ਰਜਨੀਕਾਂਤ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ
ਰਜਨੀਕਾਂਤ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ
ਨਵੀਂ ਦਿੱਲੀ-ਫ਼ਿਲਮ ਜਗਤ 'ਚ ਵਡਮੁੱਲੇ ਯੋਗਦਾਨ ਲਈ ਦੱਖਣ ਭਾਰਤ ਦੇ ਸੁਪਰ ਸਟਾਰ ਰਜਨੀਕਾਂਤ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਨਿਵਾਜਿਆ ਗਿਆ | ਰਜਨੀਕਾਂਤ ਨੂੰ ਇਹ ਸਨਮਾਨ ਦਿੱਲੀ ਦੇ ਵਿਗਿਆਨ ਭਵਨ 'ਚ ਹੋਏ 67ਵੇਂ ਰਾਸ਼ਟਰੀ ਫ਼ਿਲਮ ਐਵਾਰਡ ਸਮਾਗਮ ਦੌਰਾਨ ਪ੍ਰਦਾਨ ਕੀਤਾ ਗਿਆ | ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਵਲੋਂ ਪ੍ਰਦਾਨ ਕੀਤੇ ਗਏ ਇਹ ਐਵਾਰਡ ਸਾਲ-2019 'ਚ ਬਣੀਆਂ ਫ਼ਿਲਮਾਂ ਲਈ ਦਿੱਤੇ ਗਏ ਸੀ ਕਿਉਂਕਿ ਪਿਛਲੇ ਸਾਲ ਕੋਰੋਨਾ ਮਹਾਂਮਾਰੀ ਕਾਰਨ ਇਹ ਐਵਾਰਡ ਪ੍ਰਦਾਨ ਨਹੀਂ ਕੀਤੇ ਗਏ ਸੀ |
'ਰੱਬ ਦਾ ਰੇਡੀਓ' ਬਿਹਤਰੀਨ ਪੰਜਾਬੀ ਫ਼ਿਲਮ
ਤਨਵੀਰ ਸਿੰਘ ਜਗਪਾਲ ਅਤੇ ਹੈਰੀ ਭੱਟੀ ਵਲੋਂ ਨਿਰਦੇਸ਼ਿਤ ਫ਼ਿਲਮ ਰੱਬ ਦਾ ਰੇਡੀਓ ਨੂੰ ਪੰਜਾਬੀ ਦੀ ਬਿਹਤਰੀਨ ਫ਼ਿਲਮ ਦਾ ਐਵਾਰਡ ਦਿੱਤਾ ਗਿਆ | ਪੰਜਾਬ 'ਚ 2 ਭਰਾਵਾਂ ਦੇ ਆਪਸੀ ਰਿਸ਼ਤਿਆਂ ਦੇ ਤਾਣੇ-ਬਾਣੇ 'ਤੇ ਬਣੀ ਇਹ ਫ਼ਿਲਮ ਹਾਲੇ ਤੱਕ 10 ਐਵਾਰਡ ਜਿੱਤ ਚੁੱਕੀ ਹੈ |
ਕੰਗਨਾ ਰਣੌਤ ਨੂੰ ਮਿਲਿਆ ਚੌਥਾ ਰਾਸ਼ਟਰੀ ਪੁਰਸਕਾਰ
ਕੰਗਨਾ ਰਣੌਤ ਨੂੰ ਉਸ ਦੀ ਫ਼ਿਲਮ ਮਣਿਕਰਣਿਕਾ : ਦ ਕਵੀਨ ਆਫ਼ ਝਾਂਸੀ ਅਤੇ ਪੰਗਾ 'ਚ ਉਸ ਦੀ ਕਾਰਗੁਜ਼ਾਰੀ ਲਈ ਬਿਹਤਰੀਨ ਅਦਾਕਾਰਾ ਦਾ ਐਵਾਰਡ ਦਿੱਤਾ ਗਿਆ | ਮਨੋਜ ਵਾਜਪਾਈ ਨੂੰ ਭੌਂਸਲੇ ਅਤੇ ਧਨੁਸ਼ ਨੂੰ ਅਸੁਰਨ ਲਈ ਸਾਂਝੇ ਤੌਰ 'ਤੇ ਬਿਹਤਰੀਨ ਅਦਾਕਾਰ ਦਾ ਐਵਾਰਡ ਦਿੱਤਾ ਗਿਆ | ਐਵਾਰਡ ਸਮਾਗਮ 'ਚ ਦਿੱਤੇ ਹੋਰ ਪੁਰਸਕਾਰਾਂ 'ਚ ਨਿਤੇਸ਼ ਤਿਵਾੜੀ ਦੇ ਫ਼ਿਲਮ ਦੇ ਨਿਰਦੇਸ਼ਨ 'ਚ ਬਣੀ 'ਛਿਛੋਰੇ' ਫ਼ਿਲਮ ਨੂੰ ਬਿਹਤਰੀਨ ਹਿੰਦੀ ਫ਼ਿਲਮ ਦਾ ਐਵਾਰਡ ਪ੍ਰਦਾਨ ਕੀਤਾ ਗਿਆ | ਤਿਵਾੜੀ ਨੇ ਇਹ ਐਵਾਰਡ ਮਰਹੂਮ ਅਦਾਕਾਰ ਸੁਸ਼ਾਂਤ ਰਾਜਪੂਤ ਨੂੰ ਸਮਰਪਿਤ ਕੀਤਾ | ਕੇਸਰੀ ਫ਼ਿਲਮ 'ਚ 'ਤੇਰੀ ਮਿੱਟੀ' ਗੀਤ ਲਈ ਗਾਇਕ ਬੀ ਪ੍ਰਾਕ ਨੂੰ ਬਿਹਤਰੀਨ ਗਾਇਕ ਅਤੇ ਦ ਤਾਸ਼ਕੰਦ ਫਾਈਨਲ ਲਈ ਪੱਲਵੀ ਜੋਸ਼ੀ ਨੂੰ ਬਿਹਤਰੀਨ ਸਹਿਯੋਗੀ ਕਲਾਕਾਰ ਦਾ ਐਵਾਰਡ ਦਿੱਤਾ ਗਿਆ |