ਸਿੱਧੂ ਨੇ ਕੈਪਟਨ ਉੱਤੇ ਪੰਜਾਬ ਦੇ ਹਿੱਤ ਵੇਚਣ ਦਾ ਦੋਸ਼ ਲਾਇਆ

ਸਿੱਧੂ ਨੇ ਕੈਪਟਨ ਉੱਤੇ ਪੰਜਾਬ ਦੇ ਹਿੱਤ ਵੇਚਣ ਦਾ ਦੋਸ਼ ਲਾਇਆ
ਚੰਡੀਗੜ੍ਹ-ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਮੁੜ ਨਿਸ਼ਾਨਾ ਬਣਾਇਆ। ਆਪਣੇ ਇਕ ਟਵੀਟ ਵਿਚ ਸਿੱਧੂ ਨੇ ਕਿਹਾ ‘ਅਸੀਂ, ਕਾਂਗਰਸ ਦੇ 78 ਵਿਧਾਇਕ, ਕਦੇ ਸੋਚ ਵੀ ਨਹੀਂ ਸਕਦੇ ਸੀ, ਕਿ ਸਾਨੂੰ ਬਾਂਹ ਮਰੋੜਨ ਵਾਲਾ, ਈਡੀ ਵੱਲੋਂ ਕੰਟਰੋਲ ਕੀਤਾ ਭਾਜਪਾ ਦਾ ਵਫ਼ਾਦਾਰ ਮੁੱਖ ਮੰਤਰੀ ਮਿਲਿਆ ਹੈ...ਜਿਸ ਨੇ ਪੰਜਾਬ ਦੇ ਹਿੱਤ ਆਪਣੀ ਚਮੜੀ ਬਚਾਉਣ ਲਈ ਵੇਚ ਦਿੱਤੇ! ਤੁਸੀਂ ਇਕ ਨਕਾਰਾਤਮਕ ਤਾਕਤ ਸੀ ਜਿਸ ਨੇ ਪੰਜਾਬ ਦੇ ਵਿਕਾਸ ਤੇ ਇਨਸਾਫ਼ ਵਿਚ ਅੜਿੱਕਾ ਪਾਇਆ।’ ਇਕ ਹੋਰ ਟਵੀਟ ਵਿਚ ਸਿੱਧੂ ਨੇ ਕੈਪਟਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਤੁਸੀਂ ਮੇਰੇ ਲਈ ਦਰਵਾਜ਼ੇ ਬੰਦ ਕਰਨਾ ਚਾਹੁੰਦੇ ਸੀ, ਕਿਉਂਕਿ ਮੈਂ ਲੋਕਾਂ ਦੀ ਆਵਾਜ਼ ਉਠਾ ਰਿਹਾ ਸੀ, ਸੱਚ ਬੋਲ ਰਿਹਾ ਸੀ! ਪਿਛਲੀ ਵਾਰ ਵੀ ਤੁਸੀਂ ਆਪਣੀ ਪਾਰਟੀ ਬਣਾਈ ਸੀ, ਤੇ ਹਾਰ ਦਾ ਸੁਆਦ ਚਖ਼ਿਆ, ਸਿਰਫ਼ 856 ਵੋਟਾਂ ਮਿਲੀਆਂ...!’ ਇਕ ਹੋਰ ਟਵੀਟ ਵਿਚ ਸਿੱਧੂ ਨੇ ਕਿਹਾ ‘ਕੈਪਟਨ ਪੰਜਾਬ ਦੇ ਰਾਜਨੀਤਕ ਇਤਿਹਾਸ ਵਿਚ ਜੈਚੰਦ ਵਜੋਂ ਯਾਦ ਰੱਖੇ ਜਾਣਗੇ, ਉਹ ਵਾਕਈ ਹੀ ਚੱਲੇ ਹੋਏ ਕਾਰਤੂਸ ਹਨ। ਮੁੱਖ ਮੰਤਰੀ ਵਜੋਂ ਤੁਹਾਡੀ ਕਾਰਗੁਜ਼ਾਰੀ ਸਭ ਤੋਂ ਮਾੜੀ ਰਹੀ ਹੈ’।