ਪਾਕਿ ਨਾਲ ਨਹੀਂ ਕਸ਼ਮੀਰੀ ਭੈਣ-ਭਰਾਵਾਂ ਨਾਲ ਕਰਾਂਗੇ ਗੱਲਬਾਤ-ਅਮਿਤ ਸ਼ਾਹ

ਪਾਕਿ ਨਾਲ ਨਹੀਂ ਕਸ਼ਮੀਰੀ ਭੈਣ-ਭਰਾਵਾਂ ਨਾਲ ਕਰਾਂਗੇ ਗੱਲਬਾਤ-ਅਮਿਤ ਸ਼ਾਹ

ਪਾਕਿ ਨਾਲ ਨਹੀਂ ਕਸ਼ਮੀਰੀ ਭੈਣ-ਭਰਾਵਾਂ ਨਾਲ ਕਰਾਂਗੇ ਗੱਲਬਾਤ-ਅਮਿਤ ਸ਼ਾਹ
ਸ੍ਰੀਨਗਰ, 25 ਅਕਤੂਬਰ -ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਆਪਣੇ ਦੌਰੇ ਦੇ ਤੀਜੇ ਦਿਨ ਸ੍ਰੀਨਗਰ ਦੇ ਸ਼ੇਰੇ-ਕਸ਼ਮੀਰ ਅੰਤਰਰਾਸ਼ਟਰੀ ਕਨਵੈਨਸ਼ਨ ਸੈਂਟਰ (ਐਸ. ਕੇ. ਆਈ. ਸੀ. ਸੀ.) ਵਿਖੇ ਇਕ ਰੈਲੀ ਨੂੰ ਸੰਬੋਧਨ ਕਰਨ ਸਮੇਂ 'ਬੁਲਟ-ਪਰੂਫ ਸ਼ੀਸ਼ੇ' ਦੀ ਸ਼ੀਲਡ ਨੂੰ ਹਟਾਉਂਦਿਆ ਕਿਹਾ ਕਿ ਉਹ ਕਸ਼ਮੀਰ ਦੇ ਲੋਕਾਂ ਨਾਲ ਸਿੱਧੀ ਗੱਲ ਕਰਨਾ ਚਾਹੁੰਦੇ ਹਨ। ਪਾਕਿਸਤਾਨ ਨਾਲ ਗੱਲਬਾਤ ਕਰਨ ਦੀ ਵਕਾਲਤ ਕਰਨ ਵਾਲੇ ਫਾਰੂਕ ਅਬਦੁੱਲਾ 'ਤੇ ਤਨਜ਼ ਕੱਸਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਜੇਕਰ ਉਹ ਗੱਲਬਾਤ ਕਰਨਗੇ ਤਾਂ ਸਿਰਫ ਜੰਮੂ-ਕਸ਼ਮੀਰ ਦੇ ਲੋਕਾਂ ਨਾਲ ਕਰਨਗੇ ਕਿਉਂਕਿ ਕਸ਼ਮੀਰ ਦੇ ਲੋਕ ਉਨ੍ਹਾਂ ਦੇ ਆਪਣੇ ਲੋਕ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ 'ਚ ਜੰਮੂ-ਕਸ਼ਮੀਰ ਤੇਜ਼ੀ ਨਾਲ ਅਗੇ ਵਧ ਰਿਹਾ ਹੈ ਅਤੇ ਉਹ ਕਸ਼ਮੀਰ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਂਦੇ ਹਨ ਕਿ ਵਾਦੀ ਦੇ ਅਮਨ ਤੇ ਤਰੱਕੀ 'ਚ ਕਿਸੇ ਵੀ ਤਾਕਤ ਨੂੰ ਖਲਲ ਪਾਉਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ। ਉੁਨ੍ਹਾਂ ਪੁੱਛਿਆ ਕਿ ਕਸ਼ਮੀਰੀੇ ਨੌਜਵਾਨਾਂ ਦੇ ਹੱਥ ਪੱਥਰ ਤੇ ਹਥਿਆਰ ਫੜਾਉਣ ਵਾਲਿਆਂ ਤੁਹਾਨੂੰ ਕੀ ਦਿੱਤਾ ਹੈ? ਉਨ੍ਹਾਂ ਪੀ.ਡੀ.