ਦੱਖਣੀ ਕੋਰੀਆ ਵੱਲੋਂ ਦੇਸ਼ ਵਿਚ ਬਣੇ ਪਹਿਲੇ ਪੁਲਾੜ ਰਾਕੇਟ ਦਾ ਪ੍ਰੀਖਣ
ਦੱਖਣੀ ਕੋਰੀਆ ਵੱਲੋਂ ਦੇਸ਼ ਵਿਚ ਬਣੇ ਪਹਿਲੇ ਪੁਲਾੜ ਰਾਕੇਟ ਦਾ ਪ੍ਰੀਖਣ
ਸਿਓਲ-ਦੱਖਣੀ ਕੋਰੀਆ ਨੇ ਅੱਜ ਦੇਸ਼ ਵਿਚ ਬਣੇ ਆਪਣੇ ਪਹਿਲੇ ਪੁਲਾੜ ਰਾਕੇਟ ਦਾ ਪ੍ਰੀਖਣ ਕੀਤਾ, ਜਿਸ ਨੂੰ ਅਧਿਕਾਰੀਆਂ ਨੇ ਉਪ ਗ੍ਰਹਿ ਲਾਂਚ ਪ੍ਰੋਗਰਾਮ ਦੀ ਦਿਸ਼ਾ ਵਿਚ ਦੇਸ਼ ਦਾ ਇਕ ਅਹਿਮ ਕਦਮ ਕਰਾਰ ਦਿੱਤਾ ਹੈ। ਹਾਲਾਂਕਿ, ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਤਿੰਨ ਪੜਾਵਾਂ ਵਾਲਾ ਨੂਰੀ ਰਾਕੇਟ 1.5 ਟਨ ਵਜ਼ਨੀ ਪੇਅਲੋਡ ਨੂੰ ਧਰਤੀ ਤੋਂ 600 ਤੋਂ 800 ਕਿਲੋਮੀਟਰ ਉੱਪਰ ਪੰਧ ਵਿੱਚ ਲੈ ਕੇ ਜਾਣ ’ਚ ਸਫ਼ਲ ਹੋ ਸਕਿਆ ਹੈ ਜਾਂ ਨਹੀਂ। ਇਹ ਪੇਅਲੋਡ ਸਟੀਲ ਅਤੇ ਅਲੂਮੀਨੀਅਮ ਨਾਲ ਬਣਿਆ ਬਲਾਕ ਹੈ।
ਇਸ ਪਰੀਖਣ ਦੇ ਸਿੱਧੇ ਪ੍ਰਸਾਰਨ ਦੇ ਫੁਟੇਜ ਵਿਚ ਨਾਰੋ ਪੁਲਾੜ ਕੇਂਦਰ ਤੋਂ 47 ਮੀਟਰ ਲੰਬਾ ਰਾਕੇਟ ਚਮਕੀਲੀ ਪੀਲੀ ਰੋਸ਼ਨੀ ਨਾਲ ਹਵਾ ਵਿਚ ਉੱਪਰ ਉੱਠਦਾ ਹੋਇਆ ਦਿਸਿਆ। ਇਹ ਦੇਸ਼ ਦਾ ਇਕ ਮਾਤਰ ਪੁਲਾੜ ਕੇਂਦਰ ਹੈ। ਇਸ ਪ੍ਰੀਖਣ ਦੀ ਨਿਗਰਾਨੀ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਅ ਇਨ ਕਰ ਰਹੇ ਸਨ। ਹਾਲਾਂਕਿ, ਪ੍ਰੀਖਣ ਵਿਚ ਇਕ ਘੰਟੇ ਦੀ ਦੇਰੀ ਹੋਈ ਕਿਉਂਕਿ ਇੰਜਨੀਅਰਾਂ ਨੂੰ ਰਾਕੇਟ ਦੇ ਵਾਲਵ ਜਾਂਚਣ ਵਿਚ ਜ਼ਿਆਦਾ ਸਮੇਂ ਦੀ ਲੋੜ ਸੀ। ਉੱਧਰ, ਤੇਜ਼ ਹਵਾਵਾਂ ਤੇ ਮੌਸਮ ਸਬੰਧੀ ਹੋਰ ਹਾਲਾਤ ਦੀ ਚਿੰਤਾ ਵੀ ਸੀ, ਜੋ ਸਫ਼ਲ ਪ੍ਰੀਖਣ ਵਿਚ ਅੜਿੱਕਾ ਬਣ ਸਕਦੇ ਸਨ। ਦੇਸ਼ ਦੀ ਪੁਲਾੜ ਏਜੰਸੀ ‘ਕੋਰੀਆ ਐਰੋਸਪੇਸ ਰਿਸਰਚ ਇੰਸਟੀਚਿਊਟ’ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਗੱਲ ਦੀ ਪੁਸ਼ਟੀ ਕਰਨ ਵਿਚ ਅਜੇ ਕੁਝ ਸਮਾਂ ਲੱਗੇਗਾ ਕਿ ਰਾਕੇਟ ਪੇਅਲੋਡ ਨੂੰ ਪੰਧ ਵਿਚ ਪਹੁੰਚਾਉਣ ’ਚ ਸਫ਼ਲ ਹੋਇਆ ਜਾਂ ਨਹੀਂ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਪ੍ਰੀਖਣ ਦੇਸ਼ ਦੀਆਂ ਪੁਲਾੜ ਸਬੰਧੀ ਇੱਛਾਵਾਂ ਲਈ ਅਹਿਮ ਹੋਵੇਗਾ। ਦੇਸ਼ 2030 ਤੱਕ ਚੰਦਰਮਾ ’ਤੇ ਇਕ ਯਾਨ ਭੇਜਣ ਦੀ ਯੋਜਨਾ ਵੀ ਬਣਾ ਰਿਹਾ ਹੈ।