ਆਰੀਅਨ ਮਾਮਲੇ 'ਚ ਅਨੰਨਿਆ ਤੋਂ 2 ਘੰਟੇ ਪੁੱਛਗਿੱਛ- ਅੱਜ ਫਿਰ ਹੋਵੇਗੀ ਪੇਸ਼
ਆਰੀਅਨ ਮਾਮਲੇ 'ਚ ਅਨੰਨਿਆ ਤੋਂ 2 ਘੰਟੇ ਪੁੱਛਗਿੱਛ- ਅੱਜ ਫਿਰ ਹੋਵੇਗੀ ਪੇਸ਼
ਮੁੰਬਈ-ਐਨ.ਸੀ.ਬੀ. (ਨਾਰਕੋਟਿਕਸ ਕੰਟਰੋਲ ਬਿਊਰੋ) ਦੇ ਇਕ ਅਧਿਕਾਰੀ ਨੇ ਕਿਹਾ ਕਿ ਨਸ਼ਾ ਵਿਰੋਧੀ ਏਜੰਸੀ ਨੇ ਵੀਰਵਾਰ ਨੂੰ ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੇ ਘਰ ਕਰੂਜ਼ ਡਰੱਗ ਕੇਸ 'ਚ ਜਾਂਚ ਨਾਲ ਸਬੰਧਿਤ ਹੋਰ ਸਮੱਗਰੀ ਇਕੱਠੀ ਕਰਨ ਲਈ ਛਾਪੇਮਾਰੀ ਕੀਤੀ, ਜਿਸ ਮਾਮਲੇ ਸ਼ਾਹਰੁਖ਼ ਦਾ ਪੁੱਤਰ ਆਰੀਅਨ ਪਹਿਲਾਂ ਹੀ ਇਕ ਦੋਸ਼ੀ ਹੈ | ਅਧਿਕਾਰੀ ਅਨੁਸਾਰ ਐਨ.ਸੀ.ਬੀ. ਟੀਮ ਦੀ ਮੁੰਬਈ ਜ਼ੋਨਲ ਇਕਾਈ ਨਸ਼ੇ ਨਾਲ ਸਬੰਧਿਤ ਮਾਮਲੇ 'ਚ ਹੋਰ ਤੱਥ ਇਕੱਤਰ ਕਰਨ ਲਈ ਬੀਤੇ ਦਿਨ ਬਾਅਦ ਦੁਪਹਿਰ ਸ਼ਾਹਰੁਖ਼ ਖ਼ਾਨ ਦੀ ਸੁਬਰਬਨ ਬਾਂਦਰਾ ਸਥਿਤ ਰਿਹਾਇਸ਼ 'ਮੰਨਤ' ਵਿਖੇ ਪੁੱਜੀ | ਇਸ ਤੋਂ ਬਿਨਾਂ ਏਜੰਸੀ ਦੀ ਇਕ ਹੋਰ ਟੀਮ ਨੇ ਬਾਂਦਰਾ ਸਥਿਤ ਅਦਾਕਾਰ ਅਨੰਨਿਆ ਪਾਂਡੇ ਦੀ ਰਿਹਾਇਸ਼ 'ਤੇ ਵੀ ਛਾਪੇਮਾਰੀ ਕੀਤੀ | ਅਨੰਨਿਆ ਨੂੰ ਬਿਆਨ ਰਿਕਾਰਡ ਕਰਵਾਉਣ ਲਈ ਐਨ.ਸੀ.ਬੀ. ਦੇ ਦਫ਼ਤਰ ਵੀ ਬੁਲਾਇਆ ਗਿਆ ਸੀ | ਅਧਿਕਾਰੀਆਂ ਨੇ ਆਰੀਅਨ ਦੇ ਵਟਸ ਐਪ ਚੈਟ ਦੀ ਜਾਂਚ ਦੇ ਸਬੰਧ 'ਚ ਅਨੰਨਿਆ ਦੇ ਬਿਆਨ ਰਿਕਾਰਡ ਕੀਤੇ | ਇਸ ਮੌਕੇ ਅਨੰਨਿਆ ਦੇ ਪਿਤਾ ਚੰਕੀ ਪਾਂਡੇ ਵੀ ਉਸ ਦੇ ਨਾਲ ਸੀ | ਅਨੰਨਿਆ ਸ਼ਾਮ ਨੂੰ ਲਗਪਗ 4 ਵਜੇ ਏਜੰਸੀ ਦੇ ਘਰ ਪੁੱਜੀ ਅਤੇ ਉਸ ਕੋਲੋਂ 2 ਘੰਟੇ ਪੁੱਛਗਿੱਛ ਕੀਤੀ ਗਈ | ਏਜੰਸੀ ਨੇ ਸ਼ੁੱਕਰਵਾਰ ਨੂੰ ਫਿਰ ਅਨੰਨਿਆ ਨੂੰ ਪੁੱਛਗਿੱਛ ਲਈ ਬੁਲਾਇਆ ਹੈ | ਮਾਮਲੇ ਦੇ ਸਬੰਧ 'ਚ ਐਨ.ਸੀ.ਬੀ. ਮੁੰਬਈ ਵਿਖੇ ਕਈ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ | ਇਸ ਤੋਂ ਇਲਾਵਾ ਵੀਰਵਾਰ ਸਵੇਰ ਨੂੰ ਸ਼ਾਹਰੁਖ਼ ਖ਼ਾਨ ਨੇ ਮੁੰਬਈ ਦੀ ਆਰਥਰ ਰੋਡ ਜੇਲ੍ਹ 'ਚ ਬੰਦ ਆਪਣੇ ਪੁੱਤਰ ਆਰੀਅਨ ਖ਼ਾਨ ਨਾਲ ਮੁਲਾਕਾਤ ਕੀਤੀ | ਸ਼ਾਹਰੁਖ ਸਵੇਰੇ 9 ਵਜੇ ਕੇਂਦਰੀ ਮੁੰਬਈ ਦੀ ਜੇਲ੍ਹ 'ਚ ਪੁੱਜੇ, ਜਿੱਥੇ ਅੰਦਰ ਜਾਣ ਤੋਂ ਪਹਿਲਾਂ ਉਨ੍ਹਾਂ ਦਾ ਆਧਾਰ ਕਾਰਡ ਤੇ ਹੋਰ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ | ਸ਼ਾਹਰੁਖ਼ ਨੇ 15-20 ਮਿੰਟ ਤੱਕ ਆਰੀਅਨ ਨਾਲ ਮੁਲਾਕਾਤ ਕੀਤੀ | ਜ਼ਿਕਰਯੋਗ ਹੈ ਕਿ ਆਰੀਅਨ ਨੂੰ ਵੀਰਵਾਰ ਨੂੰ ਆਰਥਰ ਰੋਡ ਜੇਲ੍ਹ ਦੀ ਵਿਸ਼ੇਸ਼ ਸੈੱਲ 'ਚ ਤਬਦੀਲ ਕੀਤਾ ਗਿਆ | ਇਸ ਤੋਂ ਪਹਿਲਾਂ ਉਸ ਨੂੰ ਜੇਲ੍ਹ ਦੇ ਆਮ ਸੈੱਲ 'ਚ ਰੱਖਿਆ ਗਿਆ ਸੀ ਪਰ ਉਸ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ, ਹੁਣ ਉਸ ਨੂੰ ਵਿਸ਼ੇਸ਼ ਬੈਰਕ 'ਚ ਰੱਖਿਆ ਗਿਆ ਹੈ, ਜਿੱਥੇ ਉਹ ਅਧਿਕਾਰੀਆਂ ਦੀ ਨਿਗਰਾਨੀ ਹੇਠ ਹੈ | ਇਸ ਤੋਂ ਪਹਿਲਾਂ ਬੁੱਧਵਾਰ ਨੂੰ ਵਿਸ਼ੇਸ਼ ਅਦਾਲਤ ਨੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਰੋਜ਼ਾਨਾ ਸੇਵਨ ਦੇ ਮਾਮਲੇ 'ਚ ਹੋਰ ਜਾਂਚ ਕਾਰਨ ਆਰੀਅਨ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ | ਆਰੀਅਨ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ 26 ਅਕਤੂਬਰ ਨੂੰ ਹੋਵੇਗੀ | ਅਦਾਲਤ ਨੇ ਅੱਜ ਆਰੀਅਨ ਦੀ ਨਿਆਇਕ ਹਿਰਾਸਤ ਵਿਚ 30 ਅਕਤੂਬਰ ਤੱਕ ਵਾਧਾ ਕਰ ਦਿੱਤਾ | ਹਾਲਾਂਕਿ ਐਨ.ਸੀ.ਬੀ. ਦੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਸ਼ਾਹਰੁਖ਼ ਖ਼ਾਨ ਦੇ ਘਰ ਛਾਪੇਮਾਰੀ ਨਹੀਂ ਕੀਤੀ ਗਈ | ਐਨ.ਸੀ.ਬੀ. ਜ਼ੋਨਲ ਨਿਰਦੇਸ਼ਕ ਸਮੀਰ ਵਾਨਖੇੜੇ ਨੇ ਬਿਆਨ 'ਚ ਕਿਹਾ, ਏਜੰਸੀ ਵਲੋਂ ਸ਼ਾਹਰੁਖ਼ ਦੇ ਘਰ ਆਰੀਅਨ ਖ਼ਾਨ ਨਾਲ ਸਬੰਧਿਤ ਕੁਝ ਦਸਤਾਵੇਜ਼ ਇਕੱਤਰ ਕਰਨ ਲਈ ਦੌਰਾ ਕੀਤਾ ਗਿਆ |