ਰਣਜੀਤ ਹੱਤਿਆ ਮਾਮਲਾ: ਰਾਮ ਰਹੀਮ ਸਮੇਤ 5 ਨੂੰ ਤਾ-ਉਮਰ ਕੈਦ
ਰਣਜੀਤ ਹੱਤਿਆ ਮਾਮਲਾ: ਰਾਮ ਰਹੀਮ ਸਮੇਤ 5 ਨੂੰ ਤਾ-ਉਮਰ ਕੈਦ
* ਡੇਰਾ ਮੁਖੀ ਨੂੰ 31 ਲੱਖ ਤੇ ਹੋਰਾਂ ਦੋਸ਼ੀਆਂ ਨੂੰ 50-50 ਹਜ਼ਾਰ ਰੁਪਏ ਜੁਰਮਾਨਾ * 19 ਸਾਲ ਬਾਅਦ ਆਇਆ ਫ਼ੈਸਲਾ
ਚੰਡੀਗੜ੍ਹ-ਡੇਰਾ ਸਿਰਸਾ ਦੇ ਪ੍ਰਬੰਧਕ ਰਹੇ ਰਣਜੀਤ ਸਿੰਘ ਦੀ ਹੱਤਿਆ ਦੇ ਮਾਮਲੇ 'ਚ ਸੀ.ਬੀ.ਆਈ. ਅਦਾਲਤ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਮੇਤ 5 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਕੇਸ 'ਚ ਰਾਮ ਰਹੀਮ ਤੋਂ ਇਲਾਵਾ ਬਾਕੀ ਚਾਰ ਦੋਸ਼ੀਆਂ 'ਚ ਜਸਬੀਰ ਸਿੰਘ, ਅਵਤਾਰ ਸਿੰਘ, ਕ੍ਰਿਸ਼ਨ ਲਾਲ ਅਤੇ ਸਬਦਿਲ ਦਾ ਨਾਂਅ ਸ਼ਾਮਿਲ ਹੈ। ਪੰਚਕੂਲਾ 'ਚ ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਡਾ. ਸੁਸ਼ੀਲ ਕੁਮਾਰ ਗਰਗ ਨੇ ਡੇਰਾ ਮੁਖੀ 'ਤੇ 31 ਲੱਖ ਤੇ ਬਾਕੀ ਚਾਰ ਦੋਸ਼ੀਆਂ 'ਤੇ 50-50 ਹਜ਼ਾਰ ਦਾ ਜੁਰਮਾਨਾ ਲਗਾਇਆ। ਇਸ ਦੇ ਇਲਾਵਾ ਡੇਰਾ ਮੁਖੀ ਦੇ ਗੰਨਮੈਨ ਰਹੇ ਸਬਦਿਲ ਸਿੰਘ ਨੂੰ ਆਰਮਜ਼ ਐਕਟ ਤੇ ਧਾਰਾ 506 ਦੇ ਤਹਿਤ ਦੋਸ਼ੀ ਠਹਿਰਾਏ ਜਾਣ 'ਤੇ ਉਸ ਨੂੰ ਤਿੰਨ ਸਾਲ ਦੀ ਸਜ਼ਾ ਤੇ 25 ਹਜ਼ਾਰ ਵਾਧੂ ਜੁਰਮਾਨੇ ਦੀ ਸਜ਼ਾ ਵੀ ਸੁਣਾਈ ਹੈ। ਜ਼ਿਕਰਯੋਗ ਹੈ ਕਿ ਡੇਰਾ ਮੁਖੀ ਰਾਮ ਰਹੀਮ ਨੂੰ ਇਸ ਤੋਂ ਪਹਿਲਾਂ ਪੱਤਰਕਾਰ ਰਾਮ ਚੰਦਰ ਛਤਰਪਤੀ ਹੱਤਿਆਕਾਂਡ 'ਚ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਇਸ ਤੋਂ ਇਲਾਵਾ ਦੋ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਮਾਮਲੇ 'ਚ ਵੀ ਡੇਰਾ ਮੁਖੀ ਨੂੰ 10-10 ਸਾਲ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਅਦਾਲਤ ਦਾ ਫੈਸਲਾ ਆਉਣ ਦੇ ਬਾਅਦ ਸੀ.