ਪੀ. ਅਤੇ ਨੈਸ਼ਨਲ ਕਾਨਫਰੰਸ 'ਤੇ ਵਰ੍ਹਦਿਆਂ ਕਿਹਾ ਕਿ ਇਨ੍ਹਾਂ ਦੇ ਕਾਰਜਕਾਲ ਦੌਰਾਨ ਕਸ਼ਮੀਰ 'ਚ 40 ਹਜ਼ਾਰ ਲੋਕ ਮਾਰੇ ਗਏ, ਇਹ ਪਾਰਟੀਆਂ ਨਾਗਰਿਕਾਂ ਦੇ ਅੱਤਵਾਦੀਆਂ ਹੱਥੋਂ ਕਤਲ ਹੋਣ ਦੀ ਕਦੇ ਨਿਖੇਧੀ ਕਿਉਂ ਨਹੀ ਕਰਦੀਆਂ। ਜਿਹੜੇ ਕੰਮ ਪਿਛਲੇ 70 ਸਾਲਾਂ 'ਚ ਨਹੀ ਹੋ ਸਕੇ ਉਹ 2 ਸਾਲਾਂ 'ਚ ਕਿਵੇਂ ਹੋ ਗਏ? ਹੁਣ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲਿਆ ਨੂੰ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਮੇਰਾ ਤੁਹਾਡੇ ਨਾਲ ਵਾਅਦਾ ਹੈ ਕਿ 2024 ਤੱਕ ਜੰਮੂ-ਕਸ਼ਮੀਰ ਨੂੰ ਉਸ ਦੇ ਆਪਣੇ ਹੱਕ ਮਿਲ ਜਾਣਗੇ। ਉਨ੍ਹਾਂ ਕਿਹਾ ਪਹਿਲਾਂ ਜੰਮੂ-ਕਸ਼ਮੀਰ 'ਚ ਕੇਵਲ ਰਾਜ ਕਰਨ ਵਾਲੇ 3 ਪਰਿਵਾਰਾਂ ਦੇ ਨਜ਼ਦੀਕੀਆਂ ਨੂੰ ਹੀ ਨੌਕਰੀਆਂ ਮਿਲਦੀਆਂ ਸੀ, ਪਰ ਹੁਣ ਨੌਕਰੀ ਲਈ ਕਿਸੇ ਦੀ ਸਿਫਾਰਸ਼ ਦੀ ਲੋੜ ਨਹੀ ਪੈਂਦੀ ਅਤੇ ਉਪ-ਰਾਜਪਾਲ ਵਲੋਂ ਹੁਣ ਤੱਕ 20 ਹਜ਼ਾਰ ਨੌਕਰੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਫਾਰੂਕ ਅਬਦੁੱਲਾ 'ਤੇ ਸਿੱਧਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਥੋਂ ਦਾ ਇਕ ਮੁੱਖ ਮੰਤਰੀ ਆਪਣੇ ਲੋਕਾਂ ਨੂੰ ਤਕਲੀਫ 'ਚ ਛੱਡ ਕੇ ਹਰ ਸਾਲ 6 ਮਹੀਨੇ ਲਈ ਲੰਡਨ 'ਚ ਆਰਾਮ ਕਰਨ ਲਈ ਚਲਾ ਜਾਂਦਾ ਸੀ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਜੰਮੂ-ਕਸ਼ਮੀਰ 'ਚ ਨਵੇਂ ਮੈਡੀਕਲ ਕਾਲਜ, ਆਈ.ਆਈ.ਟੀ, ਏਮਜ਼ ਦਿੱਤੇ ਗਏ ਹਨ। ਇਸ ਮੌਕੇ ਉਨ੍ਹਾਂ ਕਸ਼ਮੀਰ 'ਚ ਕਈ ਯੋਜਨਾਵਾਂ ਦਾ ਵੀਡੀਓ ਕਾਨਫਰੰਸਿੰਗ ਜ਼ਰੀਏ ਉਦਘਾਟਨ ਕੀਤਾ ਤੇ ਨੌਜਵਾਨਾਂ ਨੂੰ ਨੌਕਰੀਆ ਦੇ ਨਿਯੁਕਤੀ ਪੱਤਰ ਵੰਡੇ।
ਸਿੱਖ ਘੱਟ ਗਿਣਤੀ ਕੌਂਸਲ ਸਮੇਤ ਕਈ ਵਫ਼ਦਾਂ ਨਾਲ ਮੁਲਾਕਾਤ
