ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਉਮੜਿਆ ਸੰਗਤਾਂ ਦਾ ਸੈਲਾਬ
ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਉਮੜਿਆ ਸੰਗਤਾਂ ਦਾ ਸੈਲਾਬ
ਅੰਮਿ੍ਤਸਰ-ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅੱਜ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸੰਗਤਾਂ ਦਾ ਸੈਲਾਬ ਨਜ਼ਰ ਆਇਆ ਅਤੇ ਪਰਿਕਰਮਾ 'ਚ ਬੇਰ ਬਾਬਾ ਬੁੱਢਾ ਸਾਹਿਬ ਨੇੜੇ ਸਥਿਤ ਛਬੀਲ ਤੱਕ ਸੰਗਤਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਸਨ | ਅੰਮਿ੍ਤ ਵੇਲੇ ਤੋਂ ਦੇਰ ਰਾਤ ਤੱਕ ਸ਼ਰਧਾਲੂਆਂ ਨੇ ਪਾਵਨ ਸਰੋਵਰ 'ਚ ਇਸ਼ਨਾਨ ਕਰਕੇ ਸ਼ਰਧਾ ਸਹਿਤ ਗੁਰੂ ਦਰ 'ਤੇ ਸੀਸ ਨਿਵਾਇਆ ਤੇ ਗੁਰਬਾਣੀ ਕੀਰਤਨ ਸਰਵਣ ਕੀਤਾ | ਰੰਗ ਬਿਰੰਗੇ ਫੁੱਲਾਂ ਦੀ ਸਜਾਵਟ ਸ਼ਰਧਾਲੂਆਂ ਦਾ ਮਨ ਮੋਹ ਰਹੀ ਸੀ | ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁੰਦਰ ਜਲੌਅ ਸਜਾਏ ਗਏ | ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਇ ਸਾਹਿਬ ਵਿਖੇ ਵੀ ਸਜਾਏ ਗਏ ਸੁੰਦਰ ਜਲੌਅ ਵੀ ਸੰਗਤਾਂ ਲਈ ਖਿੱਚ ਦਾ ਕੇਂਦਰ ਬਣੇ ਰਹੇ | ਇਸੇ ਦੌਰਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਪੰਥ ਪ੍ਰਸਿੱਧ ਰਾਗੀ, ਢਾਡੀ ਤੇ ਕਵੀਸ਼ਰ ਜਥਿਆਂ ਨੇ ਸੰਗਤਾਂ ਨੂੰ ਗੁਰੂ-ਜੱਸ ਸਰਵਣ ਕਰਵਾਇਆ | ਜਿੱਥੇ ਅੱਜ ਹੋਏ ਕਵੀ ਦਰਬਾਰ 'ਚ ਪੰਥਕ ਕਵੀਆਂ ਨੇ ਗੁਰੂ ਸਾਹਿਬ ਦੇ ਲਾਸਾਨੀ ਜੀਵਨ ਬਾਰੇ ਧਾਰਮਿਕ ਕਵਿਤਾਵਾਂ ਪੇਸ਼ ਕੀਤੀਆਂ, ਉਥੇ ਬੀਤੀ ਰਾਤ ਰਾਗ ਦਰਬਾਰ ਅਤੇ ਪੜਤਾਲ ਗਾਇਣ ਕੀਰਤਨ ਸਮਾਗਮ 'ਚ ਪ੍ਰਸਿੱਧ ਰਾਗੀ ਜਥਿਆਂ ਨੇ ਸ੍ਰੀ ਗੁਰੂ ਰਾਮਦਾਸ ਜੀ ਦੀ ਪਾਵਨ ਗੁਰਬਾਣੀ 'ਚੋਂ ਰਾਗ ਆਧਾਰਤ ਸ਼ਬਦ ਕੀਰਤਨ ਤੰਤੀ ਤੇ ਰਵਾਇਤੀ ਸਾਜ਼ਾਂ ਨਾਲ ਸਰਵਣ ਕਰਵਾਇਆ | ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਸੰਗਤਾਂ ਨੂੰ ਚੌਥੇ ਪਾਤਸ਼ਾਹ ਦੇ ਜੀਵਨ ਅਤੇ ਉਪਦੇਸ਼ਾਂ ਅਨੁਸਾਰ ਜੀਵਨ ਜਿਊਣ ਦੀ ਪ੍ਰੇਰਨਾ ਕੀਤੀ | ਵੱਖ-ਵੱਖ ਧਾਰਮਿਕ ਮੁਕਾਬਲਿਆਂ 'ਚੋਂ ਅੱਵਲ ਆਏ ਵਿਦਿਆਰਥੀਆਂ ਨੂੰ ਸ਼ੋ੍ਰਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਤੇ ਹੋਰਨਾਂ ਵਲੋਂ ਸਨਮਾਨਿਤ ਕੀਤਾ ਗਿਆ |