ਬੇਅਦਬੀ ਮਾਮਲੇ 'ਚ ਡੇਰਾ ਮੁਖੀ ਨੂੰ 29 ਨੂੰ ਅਦਾਲਤ 'ਚ ਪੇਸ਼ ਕਰਨ ਦੇ ਹੁਕਮ
ਬੇਅਦਬੀ ਮਾਮਲੇ 'ਚ ਡੇਰਾ ਮੁਖੀ ਨੂੰ 29 ਨੂੰ ਅਦਾਲਤ 'ਚ ਪੇਸ਼ ਕਰਨ ਦੇ ਹੁਕਮ
ਫ਼ਰੀਦਕੋਟ-ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ 1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਕੇ ਬੇਅਦਬੀ ਕਰਨ ਦੇ ਦੋਸ਼ਾਂ ਤਹਿਤ ਥਾਣਾ ਬਾਜਾਖਾਨਾ ਵਿਖੇ ਦਰਜ ਮਾਮਲੇ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) ਵਲੋਂ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਗ੍ਰਿਫ਼ਤਾਰੀ ਲਈ ਇੱਥੋਂ ਦੀ ਜੁਡੀਸ਼ੀਅਲ ਮੈਜਿਸਟਰੇਟ ਮੈਡਮ ਤਰਜਨੀ ਦੀ ਅਦਾਲਤ 'ਚ ਅਰਜ਼ੀ ਦੇ ਕੇ ਡੇਰਾ ਮੁਖੀ ਦੇ ਪ੍ਰੋਡਕਸ਼ਨ ਵਾਰੰਟ ਜਾਰੀ ਕਰਨ ਦੀ ਮੰਗ ਕੀਤੀ ਹੈ। ਜੁਡੀਸ਼ੀਅਲ ਮੈਜਿਸਟਰੇਟ ਨੇ ਜਾਂਚ ਟੀਮ ਦੀ ਅਰਜ਼ੀ 'ਤੇ ਕਾਰਵਾਈ ਕਰਦਿਆਂ ਜੇਲ੍ਹ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਗੁਰਮੀਤ ਰਾਮ ਰਹੀਮ ਨੂੰ 29 ਅਕਤੂਬਰ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇ। ਦੱਸਣਯੋਗ ਹੈ ਕਿ ਸਿਟ ਵਲੋਂ ਬੇਅਦਬੀ ਮਾਮਲੇ 'ਚ 7 ਡੇਰਾ ਪ੍ਰੇਮੀ ਨਾਮਜ਼ਦ ਕੀਤੇ ਗਏ ਹਨ ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਡੇਰੇ ਦੀ ਕੌਮੀ ਕਮੇਟੀ ਦੇ ਤਿੰਨ ਮੈਂਬਰ ਸੰਦੀਪ ਬਰੇਟਾ, ਪ੍ਰਦੀਪ ਕਲੇਰ ਤੇ ਹਰਸ਼ ਧੂਰੀ ਇਨ੍ਹਾਂ ਘਟਨਾਵਾਂ ਦੇ ਮੁੱਖ ਸਾਜਿਸ਼ਕਰਤਾਵਾਂ ਵਜੋਂ ਸਾਹਮਣੇ ਆਏ ਹਨ। ਇਨ੍ਹਾਂ ਘਟਨਾਵਾਂ ਤੋਂ ਇਲਾਵਾ ਇਸੇ ਸਾਲ ਹੀ ਮੱਲ ਕੇ, ਬਠਿੰਡਾ ਦੇ ਪਿੰਡ ਗੁਰੂਸਰ 'ਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ 'ਚ ਵੀ ਇਨ੍ਹਾਂ ਤਿੰਨ ਕੌਮੀ ਕਮੇਟੀ ਮੈਂਬਰਾਂ ਦਾ ਨਾਂਅ ਸਾਹਮਣੇ ਆਇਆ ਸੀ ਤੇ ਇਹ ਵੀ ਸਾਹਮਣੇ ਆਇਆ ਹੈ ਕਿ ਇਨ੍ਹਾਂ ਘਟਨਾਵਾਂ ਦੀ ਸਾਜਿਸ਼ ਡੇਰੇ 'ਚ ਹੀ ਬਣਾਈ ਗਈ ਸੀ, ਜਿਸ ਤੋਂ ਬਾਅਦ ਵਿਸ਼ੇਸ਼ ਜਾਂਚ ਟੀਮ ਡੇਰਾ ਮੁਖੀ ਤੋਂ ਪੁੱਛਗਿੱਛ ਲਈ ਕਾਰਵਾਈ ਅਮਲ 'ਚ ਲਿਆ ਰਹੀ ਹੈ ਤੇ ਡੇਰਾ ਮੁਖੀ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਇੱਥੇ ਲਿਆ ਕੇ ਪੁੱਛਗਿੱਛ ਕਰਨਾ ਚਾਹੁੰਦੀ ਹੈ। ਜਾਂਚ ਟੀਮ ਨੇ 6 ਜੁਲਾਈ 2019 ਨੂੰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਬੇਦਅਬੀ ਕਾਂਡ 'ਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਸੀ ਤੇ ਅਜੇ ਤੱਕ ਡੇਰਾ ਮੁਖੀ ਤੋਂ ਕੋਈ ਪੁੱਛ ਪੜਤਾਲ ਨਹੀਂ ਹੋ ਸਕੀ। ਹੁਣ ਜਾਂਚ ਟੀਮ ਨੇ ਅਦਾਲਤ 'ਚ ਅਰਜ਼ੀ ਦੇ ਕੇ ਦਾਅਵਾ ਕੀਤਾ ਹੈ ਕਿ ਬੇਅਦਬੀ 'ਚ ਡੇਰਾ ਮੁਖੀ ਖ਼ਿਲਾਫ਼ ਲੋੜੀਂਦੀ ਗਵਾਹੀ ਜਾਂਚ ਟੀਮ ਕੋਲ ਮੌਜੂਦ ਹੈ। ਇਸ ਲਈ ਉਹ ਡੇਰਾ ਮੁਖੀ ਨੂੰ ਗ੍ਰਿਫ਼ਤਾਰ ਕਰਕੇ ਇਸ ਮਾਮਲੇ ਦੀ ਪੜਤਾਲ ਨੂੰ ਅੱਗੇ ਤੋਰਨਾ ਚਾਹੁੰਦੀ ਹੈ।