹੋਏ ਸਨ ਕਿ ਜਦੋਂ ਆਮ ਆਦਮੀ ਪਾਰਟੀ ਨੇ ਕਿਸਾਨ ਜਥੇਬੰਦੀਆਂ ਨਾਲ ਇਹ ਵਾਅਦਾ ਕੀਤਾ ਸੀ ਕਿ ਉਹ ਚੋਣਾਂ ਦੇ ਐਲਾਨ ਤੋਂ ਪਹਿਲਾਂ ਕੋਈ ਵੀ ਇਕੱਠ ਨਹੀਂ ਕਰਨਗੇ ਤਾਂ ਇਸ ਦੇ ਬਾਵਜੂਦ ‘ਆਪ’ ਦੀ ਸੂਬਾਈ ਲੀਡਰਸ਼ਿਪ ਅਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਚੋਣ ਸਰਗਰਮੀਆਂ ਵਿਚ ਰੁੱਝੇ ਹੋਏ ਹਨ। ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਹਰਸਲਿੰਦਰ ਸਿੰਘ ਨੇ ਕਿਹਾ ਕਿ ‘ਆਪ’ ਦੇ ਵਰਕਰਾਂ ਨੂੰ ਪਿੰਡਾਂ ਵਿਚ ਵੜਨ ਨਹੀਂ ਦਿੱਤਾ ਜਾਵੇਗਾ। ਉਂਜ ਕੇਜਰੀਵਾਲ ਨੇ ਪੰਜਾਬ ਦੇ ਆਪਣੇ ਦੋ ਦਿਨਾਂ ਦੌਰੇ ਦੌਰਾਨ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ। ‘ਆਪ’ ਨੇ ਪਹਿਲਾਂ ਹੀ ਮੀਡੀਆ ਨੂੰ ਸੁਨੇਹੇ ਭੇਜ ਦਿੱਤੇ ਸਨ ਕਿ ਅਰਵਿੰਦ ਕੇਜਰੀਵਾਲ ਪੱਤਰਕਾਰਾਂ ਨਾਲ ਕੋਈ ਵੀ ਗੱਲਬਾਤ ਨਹੀਂ ਕਰਨਗੇ।