ਉਨ੍ਹਾਂ ਅੱਜ ਦੇਰ ਸ਼ਾਮ ਵਾਦੀ ਦੇ ਪੰਚਾਂ, ਸਰਪੰਚਾਂ, ਡੀ.ਡੀ.ਸੀ. ਦੇ ਚੇਅਰਮੈਨਾਂ, ਸੂਫੀ ਸੰਤਾਂ ਦੇ ਵਫਦ ਤੋਂ ਇਲਾਵਾ ਸਿੱਖ ਘੱਟ ਗਿਣਤੀ ਕੌਂਸਲ ਦੇ ਮੈਂਬਰਾਂ ਨਾਲ ਕੀਤੀਆਂ ਮੁਲਾਕਾਤਾਂ ਦੌਰਾਨ ਉਨ੍ਹਾਂ ਦੀਆਂ ਸਮੱਸਿਆਵਾ ਸੁਣੀਆਂ ਤੇ ਇਨ੍ਹਾਂ ਨੂੰ ਦੂਰ ਕਰਨ ਦਾ ਭਰੋਸਾ ਦਿੱਤਾ। ਕੁਲਦੀਪ ਸਿੰਘ ਦੀ ਅਗਵਾਈ 'ਚ ਆਏ ਸਿੱਖ ਘੱਟ-ਗਿਣਤੀ ਕੌਂਸਲ ਦੇ ਵਫਦ ਨੇ ਵਾਦੀ ਦੇ ਸਿੱਖਾਂ ਦੇ ਮਸਲਿਆਂ ਦੇ ਹੱਲ ਲਈ ਗ੍ਰਹਿ ਮੰਤਰੀ ਨੂੰ ਇਕ ਯਾਦ ਪੱਤਰ ਸੌਂਪਿਆ। ਅਮਿਤ ਸ਼ਾਹ ਨੇ ਮਸ਼ਹੂਰ ਡੱਲ ਝੀਲ 'ਚ ਸ਼ਿਕਾਰਾ ਦੌੜ ਦਾ ਅਨੰਦ ਵੀ ਮਾਣਿਆ। ਅਮਿਤ ਸ਼ਾਹ ਨੇ ਗਾਂਦਰਬਲ ਜ਼ਿਲ੍ਹੇ ਦੇ ਤੁਲਮੁਲਾ ਇਲਾਕੇ 'ਚ ਇਤਿਹਾਸਕ ਮਾਤਾ ਖੀਰ ਭਿਵਾਨੀ ਮੰਦਰ 'ਚ ਹਾਜ਼ਰੀ ਭਰੀ।
ਪੁਲਵਾਮਾ 'ਚ ਸੀ.ਆਰ. ਪੀ. ਐਫ. ਦੇ ਕੈਂਪ 'ਚ ਬਿਤਾਈ ਰਾਤ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੁਲਵਾਮਾ ਦੇ ਲਤਪੋਰਾ ਸਥਿਤ ਸੀ.ਆਰ.ਪੀ.ਐਫ. ਦੇ ਕੈਂਪ 'ਚ ਰਾਤ ਬਿਤਾਈ ਅਤੇ ਜਵਾਨਾਂ ਤੇ ਅਧਿਕਾਰੀਆਂ ਨਾਲ ਰਾਤ ਦਾ ਭੋਜਨ ਖਾਧਾ। ਉਨ੍ਹਾਂ ਜਵਾਨਾਂ ਤੇ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਕਸ਼ਮੀਰ 'ਚ ਸ਼ਾਂਤੀ ਬਹਾਲੀ ਲਈ ਉਨ੍ਹਾਂ ਵਲੋਂ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦੀ ਕਾਨੂੰਨ ਵਿਵਸਥਾ 'ਚ ਬਹੁਤ ਸੁਧਾਰ ਹੋਇਆ। ਇਸ ਮੌਕੇ ਉਨ੍ਹਾਂ ਕਿਹਾ ਕਿ ਮੈਂ ਇਥੇ ਤੁਹਾਡੇ ਨਾਲ ਇਕ ਰਾਤ ਬਿਤਾ ਕੇ ਤੁਹਾਡੀਆਂ ਸਮੱਸਿਆਵਾਂ ਤੇ ਮੁਸ਼ਕਲਾਂ ਬਾਰੇ ਜਾਣਨਾ ਚਾਹੁੰਦਾ ਹਾਂ। ਇਸ ਦੌਰਾਨ ਉਨ੍ਹਾਂ ਫਰਵਰੀ 2019 ਨੂੰ ਪੁਲਵਾਮਾ ਦੇ ਲਤਪੋਰਾ 'ਚ ਜੈਸ਼ ਅੱਤਵਾਦੀ ਵਲੋਂ ਸੀ.ਆਰ.ਪੀ.ਐਫ. ਦੇ ਕਾਫ਼ਲੇ 'ਤੇ ਕੀਤੇ ਫਿਦਾਇਨ ਹਮਲੇ ਵਾਲੇ ਸਥਾਨ ਦਾ ਦੌਰਾ ਕੀਤਾ, ਜਿਸ 'ਚ 40 ਜਵਾਨ ਸ਼ਹੀਦ ਹੋ ਗਏ ਸਨ।

Radio Mirchi