ਬੀ.ਆਈ. ਦੇ ਵਕੀਲ ਐਚ.ਪੀ.ਐਸ. ਵਰਮਾ ਨੇ ਸਪੱਸ਼ਟ ਕੀਤਾ ਕਿ ਰਾਮ ਰਹੀਮ ਨੂੰ ਉਮਰ ਕੈਦ ਮਤਲਬ ਮੌਤ ਤੱਕ ਜੇਲ੍ਹ 'ਚ ਰਹਿਣਾ ਹੋਵੇਗਾ। ਉਨ੍ਹਾਂ ਦੱਸਿਆ ਕਿ ਰਣਜੀਤ ਸਿੰਘ ਹੱਤਿਆ ਕਾਂਡ 'ਚ ਜੋ ਸਜ਼ਾ ਸੁਣਾਈ ਗਈ ਹੈ, ਉਹ ਪਹਿਲੇ ਸੁਣਾਈ ਜਾ ਚੁੱਕੀ ਛਤਰਪਤੀ ਹੱਤਿਆ ਕਾਂਡ ਦੀ ਸਜ਼ਾ ਦੇ ਨਾਲ ਹੀ ਚੱਲੇਗੀ। ਉੱਧਰ ਫੈਸਲਾ ਆਉਣ ਦੇ ਬਾਅਦ ਅਦਾਲਤ 'ਚ ਮੌਜੂਦ ਮ੍ਰਿਤਕ ਰਣਜੀਤ ਸਿੰਘ ਦੇ ਪੁੱਤਰ ਜਗਸੀਰ ਸਿੰਘ ਨੇ ਅਦਾਲਤ ਦੇ ਫੈਸਲੇ 'ਤੇ ਸੰਤੁਸ਼ਟੀ ਪ੍ਰਗਟਾਈ। ਜ਼ਿਕਰਯੋਗ ਹੈ ਕਿ ਰਣਜੀਤ ਸਿੰਘ ਹੱਤਿਆ ਮਾਮਲੇ 'ਚ 19 ਸਾਲਾਂ ਬਾਅਦ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਵਲੋਂ ਦੋਸ਼ੀਆਂ ਸਜ਼ਾ ਸੁਣਾਈ ਗਈ ਹੈ। ਇਸ ਤੋਂ ਪਹਿਲਾਂ ਬੀਤੀ 8 ਅਕਤੂਬਰ ਨੂੰ ਦੋਸ਼ੀ ਰਾਮ ਰਹੀਮ, ਕ੍ਰਿਸ਼ਨ ਲਾਲ, ਅਵਤਾਰ, ਜਸਵੀਰ ਅਤੇ ਸਬਦਿਲ ਨੂੰ ਪੰਚਕੂਲਾ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਨੇ ਆਈ. ਪੀ. ਸੀ. ਦੀ ਧਾਰਾ 302 (ਕਤਲ) ਅਤੇ 120 ਬੀ (ਅਪਰਾਧਿਕ ਸਾਜ਼ਿਸ਼) ਦਾ ਦੋਸ਼ੀ ਠਹਿਰਾਇਆ ਸੀ।
ਵੀਡੀਓ ਕਾਨਫ਼ਰੰਸ ਰਾਹੀਂ ਪੇਸ਼ੀ
ਇਸ ਤੋਂ ਪਹਿਲਾਂ ਸੋਮਵਾਰ ਨੂੰ ਸਵੇਰ ਸਮੇਂ ਰਾਮ ਰਹੀਮ ਅਦਾਲਤ 'ਚ ਵੀਡੀਓ ਕਾਨਫਰੰਸ ਜ਼ਰੀਏ ਪੇਸ਼ ਹੋਇਆ। ਰਾਮ ਰਹੀਮ ਇਸ ਸਮੇਂ ਪਿਛਲੇ ਕਰੀਬ ਚਾਰ ਸਾਲ ਤੋਂ ਰੋਹਤਕ ਦੀ ਸੁਨਾਰੀਆ ਜੇਲ੍ਹ 'ਚ ਬੰਦ ਹੈ। ਉੱਥੇ ਹੀ 4 ਹੋਰ ਦੋਸ਼ੀਆਂ ਨੂੰ ਅੰਬਾਲਾ ਸੈਂਟਰਲ ਜੇਲ੍ਹ ਤੋਂ ਪੰਚਕੂਲਾ ਸਥਿਤ ਸੀ.