ਬੀ.ਐਸ.ਐਫ. ਦਾ ਘੇਰਾ ਵਧਾਏ ਜਾਣ ਦੇ ਮੁੱਦੇ 'ਤੇ ਮੰਤਰੀ ਮੰਡਲ ਦੀ ਵਿਸ਼ੇਸ਼ ਬੈਠਕ ਬੁਲਾਈ ਜਾਵੇਗੀ-ਚੰਨੀ
ਬੀ.ਐਸ.ਐਫ. ਦਾ ਘੇਰਾ ਵਧਾਏ ਜਾਣ ਦੇ ਮੁੱਦੇ 'ਤੇ ਮੰਤਰੀ ਮੰਡਲ ਦੀ ਵਿਸ਼ੇਸ਼ ਬੈਠਕ ਬੁਲਾਈ ਜਾਵੇਗੀ-ਚੰਨੀ
* ਕਿਹਾ, ਲੋੜ ਪੈਣ 'ਤੇ ਵਿਧਾਨ ਸਭਾ ਇਜਲਾਸ ਜਾਂ ਸਰਬ ਪਾਰਟੀ ਮੀਟਿੰਗ ਵੀ ਸੱਦਾਂਗੇ * ਸੁਖਬੀਰ ਨੂੰ ਭੜਕਾਊ ਬਿਆਨਬਾਜ਼ੀ ਨਾ ਕਰਨ ਦੀ ਦਿੱਤੀ ਨਸੀਹਤ * ਪੰਜਾਬ 'ਚ ਪਹਿਲਾਂ ਆਏ ਅੱਤਵਾਦ ਲਈ ਅਕਾਲੀ ਦਲ ਨੂੰ ਦੱਸਿਆ ਜ਼ਿੰਮੇਵਾਰ
ਚੰਡੀਗੜ੍ਹ -ਪੰਜਾਬ 'ਚ ਬੀ.ਐਸ.ਐਫ. ਦੇ ਅਧਿਕਾਰ ਖ਼ੇਤਰ ਦਾ ਘੇਰਾ ਵਧਾਏ ਜਾਣ ਨੂੰ ਲੈ ਕੇ ਗਰਮਾਏ ਸਿਆਸੀ ਮਾਹੌਲ ਮਗਰੋਂ ਸੂਬਾ ਸਰਕਾਰ ਨੇ ਕੇਂਦਰ ਦੇ ਇਸ ਫ਼ੈਸਲੇ ਦਾ ਵਿਰੋਧ ਕੀਤਾ ਹੈ। ਇਥੇ ਹੋਈ ਮੰਤਰੀ ਮੰਡਲ ਦੀ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਦੇ ਇਸ ਫ਼ੈਸਲੇ ਦੇ ਖ਼ਿਲਾਫ਼ ਹੈ ਅਤੇ ਜਲਦ ਇਸ ਫ਼ੈਸਲੇ ਦੇ ਖ਼ਿਲਾਫ਼ ਪੰਜਾਬ ਮੰਤਰੀ ਮੰਡਲ ਦੀ ਵਿਸ਼ੇਸ਼ ਬੈਠਕ ਬੁਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਮੁੱਦਾ ਕਿਸੇ ਇਕ ਸਿਆਸੀ ਪਾਰਟੀ ਜਾਂ ਸਰਕਾਰ ਦਾ ਨਹੀਂ ਸਗੋਂ ਪੰਜਾਬ ਦਾ ਮਸਲਾ ਹੈ। ਇਸ ਸੰਬੰਧ 'ਚ ਜੇਕਰ ਲੋੜ ਪਈ ਤਾਂ ਸਰਬ ਪਾਰਟੀ ਮੀਟਿੰਗ ਬੁਲਾਈ ਜਾਵੇਗੀ। ਇਸ ਸੰਵੇਦਨਸ਼ੀਲ ਮੁੱਦੇ ਖ਼ਿਲਾਫ਼ ਕਾਰਵਾਈ ਪਾਉਣ ਲਈ ਪੰਜਾਬ ਸਰਕਾਰ ਲੋੜ ਪੈਣ 'ਤੇ ਪੰਜਾਬ ਵਿਧਾਨ ਸਭਾ ਦਾ ਇਜਲਾਸ ਵੀ ਬੁਲਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਆਪਣੇ ਦਾਇਰੇ 'ਚ ਰਹਿ ਕੇ ਕੰਮ ਕਰਨਾ ਚਾਹੀਦਾ ਹੈ। ਚੰਨੀ ਨੇ ਕਿਹਾ ਕਿ ਜਲਦ ਉਨ੍ਹਾਂ ਵਲੋਂ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਕੇ ਇਸ ਫ਼ੈਸਲੇ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਕੇਂਦਰ ਨੂੰ ਪੱਤਰ ਲਿਖ ਕੇ ਇਤਰਾਜ਼ ਜਤਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਇਸ ਸੰਵੇਦਨਸ਼ੀਲ ਮੁੱਦੇ 'ਤੇ ਧਿਆਨ ਨਾਲ ਬਿਆਨਬਾਜ਼ੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਵਲੋਂ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਕਿ ਬੀ. ਐਸ. ਐਫ. ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਰ 'ਚ ਵੜ ਜਾਏਗੀ ਅਤੇ ਮੇਰੇ ਬਾਰੇ ਕਿਹਾ ਜਾ ਰਿਹਾ ਹੈ ਕਿ ਚੰਨੀ ਨੇ ਇਸ ਸੰਬੰਧੀ ਕੇਂਦਰ ਨੂੰ ਲਿਖ ਕੇ ਦਿੱਤਾ ਸੀ ਪਰ ਸਾਨੂੰ ਤਾਂ ਪੁੱਛਿਆ ਵੀ ਨਹੀਂ ਗਿਆ। ਸਾਨੂੰ ਤਾਂ ਉਦੋਂ ਪਤਾ ਲੱਗਾ ਜਦੋਂ ਇਸ ਸੰਬੰਧੀ ਹੁਕਮ ਜਾਰੀ ਹੋ ਗਏ। ਉਨ੍ਹਾਂ ਕਿਹਾ ਕਿ ਪੰਜਾਬ 'ਚ ਜੋ ਪਹਿਲਾਂ ਅੱਤਵਾਦ ਦਾ ਦੌਰ ਆਇਆ ਸੀ ਉਸ ਦੇ ਲਈ ਅਕਾਲੀ ਦਲ ਜ਼ਿੰਮੇਵਾਰ ਹੈ ਅਕਾਲੀ ਦਲ ਨੇ ਮਰਜੀਵੜੇ ਤਿਆਰ ਕੀਤੇ ਅਤੇ ਪਤਾ ਨਹੀਂ ਕੀ-ਕੀ ਕੀਤਾ। ਇਸ ਮੌਕੇ ਸੂਬੇ 'ਚ ਡਰੋਨ ਦਾਖਲ ਹੋਣ ਸੰਬੰਧੀ ਚੰਨੀ ਨੇ ਕਿਹਾ ਪੰਜਾਬ 'ਚ ਡਰੋਨ ਪੰਜ ਕਿਲੋਮੀਟਰ 'ਤੇ ਹੀ ਰੋਕ ਲਏ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਪੰਜਾਬ ਸਰਕਾਰ ਆਪਣਾ ਕੰਮ ਕਰਨ 'ਚ ਪੂਰੀ ਤਰ੍ਹਾਂ ਕਾਬਲ ਹੈ।
ਜੇਲ੍ਹਾਂ 'ਚ ਸੀ. ਆਈ. ਐਸ. ਐਫ. ਲਾਏ ਜਾਣ ਬਾਰੇ ਸਵਾਲ ਟਾਲਿਆ
ਜਦੋਂ ਮੁੱਖ ਮੰਤਰੀ ਨੂੰ ਪੁੱਛਿਆ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਰਹਿੰਦਿਆਂ ਤੁਹਾਡੀ ਹੀ ਸਰਕਾਰ ਵਲੋਂ ਪੰਜਾਬ ਦੀਆਂ ਜੇਲ੍ਹਾਂ 'ਚ ਸੀ.ਆਈ.ਐਸ.ਐਫ. ਦੀ ਸੁਰੱਖਿਆ ਮੰਗੀ ਗਈ ਸੀ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਕਿਸੇ ਨੇ ਕੀ ਕੀਤਾ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਪਰ ਪੰਜਾਬ ਸਰਕਾਰ ਆਪਣਾ ਸੂਬਾ ਚਲਾਉਣ 'ਚ ਅਤੇ ਉਸ ਦੀ ਸੁਰੱਖਿਆ ਕਰਨ 'ਚ ਪੂਰੀ ਤਰ੍ਹਾਂ ਕਾਬਲ ਹੈ।