ਬਾਇਡਨ ਨੂੰ ਭਾਰਤ ’ਤੇ ਪਾਬੰਦੀਆਂ ਨਾ ਲਾਉਣ ਦੀ ਅਪੀਲ
ਬਾਇਡਨ ਨੂੰ ਭਾਰਤ ’ਤੇ ਪਾਬੰਦੀਆਂ ਨਾ ਲਾਉਣ ਦੀ ਅਪੀਲ
ਵਾਸ਼ਿੰਗਟਨ-ਅਮਰੀਕਾ ਦੇ ਦੋ ਰਸੂਖ਼ਵਾਨ ਸੈਨੇਟਰਾਂ ਨੇ ਰਾਸ਼ਟਰਪਤੀ ਜੋਅ ਬਾਇਡਨ ਤੋਂ ਮੰਗ ਕੀਤੀ ਹੈ ਕਿ ਰੂਸ ਤੋਂ ਐੱਸ-400 ਮਿਜ਼ਾਈਲ ਸਿਸਟਮ ਖ਼ਰੀਦਣ ਲਈ ਭਾਰਤ ਉਤੇ ਇਕ ਵਿਸ਼ੇਸ਼ ਐਕਟ ਤਹਿਤ ਪਾਬੰਦੀਆਂ ਨਾ ਲਾਈਆਂ ਜਾਣ। ਬਾਇਡਨ ਨੂੰ ਲਿਖੇ ਇਕ ਪੱਤਰ ਵਿਚ ਸੈਨੇਟਰ ਮਾਰਕ ਵਾਰਨਰ (ਡੈਮੋਕ੍ਰੈਟ) ਤੇ ਜੌਹਨ ਕੋਰਨਿਨ (ਰਿਪਬਲਿਕਨ) ਨੇ ਅਪੀਲ ਕੀਤੀ ਹੈ ਕਿ ਰਾਸ਼ਟਰਪਤੀ ਭਾਰਤ ਨੂੰ ਕੌਮੀ ਹਿੱਤ ਵਿਚ ਛੋਟ ਦੇਣ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ ਕਿਉਂਕਿ ‘ਕਾਟਸਾ’ ਐਕਤ ਤਹਿਤ ਇਹ ਅਮਰੀਕਾ ਦੇ ਕੌਮੀ ਹਿੱਤ ਵਿਚ ਹੋਵੇਗਾ। ਰਾਸ਼ਟਰਪਤੀ ਨੂੰ ਕਾਂਗਰਸ ਨੇ ਇਹ ਅਧਿਕਾਰ ਦਿੱਤਾ ਹੋਇਆ ਹੈ। ਦੱਸਣਯੋਗ ਹੈ ਕਿ ਵਾਰਨਰ ਇੰਟੈਲੀਜੈਂਸ ਬਾਰੇ ਸੈਨੇਟ ਦੀ ਕਮੇਟੀ ਦੇ ਚੇਅਰਮੈਨ ਹਨ ਜਦਕਿ ਕੋਰਨਿਨ ਜੀਓਪੀ ਵਿਪ੍ਹ ਹਨ। ਦੋਵੇਂ ਭਾਰਤ ਬਾਰੇ ਕਾਕਸ ਵਿਚ ਵੀ ਹਨ। ਸੈਨੇਟਰਾਂ ਨੇ ਕਿਹਾ ਕਿ ਉਹ ਵੀ ਭਾਰਤ ਵੱਲੋਂ ਰੂਸ ਤੋਂ ਕੀਤੀ ਖ਼ਰੀਦ ਬਾਰੇ ਚਿੰਤਤ ਹਨ ਜਦਕਿ ਵਿਕਰੀ ਹੌਲੀ-ਹੌਲੀ ਘੱਟ ਰਹੀ ਹੈ। ਉਨ੍ਹਾਂ ਕਿਹਾ ਕਿ ਰੂਸੀ ਉਪਕਰਨਾਂ ਦੀ ਖ਼ਰੀਦ ਬਾਰੇ ਭਾਰਤ ਨਾਲ ਗੱਲ ਕਰ ਕੇ ਆਪਣੇ ਫ਼ਿਕਰ ਜ਼ਾਹਿਰ ਕੀਤੇ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਭਾਰਤ ਨੇ ਅਕਤੂਬਰ 2018 ਵਿਚ ਰੂਸ ਨਾਲ ਪੰਜ ਅਰਬ ਡਾਲਰ ਦਾ ਸੌਦਾ ਕੀਤਾ ਸੀ। ਐੱਸ-400 ਮਿਜ਼ਾਈਲ ਢਾਂਚੇ ਦੇ ਪੰਜ ਯੂਨਿਟ ਖ਼ਰੀਦੇ ਜਾਣੇ ਹਨ। ਐੱਸ-400 ਰੂਸ ਦਾ ਸਭ ਤੋਂ ਵੱਧ ਵਿਕਸਿਤ ਲੰਮੀ ਮਾਰ ਕਰਨ ਵਾਲਾ ਮਿਜ਼ਾਈਲ ਸਿਸਟਮ ਹੈ। ‘ਕਾਟਸਾ’ ਕਾਨੂੰਨ ਅਮਰੀਕਾ ਵੱਲੋਂ ਰੂਸ ਤੋਂ ਹਥਿਆਰ ਖ਼ਰੀਦਣ ਵਾਲੇ ਮੁਲਕਾਂ ਲਈ ਬਣਾਇਆ ਗਿਆ ਹੈ। ਇਹ 2014 ਵਿਚ ਰੂਸ ਵੱਲੋਂ ਕਰੀਮੀਆ ਦੇ ਰਲੇਵੇਂ ਤੇ 2016 ਵਿਚ ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ਦਖ਼ਲ ਦੇਣ ਦੇ ਲੱਗੇ ਦੋਸ਼ਾਂ ਤੋਂ ਬਾਅਦ ਹੋਂਦ ਵਿਚ ਆਇਆ ਸੀ।
ਨਿਕੀ ਹੇਲੀ ਵੱਲੋਂ ਭਾਰਤ-ਅਮਰੀਕਾ ਨੂੰ ਗੱਠਜੋੜ ਮਜ਼ਬੂਤ ਕਰਨ ਦਾ ਸੱਦਾ
ਵਾਸ਼ਿੰਗਟਨ:ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਰਾਜਦੂਤ ਰਹਿ ਚੁੱਕੀ ਨਿਕੀ ਹੇਲੀ ਤੇ ਤਾਕਤਵਰ ਰਿਪਬਲਿਕਨ ਸੰਸਦ ਮੈਂਬਰ ਮਾਈਕ ਵਾਲਟਜ਼ ਨੇ ਭਾਰਤ ਤੇ ਅਮਰੀਕਾ ਨੂੰ ਗੱਠਜੋੜ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੀਨ ਦੇ ਹਮਲਾਵਰ ਰਵੱਈਏ ਨਾਲ ਇਸੇ ਤਰ੍ਹਾਂ ਆਪਣੀ ਤਾਕਤ ਵਿਚ ਵਾਧਾ ਕਰ ਕੇ ਨਜਿੱਠਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਪਾਨ ਤੇ ਆਸਟਰੇਲੀਆ ਵੀ ਇਸ ਗੱਠਜੋੜ ਵਿਚ ਅਹਿਮ ਭਾਈਵਾਲ ਹਨ। ਦੋਵਾਂ ਨੇ ਕਿਹਾ ਕਿ ਅਫ਼ਗਾਨਿਸਤਾਨ ਵਿਚੋਂ ਅਮਰੀਕੀ ਫ਼ੌਜ ਦੇ ਜਾਣ ਮਗਰੋਂ ਹੁਣ ਭਾਰਤ ਹੀ ਹੈ ਜੋ ਉੱਥੋਂ ਦੀ ਸਥਿਤੀ ਉਤੇ ਬਾਰੀਕੀ ਨਾਲ ਨਿਗ੍ਹਾ ਰੱਖ ਸਕਦਾ ਹੈ।