ਸਿੰਘੂ ਕਤਲ ਕੇਸ ਦੀ ਸੁਪਰੀਮ ਕੋਰਟ ਦਾ ਜੱਜ ਜਾਂਚ ਕਰੇ: ਸੰਯੁਕਤ ਕਿਸਾਨ ਮੋਰਚਾ
ਸਿੰਘੂ ਕਤਲ ਕੇਸ ਦੀ ਸੁਪਰੀਮ ਕੋਰਟ ਦਾ ਜੱਜ ਜਾਂਚ ਕਰੇ: ਸੰਯੁਕਤ ਕਿਸਾਨ ਮੋਰਚਾ
ਨਵੀਂ ਦਿੱਲੀ-ਸੰਯੁਕਤ ਕਿਸਾਨ ਮੋਰਚਾ ਨੇ ਸਿੰਘੂ ਬਾਰਡਰ ’ਤੇ ਪਿਛਲੇ ਦਿਨੀਂ ਧਰਨੇ ਵਾਲੀ ਥਾਂ ਨੇੜੇ ਬੇਰਹਿਮੀ ਨਾਲ ਕੀਤੇ ਕਤਲ ਮਾਮਲੇ ਦੀ ਸੁਪਰੀਮ ਕੋਰਟ ਦੇ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਮੋਰਚੇ ਨੇੇ ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਕੇਂਦਰੀ ਵਜ਼ਾਰਤ ’ਚੋਂ ਬਰਖਾਸਤ ਕਰਨ ਤੇ ਗ੍ਰਿਫ਼ਤਾਰੀ ਨੂੰ ਲੈ ਕੇ ਦੇਸ਼ ਭਰ ਵਿੱਚ ਧਰਨੇ ਪ੍ਰਦਰਸ਼ਨਾਂ ਦਾ ਵੀ ਸੱਦਾ ਦਿੱਤਾ ਹੈ। ਮੋਰਚੇ ਨੇ ਮੌਸਮ ਦੀ ਖਰਾਬੀ ਕਰਕੇ 26 ਅਕਤੂਬਰ ਦੀ ਲਖਨਊ ਮਹਾਪੰਚਾਇਤ ਨੂੰ 22 ਨਵੰਬਰ ਤੱਕ ਮੁਲਤਵੀ ਕਰ ਦਿੱਤਾ ਹੈ। ਮੋਰਚੇ ਨੇ ਮੀਟਿੰਗ ਦੇ ਵੇਰਵੇ ਸਾਂਝੇ ਕਰਦੇ ਹੋਏ ਕਿਹਾ ਕਿ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਹੀ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ। ਆਗੂਆਂ ਨੇੇ ਕਿਹਾ ਕਿ ਇਹ ਕਿਸਾਨ ਅੰਦੋਲਨ ਹੈ ਨਾ ਕਿ ਧਾਰਮਿਕ ਅੰਦੋਲਨ। ਮੀਟਿੰਗ ਵਿੱਚ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਭਾਰੀ ਮੀਂਹ ਕਰਕੇ ਹੋਈ ਤਬਾਹ ਕਾਰਨ ਲਖਨਊ ’ਚ 26 ਅਕਤੂਬਰ ਨੂੰ ਹੋਣ ਵਾਲੀ ਮਹਾਂਪੰਚਾਇਤ ਨੂੰ 22 ਨਵੰਬਰ ਤੱਕ ਮੁਲਤਵੀ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ।
‘ਤੋਮਰ ਤੇ ਚੌਧਰੀ ਅਸਤੀਫ਼ਾ ਦੇਣ’
ਕੁੰਡਲੀ ਵਿੱਚ ਕਿਸਾਨ ਆਗੂਆਂ ਦੀ ਹੋਈ ਮੀਟਿੰਗ ਮਗਰੋਂ ਸੰਯੁਕਤ ਕਿਸਾਨ ਮੋਰਚੇ ਨੇ ਇਕ ਬਿਆਨ ਵਿੱਚ ਕਿਹਾ, ‘‘ਸੰਯੁਕਤ ਕਿਸਾਨ ਮੋਰਚਾ ਮੰਗ ਕਰਦਾ ਹੈ ਕਿ ਨਿਹੰਗ ਸਿੱਖ ਆਗੂ ਨਾਲ ਮੀਟਿੰਗਾਂ ਕਰਨ ਵਾਲੇ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਤੇ ਕੈਲਾਸ਼ ਚੌਧਰੀ ਫੌਰੀ ਅਸਤੀਫਾ ਦੇਣ। ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਇਸ ਸਾਜ਼ਿਸ਼ ਤੋਂ ਪਰਦਾ ਚੁੱਕਣ ਲਈ ਇਸ ਪੂਰੇ ਮਾਮਲੇ ਦੀ ਸੁਪਰੀਮ ਕੋਰਟ ਦੇ ਜੱਜ ਤੋਂ ਜਾਂਚ ਕਰਵਾਈ ਜਾਵੇ।’’