ਨਿਹੰਗ ਆਗੂ ਨੇ ਖੇਤੀ ਮੰਤਰੀ ਤੋਮਰ ਨਾਲ ਮੀਟਿੰਗ ਦੀ ਗੱਲ ਕਬੂਲੀ

ਨਿਹੰਗ ਆਗੂ ਨੇ ਖੇਤੀ ਮੰਤਰੀ ਤੋਮਰ ਨਾਲ ਮੀਟਿੰਗ ਦੀ ਗੱਲ ਕਬੂਲੀ

ਨਿਹੰਗ ਆਗੂ ਨੇ ਖੇਤੀ ਮੰਤਰੀ ਤੋਮਰ ਨਾਲ ਮੀਟਿੰਗ ਦੀ ਗੱਲ ਕਬੂਲੀ
ਚੰਡੀਗੜ੍ਹ-ਸਿੰਘੂ ਕਤਲ ਕੇਸ ਦੀ ਜ਼ਿੰਮੇਵਾਰੀ ਲੈਣ ਵਾਲੀ ਨਿਹੰਗ ਜਥੇਬੰਦੀ ਦੇ ਆਗੂ ਬਾਬਾ ਅਮਨ ਸਿੰਘ ਨੇ ਸਵੀਕਾਰ ਕੀਤਾ ਹੈ ਕਿ ਉਹ ਭਾਜਪਾ ਦੇ ਮੰਤਰੀਆਂ ਨੂੰ ਮਿਲਿਆ ਸੀ। ਕਈ ਮੀਡੀਆ ਇੰਟਰਵਿਊਜ਼ ਵਿਚ ਉਹ ਮੰਨਿਆ ਹੈ ਕਿ ਉਸ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਤੇ ਹੋਰਾਂ ਨਾਲ ਮੁਲਾਕਾਤ ਕੀਤੀ ਸੀ। ਉਸ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਭਾਜਪਾ ਆਗੂ ਨੇ ਉਨ੍ਹਾਂ ਨੂੰ ਦਸ ਲੱਖ ਰੁਪਏ ਤੇ ਘੋੜਿਆਂ ਦੀ ਪੇਸ਼ਕਸ਼ ਕਰ ਕੇ ਸਿੰਘੂ ਬਾਰਡਰ ਧਰਨੇ ਵਾਲੀ ਥਾਂ ਖਾਲੀ ਕਰਨ ਲਈ ਕਿਹਾ ਸੀ ਪਰ ਉਨ੍ਹਾਂ ਇਨਕਾਰ ਕਰ ਦਿੱਤਾ। ਨਿਹੰਗ ਆਗੂ ਨੇ ਇਹ ਪ੍ਰਤੀਕਰਮ ਅੱਜ ਉਦੋਂ ਦਿੱਤਾ ਜਦ ਕਈ ਮੀਡੀਆ ਅਦਾਰਿਆਂ ਨੇ ਉਸ ਤੋਂ ‘ਦਿ ਟ੍ਰਿਬਿਊਨ’ ਤੇ ‘ਪੰਜਾਬੀ ਟ੍ਰਿਬਿਊਨ’ ਵਿਚ ਛਪੀ ਖ਼ਬਰ ਬਾਰੇ ਸੁਆਲ ਕੀਤੇ ਜਿਸ ਵਿਚ ਵੇਰਵਿਆਂ ਸਹਿਤ ਉਸ ਦੀਆਂ ਭਾਜਪਾ ਆਗੂਆਂ ਨਾਲ ਮੁਲਾਕਾਤਾਂ ਦੀਆਂ ਫੋਟੋਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ। ਨਾ ਤਾਂ ਭਾਜਪਾ ਆਗੂਆਂ ਤੇ ਨਾ ਹੀ ਨਿਹੰਗ ਆਗੂ ਨੇ ਇਸ ਤੋਂ ਪਹਿਲਾਂ ਇਨ੍ਹਾਂ ਮੀਟਿੰਗਾਂ ਬਾਰੇ ਕੋਈ ਜਾਣਕਾਰੀ ਸਾਂਝੀ ਕੀਤੀ ਸੀ। ਨਿਹੰਗ ਆਗੂ ਬਾਬਾ ਅਮਨ ਨੇ ਇਕ ਇੰਟਰਵਿਊ ਵਿਚ ਕਿਹਾ ‘ਅਸੀਂ ਪੈਸੇ ਨਹੀਂ ਲਏ। ਹਾਲਾਂਕਿ ਪੇਸ਼ਕਸ਼ ਕੀਤੀ ਗਈ ਸੀ। ਅਸੀਂ ਆਪਣੀਆਂ ਮੰਗਾਂ ਉਤੇ ਅੜੇ ਰਹੇ ਕਿ ਉਦੋਂ ਹੀ ਧਰਨਾ ਚੁੱਕਾਂਗੇ ਜਦ ਕਾਲੇ ਖੇਤੀ ਕਾਨੂੰਨ ਵਾਪਸ ਲਏ ਜਾਣਗੇ, ਐਮਐੱਸਪੀ ਜਾਰੀ ਰੱਖੀ ਜਾਵੇਗੀ, ਬੇਅਦਬੀ ਦੇ ਕੇਸਾਂ ਵਿਚ ਇਨਸਾਫ਼ ਮਿਲੇਗਾ ਤੇ ਸਾਡੇ ਖ਼ਿਲਾਫ਼ ਕੇਸ ਵਾਪਸ ਲਏ ਜਾਣਗੇ। ਅਸੀਂ ਉਨ੍ਹਾਂ ਨੂੰ ਦੱਸਿਆ ਕਿ ਧਰਨਾ ਉਦੋਂ ਹੀ ਚੁੱਕਾਂਗੇ ਜਦ ਮੰਗਾਂ ਮੰਨੀਆਂ ਜਾਣਗੀਆਂ। ਸਾਨੂੰ ਪੈਸੇ ਜਾਂ ਕਿਸੇ ਹੋਰ ਚੀਜ਼ ਦਾ ਲਾਲਚ ਨਹੀਂ ਹੈ। ਅਸੀਂ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਵੀ ਇਸ ਸਬੰਧੀ ਚਿੱਠੀਆਂ ਲਿਖੀਆਂ ਹਨ।’ ਬਾਬਾ ਅਮਨ ਨੇ ਅੱਜ ‘ਦਿ ਟ੍ਰਿਬਿਊਨ’ ਵੱਲੋਂ ਕੀਤੀਆਂ ਫੋਨ ਕਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ। ਨਿਹੰਗ ਆਗੂ ਵੱਲੋਂ ਕੀਤੇ ਦਾਅਵਿਆਂ ਬਾਰੇ ਪੁੱਛਣ ਲਈ ਜਦ ਭਾਜਪਾ ਆਗੂ ਸੁਖਮਿੰਦਰ ਗਰੇਵਾਲ ਨੂੰ ਫੋਨ ਕੀਤਾ ਗਿਆ ਤਾਂ ਉਸ ਨੇ ਵੀ ਫੋਨ ਨਹੀਂ ਚੁੱਕਿਆ। ਮੀਡੀਆ ਦੇ ਇਸ ਸਵਾਲ ਕਿ ਕੀ ਨਿਹੰਗ ਆਗੂ ਨੇ ਇਨ੍ਹਾਂ ਬੈਠਕਾਂ ਬਾਰੇ ਕਿਸਾਨ ਆਗੂਆਂ ਨਾਲ ਚਰਚਾ ਕੀਤੀ ਸੀ, ਤਾਂ ਨਿਹੰਗ ਆਗੂ ਨੇ ਕਿਹਾ ਕਿ ਉਨ੍ਹਾਂ ਨੂੰ ਕਿਸਾਨਾਂ ਨਾਲ ਗੱਲ ਕਰਨ ਦੀ ਕੋਈ ਲੋੜ ਨਹੀਂ ਹੈ। ‘ਮੈਂ ਤੋਮਰ ਨੂੰ ਮਿਲਣ ਇਕੱਲਾ ਨਹੀਂ ਗਿਆ ਸੀ। ਸਾਡੀ ਫ਼ੌਜ ਦੇ ਕਰੀਬ ਦਸ ਮੈਂਬਰ ਮੇਰੇ ਨਾਲ ਸਨ।’ ਦੱਸਣਯੋਗ ਹੈ ਕਿ ਨਿਹੰਗ ਆਗੂ ਤੇ ਭਾਜਪਾ ਦੇ ਮੰਤਰੀਆਂ ਦਰਮਿਆਨ ਹੋਈਆਂ ਮੀਟਿੰਗਾਂ ਬਾਰੇ ਰਿਪੋਰਟ ਛਪਣ ਤੋਂ ਬਾਅਦ ਸਵਾਲਾਂ ਦੀ ਝੜੀ ਲੱਗ ਗਈ ਹੈ, ਸਵਾਲ ਕੀਤਾ ਜਾ ਰਿਹਾ ਹੈ ਕਿ ਇਹ ਮੀਟਿੰਗਾਂ ਕਿਉਂ ਕੀਤੀਆਂ ਗਈਆਂ। ਜ਼ਿਕਰਯੋਗ ਹੈ ਕਿ ਸਿੰਘੂ ’ਤੇ ਹੋਏ ਕਤਲ ਤੋਂ ਬਾਅਦ ਚਾਰ ਨਿਹੰਗਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਨਿਹੰਗ ਆਗੂ ਬਾਬਾ ਅਮਨ ਨੇ ਨਾਲ ਹੀ ਕਿਹਾ ਕਿ ਉਨ੍ਹਾਂ ਦੇ ਗਰੁੱਪ ਦੇ ਸੀਨੀਅਰ 27 ਅਕਤੂਬਰ ਨੂੰ ਦਿੱਲੀ ਵਿਚ ਬੈਠਕ ਕਰ ਕੇ ਇਹ ਤੈਅ ਕਰਨਗੇ ਕਿ ਕੀ ਉਹ ਧਰਨੇ ਵਾਲੀ ਥਾਂ ਉਤੇ ਟਿਕੇ ਰਹਿਣਗੇ ਜਾਂ ਉੱਥੋਂ ਚਲੇ ਜਾਣਗੇ। ਉਸ ਨੇ ਕਿਹਾ ‘ਜੇ ਸੰਗਤ ਚਾਹੇਗੀ ਤਾਂ ਅਸੀਂ ਚਲੇ ਜਾਵਾਂਗੇ।’ ਬਾਬਾ ਅਮਨ ਨੇ ਕਿਹਾ ਕਿ ਉਹ ਬੇਅਦਬੀ ਕੇਸਾਂ ਵਿਚ ਨਿਆਂ ਲੈਣ ਲਈ ਇਕ ਧਾਰਮਿਕ ਜੰਗ ਲੜ ਰਹੇ ਹਨ ਤੇ ਧਰਨੇ ਉਤੇ ਕਿਸਾਨਾਂ ਲਈ ਨਹੀਂ ਬੈਠੇ। 

Radio Mirchi