ਨਵਾਬ ਕਪੂਰ ਸਿੰਘ ਤੇ ਜੱਸਾ ਸਿੰਘ ਆਹਲੂਵਾਲੀਆ ਦੀ ਬਰਸੀ ਸਬੰਧੀ ਸਮਾਗਮ
ਨਵਾਬ ਕਪੂਰ ਸਿੰਘ ਤੇ ਜੱਸਾ ਸਿੰਘ ਆਹਲੂਵਾਲੀਆ ਦੀ ਬਰਸੀ ਸਬੰਧੀ ਸਮਾਗਮ
ਅੰਮ੍ਰਿਤਸਰ-ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਗੁਰਦੁਆਰਾ ਮੱਲ ਅਖਾੜਾ ਪਾਤਸ਼ਾਹੀ ਛੇਵੀਂ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਵਿਖੇ ਸਿੱਖ ਇਤਿਹਾਸ ਦੇ ਮਹਾਨ ਨਾਇਕ ਨਵਾਬ ਕਪੂਰ ਸਿੰਘ ਤੇ ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਬਰਸੀ ਤੇ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਪੂਰਨ ਸ਼ਰਧਾ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਅਖੰਡ ਪਾਠਾਂ ਦੇ ਭੋਗ ਪਾਉਣ ਮਗਰੋਂ ਕੀਰਤਨੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ।
ਜਥੇਦਾਰ ਬਾਬਾ ਬਲਬੀਰ ਸਿੰਘ ਦੇ ਨਿਰਦੇਸ਼ਾਂ ਹੇਠ ਇਹ ਗੁਰਮਤਿ ਸਮਾਗਮ ਕਰਵਾਏ ਗਏ। ਸੰਪੂਰਨਤਾ ਦੀ ਅਰਦਾਸ ਬਾਬਾ ਬੂਟਾ ਸਿੰਘ ਲੰਬਵਾਲੀ ਨੇ ਕੀਤੀ ਤੇ ਪ੍ਰਸਿੱਧ ਰਾਗੀ ਭਾਈ ਹਰਜੀਤ ਸਿੰਘ ਬਟਾਲਾ ਨੇ ਕੀਰਤਨ ਕੀਤਾ। ਗਿਆਨੀ ਕੇਵਲ ਸਿੰਘ ਕੋਮਲ ਢੱਡਿਆਂ ਵਾਲੇ ਦੇ ਢਾਡੀ ਜਥੇ ਨੇ ਮਹਾਨ ਜਰਨੈਲਾਂ ਦੀਆਂ ਵਾਰਾਂ ਗਾ ਕੇ ਜੁੜੀ ਸੰਗਤ ਨੂੰ ਇਤਿਹਾਸ ਨਾਲ ਜੋੜਿਆ। ਸਕੱਤਰ ਬੁੱਢਾ ਦਲ ਦਿਲਜੀਤ ਸਿੰਘ ਬੇਦੀ ਨੇ ਬਾਬਾ ਨਵਾਬ ਕਪੂਰ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆਂ ਤੇ ਬਾਬਾ ਬੁੱਢਾ ਜੀ ਬਾਰੇ ਇਤਿਹਾਸਕ ਤੱਥ ਸੰਗਤ ਨਾਲ ਸਾਂਝੇ ਕੀਤੇ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਇਨ੍ਹਾਂ ਮਹਾਨ ਸੂਰਮਿਆਂ ਵੱਲੋਂ ਪਾਏ ਪੂਰਨਿਆਂ ਨੂੰ ਆਪਣੇ ਜੀਵਨ ਵਿੱਚ ਢਾਲਣ।