ਨਵਜੋਤ ਸਿੱਧੂ ਨੇ ਚੰਨੀ ਸਰਕਾਰ ’ਤੇ ਮੁੜ ਸੇਧਿਆ ਨਿਸ਼ਾਨਾ

ਨਵਜੋਤ ਸਿੱਧੂ ਨੇ ਚੰਨੀ ਸਰਕਾਰ ’ਤੇ ਮੁੜ ਸੇਧਿਆ ਨਿਸ਼ਾਨਾ

ਨਵਜੋਤ ਸਿੱਧੂ ਨੇ ਚੰਨੀ ਸਰਕਾਰ ’ਤੇ ਮੁੜ ਸੇਧਿਆ ਨਿਸ਼ਾਨਾ
ਚੰਡੀਗੜ੍ਹ-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਰਮਿਆਨ ਚੱਲ ਰਹੀ ਠੰਢੀ ਜੰਗ ਖਤਮ ਨਹੀਂ ਹੋ ਰਹੀ। ਸੂਬੇ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਸੇ ਦਾ ਨਾਂ ਲਏ ਬਿਨਾਂ ਆਪਣੇ ਪੁਰਾਣੇ ਸਟੈਂਡ ਦੀ ਪ੍ਰੋੜਤਾ ਕਰਦਿਆਂ ਸਰਕਾਰ ’ਤੇ ਨਿਸ਼ਾਨਾ ਸੇਧਿਆ ਹੈ। ਟਵਿੱਟਰ ’ਤੇ ਆਪਣੀ ਲੜਾਈ ਜਾਰੀ ਰੱਖਦਿਆਂ ਨਵਜੋਤ ਸਿੰਘ ਸਿੱਧੂ ਨੇ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ’ਤੇ ਨਿਸ਼ਾਨੇ ਸੇਧਦਿਆਂ ਇਹ ਗੱਲ ਦੁਹਰਾਈ ਹੈ ਕਿ ਉਹ (ਸਿੱਧੂ) ਪੰਜਾਬ ਦੇ ਅਸਲ ਮੁੱਦਿਆਂ ’ਤੇ ਖੜ੍ਹੇ ਰਹਿਣਗੇ ਅਤੇ ਇਨ੍ਹਾਂ ਮੁੱਦਿਆਂ ਨੂੰ ਪਿਛਾਂਹ ਨਹੀਂ ਧੱਕਣ ਦੇਣਗੇ।
ਸ੍ਰੀ ਸਿੱਧੂ ਨੇ ਉਪਰੋਂਥਲੀ ਤਿੰਨ ਟਵੀਟ ਕਰਕੇ ਸਰਕਾਰ ਨੂੰ ਸਖਤ ਸੁਨੇਹਾ ਦਿੱਤਾ ਹੈ।  ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਸੂਬੇ ਦੇ ਵਿੱਤੀ ਹਾਲਾਤ ਦੀ ਗੱਲ ਕਰਦਿਆਂ ਕਿਹਾ, ‘ਸੂਬੇ ਦੇ ਸਰੋਤ ਸੂਬੇ ਦੇ ਖ਼ਜ਼ਾਨੇ ਵਿੱਚ ਕੌਣ ਵਾਪਸ ਲਿਆਵੇਗਾ ਤਾਂ ਜੋ ਇਹ ਨਿੱਜੀ ਜੇਬਾਂ ਵਿੱਚ ਨਾ ਚਲੇ ਜਾਣ।’ ਸ੍ਰੀ ਸਿੱਧੂ ਨੇ ਇਕ ਟਵੀਟ ਵਿੱਚ ਕਿਹਾ, ‘‘ਪੰਜਾਬ ਨੂੰ ਆਪਣੇ ਉਨ੍ਹਾਂ ਅਸਲ ਮੁੱਦਿਆਂ ’ਤੇ ਵਾਪਸ ਆਉਣਾ ਪਵੇਗਾ ਜਿਹੜੇ ਹਰ ਪੰਜਾਬੀ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨਾਲ ਜੁੜੇ ਹੋਏ ਹਨ। ਅਸੀਂ ਵਿੱਤੀ ਐਮਰਜੈਂਸੀ ਦਾ ਸਾਹਮਣਾ ਕਿਵੇਂ ਕਰਾਂਗੇ ਜਿਹੜੀ ਸਾਡੇ ਸਾਹਮਣੇ ਮੂੰਹ ਅੱਡੀ ਖੜ੍ਹੀ ਹੈ? ਮੈਂ ਅਸਲ ਮੁੱਦਿਆਂ ’ਤੇ ਖੜ੍ਹਾ ਰਹਾਂਗਾ ਅਤੇ ਉਨ੍ਹਾਂ ਨੂੰ ਪਿੱਛੇ ਨਹੀਂ ਪੈਣ ਦੇਵਾਂਗਾ।’’ ਇਕ ਹੋਰ ਟਵੀਟ ਵਿੱਚ ਉਨ੍ਹਾਂ ਆਖ਼ਿਆ, ‘‘ਸਾਨੂੰ ਚੋਣ ਕਰਨੀ ਹੋਵੇਗੀ ਕਿ ਅਸੀਂ ਕੋਈ ਵੱਡਾ ਨੁਕਸਾਨ ਕਰ ਜਾਈਏ ਜਾਂ ਫ਼ਿਰ ਨੁਕਸਾਨ ਕੰਟਰੋਲ ਕਰਨ ਦੇ ਆਖ਼ਰੀ ਮੌਕੇ ਨੂੰ ਸਾਂਭ ਲਈਏ। ਪੰਜਾਬ ਦੇ ਸਰੋਤਾਂ ਨੂੰ ਪੰਜਾਬ ਦੇ ਖ਼ਜ਼ਾਨੇ ਵਿੱਚ ਲਿਆਉਣ ਲਈ ਕੌਣ ਅੱਗੇ ਆਵੇਗਾ ਤਾਂ ਜੋ ਇਹ ਨਿੱਜੀ ਜੇਬਾਂ ਵਿੱਚ ਨਾ ਜਾ ਸਮਾਉਣ। ਸੂਬੇ ਨੂੰ ਮੁੜ ਪੈਰਾਂ ਸਿਰ ਕਰਨ ਅਤੇ ਖੁਸ਼ਹਾਲੀ ਵੱਲ ਲਿਜਾਣ ਦੀ ਪਹਿਲਕਦਮੀ ਦੀ ਅਗਵਾਈ ਕੌਣ ਕਰੇਗਾ।’’ਨਵਜੋਤ ਸਿੰਘ ਸਿੱਧੂ ਨੇ ਕਿਹਾ, ‘‘ਧੁੰਦਲਕਾ ਹਟ ਜਾਣ ਦੇਈਏ, ਹਕੀਕਤ ਨੂੰ ਪੰਜਾਬ ਦੀ ਪੁਨਰ ਸੁਰਜੀਤੀ ਦੇ ਖਾਕੇ ’ਤੇ ਸੂਰਜ ਵਾਂਗ ਚਮਕਣ ਦਈਏ। ਉਨ੍ਹਾਂ ਨੂੰ ਪਿੱਛੇ ਹਟਾਈਏ ਜਿਹੜੇ ਨਿੱਜੀ ਸਵਾਰਥਾਂ ਦੀ ਰਾਖ਼ੀ ਕਰਦੇ ਹਨ। ਸਿਰਫ਼ ਉਸ ਰਾਹ ’ਤੇ ਧਿਆਨ ਕੇਂਦਰਿਤ ਕਰੀਏ ਜਿਹੜਾ ਸਾਨੂੰ ਉਸ ਪਾਸੇ ਲਿਜਾਏਗਾ ਜਿੱਥੇ ਜਿੱਤੇਗਾ ਪੰਜਾਬ, ਜਿੱਤੇਗੀ ਪੰਜਾਬੀਅਤ ਅਤੇ ਜਿੱਤੇਗਾ ਹਰ ਪੰਜਾਬੀ।’’ ਪਾਰਟੀ ਆਗੂਆਂ ਦਾ ਦੱਸਣਾ ਹੈ ਕਿ ਸ੍ਰੀ ਚੰਨੀ ਅਤੇ ਸ੍ਰੀ ਸਿੱਧੂ ਵਿਚਾਲੇ ਕਈ ਮੀਟਿੰਗਾਂ ਹੋਈਆਂ, ਜਿਨ੍ਹਾਂ ਵਿੱਚੋਂ ਕੁਝ ਵਿੱਚ ਹਾਈ ਕਮਾਨ ਦੇ ਪ੍ਰਤੀਨਿਧਾਂ ਸਣੇ ਕੁਝ ਹੋਰ ਆਗੂ ਵਿਚੋਲਗੀ ਕਰ ਚੁੱਕੇ ਹਨ। ਤਾਜ਼ਾ ਘਟਨਾਕ੍ਰਮ ਤੋਂ ਅਜਿਹਾ ਲੱਗਦਾ ਹੈ ਕਿ ਹੁਣ ਤੱਕ ਦੀਆਂ ਕੋਸ਼ਿਸ਼ਾਂ ਦੋਵਾਂ ਆਗੂਆਂ ਵਿਚਾਲੇ ਮਤਭੇਦ ਖਤਮ ਕਰਨ ’ਚ ਨਾਕਾਮ ਰਹੀਆਂ ਹਨ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੱਖੀਆਂ ਤੇ ਉਨ੍ਹਾਂ ਦੇ ਵਿਰੋਧੀਆਂ ਦਰਮਿਆਨ ਚੱਲ ਰਹੀ ਸ਼ਬਦੀ ਜੰਗ ਅੱਜ ਸ਼ਾਂਤ ਰਹੀ।

Radio Mirchi