ਚੀਨ ਗੈਸ ਧਮਾਕੇ ’ਚ ਚਾਰ ਹਲਾਕ, 47 ਜ਼ਖ਼ਮੀ
ਚੀਨ ਗੈਸ ਧਮਾਕੇ ’ਚ ਚਾਰ ਹਲਾਕ, 47 ਜ਼ਖ਼ਮੀ
ਪੇਈਚਿੰਗ-ਉੱਤਰ-ਪੂੁਰਬੀ ਚੀਨ ਦੇ ਲਿਆਓਨਿੰਗ ਸੂਬੇ ਦੀ ਰਾਜਧਾਨੀ ਸ਼ੈਨਯਾਂਗ ਦੇ ਰੈਸਟੋਰੈਂਟ ਵਿੱਚ ਅੱਜ ਹੋੲੇ ਗੈਸ ਧਮਾਕੇ ਵਿੱਚ ਚਾਰ ਵਿਅਕਤੀ ਹਲਾਕ ਤੇ 47 ਹੋਰ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕੀਤਾ ਗਿਆ ਹੈ। ਫਾਇਰ ਬ੍ਰਿਗੇਡ ਅਮਲੇ ਦੇ 100 ਕਰੀਬ ਮੈਂਬਰਾਂ ਨੇ ਅੱਗ ’ਤੇ ਕਾਬੂ ਪਾਇਆ ਤੇ ਰਾਹਤ ਕਾਰਜਾਂ ਵਿੱਚ ਮਦਦ ਕੀਤੀ। ਆਨਲਾਈਨ ਨਸ਼ਰ ਵੀਡੀਓ ਫੁਟੇਜ ਵਿੱਚ ਤਿੰਨ ਮੰਜ਼ਿਲਾ ਇਮਾਰਤ ਨੂੰ ਵੱਡਾ ਨੁਕਸਾਨ ਪੁੱਜਾ ਨਜ਼ਰ ਆ ਰਿਹਾ ਹੈ ਤੇ ਇਲਾਕੇ ਵਿੱਚ ਮਲਬੇ ਦਾ ਵੱਡਾ ਢੇਰ ਲੱਗਾ ਹੋਇਆ ਹੈ ਤੇ ਨੇੜਲੀਆਂ ਇਮਾਰਤਾਂ ਵੀ ਨੁਕਸਾਨੀਆਂ ਗਈਆਂ ਹਨ। ਸਰਕਾਰੀ ਟੀਵੀ ਸੀਜੀਟੀਐੱਨ ਨੇ ਆਪਣੀ ਇਕ ਰਿਪੋਰਟ ਵਿੱਚ ਰੈਸਟੋਰੈਂਟ ਨਜ਼ਦੀਕ ਖੜ੍ਹੀਆਂ ਕਾਰਾਂ ਨੂੰ ਨੁਕਸਾਨ ਪੁੱਜਣ ਦਾ ਵੀ ਦਾਅਵਾ ਕੀਤਾ ਹੈ। ਚਸ਼ਮਦੀਦਾਂ ਨੇ ਕਿਹਾ ਕਿ ਜਦੋਂ ਧਮਾਕਾ ਹੋਇਆ ਇੰਜ ਲੱਗਾ ਕਿ ‘ਕਿਸੇ ਨੇ ਬੰਬ ਸੁੱਟਿਆ’ ਹੋਵੇ। ਮੀਡੀਆ ਰਿਪੋਰਟਾਂ ਨੇ ਵੱਖ ਵੱਖ ਸਰੋਤਾਂ ਦੇ ਹਵਾਲੇ ਨਾਲ ਕਿਹਾ ਕਿ ਖੇਤਰ ਵਿੱਚ ਗੈਸ ਪਾਈਪਲਾਈਨ ’ਤੇ ਉਸਾਰੀ ਦਾ ਕੰਮ ਚੱਲ ਰਿਹਾ ਸੀ। ਉਧਰ ਗੈਸ ਕੰਪਨੀ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ।