ਪਾਕਿ ਖ਼ੁਫ਼ੀਆ ਏਜੰਸੀ ਨਾਲ ਸੰਬੰਧਾਂ ਦੇ ਦੋਸ਼ਾਂ 'ਤੇ ਭਾਰਤੀ ਏਜੰਸੀਆਂ ਤੋਂ ਜਾਂਚ ਲਈ ਤਿਆਰ-ਅਰੂਸਾ ਆਲਮ

ਪਾਕਿ ਖ਼ੁਫ਼ੀਆ ਏਜੰਸੀ ਨਾਲ ਸੰਬੰਧਾਂ ਦੇ ਦੋਸ਼ਾਂ 'ਤੇ ਭਾਰਤੀ ਏਜੰਸੀਆਂ ਤੋਂ ਜਾਂਚ ਲਈ ਤਿਆਰ-ਅਰੂਸਾ ਆਲਮ
ਮੁਹੰਮਦ ਮੁਸਤਫ਼ਾ ਦੇ ਦਿਮਾਗ ਦੀ ਉਪਜ ਹੋ ਸਕਦੀ ਹੈ ਮੈਨੂੰ ਆਈ.ਐਸ.ਆਈ. ਨਾਲ ਜੋੜਨਾ
ਲਾਹੌਰ-ਪਾਕਿ ਪੱਤਰਕਾਰ ਅਰੂਸਾ ਆਲਮ ਨੇ ਕਿਹਾ ਕਿ ਉਹ ਪਾਕਿ ਖ਼ੁਫੀਆ ਏਜੰਸੀ (ਆਈ. ਐਸ. ਆਈ.) ਨਾਲ ਕਥਿਤ ਸੰਬੰਧਾਂ ਲਈ ਭਾਰਤੀ ਏਜੰਸੀਆਂ ਵਲੋਂ ਕਿਸੇ ਵੀ ਜਾਂਚ 'ਚ ਸ਼ਾਮਿਲ ਹੋਣ ਲਈ ਤਿਆਰ ਹੈ | ਅਰੂਸਾ ਨੇ ਆਪਣੇ ਖ਼ਿਲਾਫ਼ ਲੱਗੇ ਦੋਸ਼ਾਂ ਨੂੰ ਅਪਮਾਨਜਨਕ ਤੇ ਪੂਰੀ ਤਰ੍ਹਾਂ ਨਾਲ ਨਿਰਾਸ਼ਾਜਨਕ ਦੱਸਿਆ | ਦੱਸਣਯੋਗ ਹੈ ਕਿ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬੀਤੇ ਹਫ਼ਤੇ ਕਿਹਾ ਸੀ ਕਿ ਅਰੂਸਾ ਆਲਮ ਦੇ ਆਈ. ਐਸ. ਆਈ. ਨਾਲ ਸੰਬੰਧ ਹਨ ਜਾਂ ਨਹੀਂ ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾਵੇਗੀ | ਅਰੂਸਾ ਆਲਮ ਨੇ ਪੀ.ਟੀ.ਆਈ. ਨੂੰ ਦੱਸਿਆ ਕਿ ਮੈਂ ਭਾਰਤ ਦੀਆਂ ਕੇਂਦਰੀ ਏਜੰਸੀਆਂ ਨਾਲ ਸਹਿਯੋਗ ਕਰਨ ਲਈ ਤਿਆਰ ਹਾਂ, ਜੇਕਰ ਉਹ ਇਸ ਮੁੱਦੇ 'ਤੇ ਕੋਈ ਜਾਂਚ ਸ਼ੁਰੂ ਕਰ ਰਹੀਆਂ ਹਨ | ਭਾਰਤ ਮੇਰੇ ਖ਼ਿਲਾਫ਼ ਬੇਬੁਨਿਆਦੀ ਪ੍ਰਚਾਰ ਦੀ ਜਾਂਚ ਲਈ ਤੀਸਰੇ ਦੇਸ਼ ਦੇ ਜਾਂਚਕਰਤਾਵਾਂ ਨੂੰ ਵੀ ਸ਼ਾਮਿਲ ਕਰ ਸਕਦਾ ਹੈ | ਅਰੂਸਾ ਨੇ ਕਿਹਾ ਕਿ ਜਦ ਲਗਪਗ 16 ਸਾਲ ਪਹਿਲਾਂ ਕੁਝ ਕਾਰਨਾਂ ਕਰਕੇ ਮੈਨੂੰ ਭਾਰਤ ਦੇ ਵੀਜ਼ੇ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਤਾਂ ਭਾਰਤ ਸਰਕਾਰ ਨੇ ਅਜਿਹੀ ਜਾਂਚ ਕਰਵਾਈ ਸੀ ਅਤੇ ਇਸ ਤੋਂ ਬਾਅਦ ਮੈਨੂੰ ਵੀਜ਼ਾ ਜਾਰੀ ਕਰ ਦਿੱਤਾ ਗਿਆ ਸੀ | ਅਰੂਸਾ ਨੇ ਦੱਸਿਆ ਕਿ ਉਸ ਨੇ ਆਖਰੀ ਵਾਰ ਨਵੰਬਰ 'ਚ ਭਾਰਤ ਦਾ ਦੌਰਾ ਕੀਤਾ ਸੀ | 67 ਸਾਲਾ ਅਰੂਸਾ ਨੇ ਕਿਹਾ ਕਿ ਇਸ ਵਿਵਾਦ ਦੇ ਬਾਵਜੂਦ ਕੈਪਟਨ ਸਾਹਿਬ ਅਜੇ ਵੀ ਮੇਰੇ ਚੰਗੇ ਦੋਸਤ ਹਨ | ਅਰੂਸਾ ਨੇ ਨਾਰਾਜ਼ਗੀ ਪ੍ਰਗਟ ਕਰਦਿਆਂ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਅਪਮਾਨਜਨਕ ਤੇ ਪੂਰੀ ਤਰ੍ਹਾਂ ਨਿਰਾਸ਼ਾਜਨਕ ਦੱਸਿਆ ਤੇ ਮਖੌਲ ਉਡਾਉਂਦਿਆਂ ਕਿਹਾ ਕਿ ਆਈ. ਐਸ. ਆਈ. ਨੂੰ ਉਸ ਦੇ ਜ਼ਰੀਏ ਕਿਹੜੇ 'ਰਾਜ਼' (ਭੇਦ) ਪਤਾ ਲੱਗੇ ਸੀ | ਅਰੂਸਾ ਨੇ ਦੋਸ਼ ਲਗਾਇਆ ਕਿ ਮੈਨੂੰ ਆਈ.ਐਸ.ਆਈ. ਨਾਲ ਜੋੜਨਾ ਨਵਜੋਤ ਸਿੰਘ ਸਿੱਧੂ ਦੇ ਮੁੱਖ ਰਣਨੀਤੀਕਾਰ ਮੁਹੰਮਦ ਮੁਸਤਫ਼ਾ ਦੇ ਦਿਮਾਗ ਦੀ ਉਪਜ ਹੋ ਸਕਦੀ ਹੈ | ਮੁੱਖ ਮੰਤਰੀ ਬਣਨ ਦੀ ਆਪਣੀ ਦਾਅਵੇਦਾਰੀ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਉਸ ਨੇ ਸਿੱਧੂ ਨੂੰ ਆਈ.ਐਸ.ਆਈ. ਕਾਰਡ ਖੇਡਣ ਦੀ ਸਲਾਹ ਦਿੱਤੀ ਹੋ ਸਕਦੀ ਹੈ | ਆਈ. ਐਸ. ਆਈ. ਕਾਰਡ ਭਾਰਤ 'ਚ ਚੰਗਾ ਚਲਦਾ ਹੈ | ਅਰੂਸਾ ਨੇ ਕਿਹਾ ਕਿ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਆਪਣਾ ਅਧਿਕਾਰ ਖ਼ੇਤਰ ਵੀ ਨਹੀਂ ਜਾਣਦਾ | ਜੇਕਰ ਉਹ ਮੇਰੀ ਜਾਂਚ ਕਰਨਾ ਚਾਹੁੰਦਾ ਹੈ ਤਾਂ ਉਸ ਦਾ ਸਵਾਗਤ ਹੈ |