ਬੀ.ਆਈ. ਅਦਾਲਤ 'ਚ ਲਿਆਂਦਾ ਗਿਆ। ਫੈਸਲਾ ਆਉਣ ਦੇ ਚਲਦੇ ਪੰਚਕੂਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਸਵੇਰ ਤੋਂ ਹੀ ਪੂਰੇ ਸ਼ਹਿਰ 'ਚ ਧਾਰਾ 144 ਲਾਗੂ ਕਰ ਦਿੱਤੀ ਸੀ।
ਪੂਰੇ ਪੰਚਕੂਲਾ 'ਚ ਅਰਧ ਸੈਨਿਕ ਬਲਾਂ ਦੇ ਨਾਲ ਪੁਲਿਸ ਕਰਮੀਆਂ ਦੀ ਤਾਇਨਾਤੀ ਕੀਤੀ ਗਈ ਸੀ। ਸੀ.ਬੀ.ਆਈ. ਦੇ ਵਕੀਲ ਐਚ.ਪੀ.ਐਸ. ਵਰਮਾ ਨੇ ਰਾਮ ਰਹੀਮ ਤੇ ਚਾਰ ਹੋਰ ਦੋਸ਼ੀਆਂ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਸੀ, ਪਰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ।
3 ਲੋਕਾਂ ਦੀ ਗਵਾਹੀ ਰਹੀ ਅਹਿਮ
ਰਣਜੀਤ ਸਿੰਘ ਹੱਤਿਆਕਾਂਡ 'ਚ ਤਿੰਨ ਲੋਕਾਂ ਦੀ ਗਵਾਹੀ ਮਹੱਤਵਪੂਰਨ ਰਹੀ। ਇਸ 'ਚ 2 ਚਸ਼ਮਦੀਦ ਗਵਾਹਾਂ ਸੁਖਦੇਵ ਸਿੰਘ ਅਤੇ ਜੋਗਿੰਦਰ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੇ ਦੋਸ਼ੀਆਂ ਨੂੰ ਰਣਜੀਤ ਸਿੰਘ 'ਤੇ ਗੋਲੀ ਚਲਾਉਂਦੇ ਹੋਏ ਦੇਖਿਆ। ਤੀਸਰਾ ਗਵਾਹ ਡੇਰਾ ਬੱਸੀ ਦਾ ਡਰਾਈਵਰ ਖੱਟਾ ਸਿੰਘ ਰਿਹਾ। ਖੱਟਾ ਸਿੰਘ ਅਨੁਸਾਰ ਉਸ ਦੇ ਸਾਹਮਣੇ ਹੀ ਰਣਜੀਤ ਸਿੰਘ ਨੂੰ ਮਾਰਨ ਦੀ ਸਾਜਿਸ਼ ਰਚੀ ਗਈ। ਖੱਟਾ ਸਿੰਘ ਦੇ ਬਿਆਨ ਅਨੁਸਾਰ ਡੇਰਾ ਮੁਖੀ ਨੇ ਉਸ ਦੇ ਸਾਹਮਣੇ ਹੀ ਰਣਜੀਤ ਸਿੰਘ ਨੂੰ ਮਾਰਨ ਲਈ ਕਿਹਾ। ਉਸ ਦੀ ਗਵਾਹੀ ਦੇ ਆਧਾਰ 'ਤੇ ਹੀ ਪੰਜਾਂ ਨੂੰ ਦੋਸ਼ੀ ਠਹਿਰਾਇਆ ਗਿਆ। ਸੀ.ਬੀ.ਆਈ. ਅਦਾਲਤ ਦੇ ਜੱਜ ਡਾ. ਸੁਸ਼ੀਲ ਕੁਮਾਰ ਗਰਗ ਨੇ ਸ਼ਾਮ ਕਰੀਬ ਸਾਢੇ ਚਾਰ ਵਜੇ ਸਜ਼ਾ ਦਾ ਐਲਾਨ ਕੀਤਾ। ਸਜ਼ਾ ਦੇ ਬਾਅਦ ਡੇਰਾ ਮੁਖੀ ਦੇ ਵਕੀਲ ਨੇ ਕਿਹਾ ਕਿ ਉਹ ਇਸ ਫੈਸਲੇ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਚੁਣੌਤੀ ਦੇਣਗੇ।
ਪੰਜ ਸਾਲ ਤੱਕ ਪੈਰੋਲ ਤੇ ਫਰਲੋ ਦਾ ਹੱਕਦਾਰ ਨਹੀਂ
ਚੰਡੀਗੜ੍ਹ, 18 ਅਕਤੂਬਰ (ਰਾਮ ਸਿੰਘ ਬਰਾੜ)-ਡੇਰਾ ਮੁਖੀ ਰਾਮ ਰਹੀਮ ਰਣਜੀਤ ਸਿੰਘ ਹੱਤਿਆਕਾਂਡ 'ਚ ਸੋਮਵਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦੇ ਨਾਲ ਹੀ ਹਾਰਡਕੋਰ ਕੈਦੀ ਦੀ ਸ਼੍ਰੇਣੀ 'ਚ ਆ ਗਿਆ ਹੈ। ਅੱਜ ਤੋਂ ਅਗਲੇ ਪੰਜ ਸਾਲ ਤੱਕ ਰਾਮ ਰਹੀਮ ਨੂੰ ਆਮ ਕੈਦੀ ਨੂੰ ਮਿਲਣ ਵਾਲੀ ਪੈਰੋਲ ਤੇ ਫਰਲੋ ਵਰਗੀ ਸੁਵਿਧਾ ਨਹੀਂ ਮਿਲ ਸਕੇਗੀ। ਡੇਰਾ ਮੁਖੀ ਰਾਮ ਰਹੀਮ ਇਸ ਤੋਂ ਪਹਿਲਾਂ ਪੱਤਰਕਾਰ ਛਤਰਪਤੀ ਹੱਤਿਆ ਕਾਂਡ 'ਚ ਵੀ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਇਸ ਦੇ ਇਲਾਵਾ ਦੋ ਸਾਧਵੀਆਂ ਦੇ ਜਿਨਸੀ ਸੋਸ਼ਣ ਮਾਮਲੇ 'ਚ 20 ਸਾਲ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਹੁਣ ਤੱਕ ਉਹ ਪੈਰੋਲ ਤੇ ਫਰਲੋ ਦਾ ਹੱਕਦਾਰ ਸੀ ਅਤੇ ਉਸ ਨੇ ਕਈ ਵਾਰ ਪੈਰੋਲ ਹਾਸਲ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਸੁਰੱਖਿਆ ਕਾਰਨਾਂ ਕਰਕੇ ਉਸ ਦੀ ਪੈਰੋਲ ਦੀ ਅਰਜ਼ੀ ਖਾਰਜ ਕਰ ਦਿੱਤੀ ਜਾਂਦੀ ਸੀ, ਪਰ ਹੁਣ ਉਹ ਪੈਰੋਲ ਤੇ ਫਰਲੋ ਦੇ ਨਿਯਮਾਂ ਤਹਿਤ ਪੰਜ ਸਾਲ ਤੱਕ ਇਸ ਸੁਵਿਧਾ ਦੇ ਕਾਬਲ ਨਹੀਂ ਮੰਨਿਆ ਜਾਵੇਗਾ। ਜ਼ਿਕਰਯੋਗ ਹੈ ਕਿ ਹਰਿਆਣਾ 'ਚ ਕੈਦੀਆਂ ਲਈ ਗੁਡ ਕੰਡਕਟ ਪ੍ਰਿਜ਼ਨਰਜ਼ ਐਕਟ 1988 ਤੋਂ ਬਣਿਆ ਹੋਇਆ ਹੈ। ਇਸ ਐਕਟ 'ਚ 2012 'ਚ ਸੋਧ ਕੀਤੀ ਗਈ ਸੀ। ਇਸ ਸੋਧ ਅਨੁਸਾਰ ਹੱਤਿਆ ਵਰਗੇ ਮਾਮਲਿਆਂ 'ਚ ਲਗਾਤਾਰ ਦੋ ਵਾਰ ਤੋਂ ਜਿਆਦਾ ਸਜ਼ਾ ਪਾਉਣ ਵਾਲੇ ਕੈਦੀਆਂ ਨੂੰ ਹਾਰਡਕੋਰ ਕੈਦੀਆਂ ਦੀ ਸ਼੍ਰੇਣੀ 'ਚ ਰੱਖਿਆ ਗਿਆ ਹੈ। ਇਸ 'ਚ ਕਿਹਾ ਗਿਆ ਹੈ ਕਿ ਹਾਰਡਕੋਰ ਕੈਦੀ ਨੂੰ ਦੂਸਰੀ ਸਜ਼ਾ ਸੁਣਾਏ ਜਾਣ ਵਾਲੀ ਤਰੀਕ ਤੋਂ ਉਹ ਕੈਦੀ ਅਗਲੇ ਪੰਜ ਸਾਲ ਤੱਕ ਆਮ ਕੈਦੀਆਂ ਨੂੰ ਮਿਲਣ ਪੈਰੋਲ ਤੇ ਫਰਲੋ ਵਰਗੀ ਸੁਵਿਧਾ ਦਾ ਹੱਕਦਾਰ ਨਹੀਂ ਹੋਵੇਗਾ।
ਕੀ ਹੈ ਮਾਮਲਾ
10 ਜੁਲਾਈ, 2002 ਨੂੰ ਡੇਰਾ ਸਿਰਸਾ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਕੁਰੂਕਸ਼ੇਤਰ ਦੇ ਰਣਜੀਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਡੇਰਾ ਪ੍ਰਬੰਧਕਾਂ ਨੂੰ ਸ਼ੱਕ ਸੀ ਕਿ ਰਣਜੀਤ ਸਿੰਘ ਨੇ ਹੀ ਸਾਧਵੀ ਜਿਨਸੀ ਸ਼ੋਸ਼ਣ ਮਾਮਲੇ 'ਚ ਆਪਣੀ ਭੈਣ ਤੋਂ ਗੁੰਮਨਾਮ ਚਿੱਠੀ ਲਿਖਵਾਈ। ਪੁਲਿਸ ਜਾਂਚ ਤੋਂ ਅਸੰਤੁਸ਼ਟ ਰਣਜੀਤ ਸਿੰਘ ਦੇ ਪਿਤਾ ਨੇ ਜਨਵਰੀ 2003 'ਚ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਕੇ ਆਪਣੇ ਪੁੱਤਰ ਦੀ ਹੱਤਿਆ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਉਣ ਦੀ ਮੰਗ ਕੀਤੀ, ਜਿਸ ਨੂੰ ਹਾਈਕੋਰਟ ਨੇ ਮਨਜ਼ੂਰ ਕਰ ਲਿਆ। ਰਾਮ ਰਹੀਮ ਦੇ ਇਲਾਵਾ 5 ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। 2007 'ਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਦੋਸ਼ੀਆਂ 'ਤੇ ਦੋਸ਼ ਤੈਅ ਕੀਤੇ ਅਤੇ 8 ਅਕਤੂੂਬਰ 2021 ਨੂੰ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਜਦਕਿ ਇਕ ਦੋਸ਼ੀ ਇੰਦਰਸੇਨ ਦੀ ਟ੍ਰਾਇਲ ਦੌਰਾਨ ਪਿਛਲੇ ਮੌਤ ਹੋ ਗਈ ਸੀ।