ਗਰੀਬ ਦੇਸ਼ਾਂ ਲਈ ਹੋਰ ਵੈਕਸੀਨ ਦੇ ਸੱਦੇ ਨਾਲ ਜੀ-20 ਸੰਮੇਲਨ ਦੀ ਸ਼ੁਰੂਆਤ

ਗਰੀਬ ਦੇਸ਼ਾਂ ਲਈ ਹੋਰ ਵੈਕਸੀਨ ਦੇ ਸੱਦੇ ਨਾਲ ਜੀ-20 ਸੰਮੇਲਨ ਦੀ ਸ਼ੁਰੂਆਤ
ਰੋਮ-ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਨੇ ਜੀ-20 ਸੰਮੇਲਨ ਦੀ ਸ਼ੁਰੂਆਤ ਮੌਕੇ ਵਿਸ਼ਵ ਦੇ ਸ਼ਕਤੀਸ਼ਾਲੀ ਅਰਥਚਾਰਿਆਂ ਨੂੰ ਗ਼ਰੀਬ ਦੇਸ਼ਾਂ ਲਈ ਹੋਰ ਕੋਰੋਨਾ ਵੈਕਸੀਨ ਮੁਹੱਈਆ ਕਰਵਾਉਣ ਦਾ ਸੱਦਾ ਦਿੱਤਾ | ਇਟਲੀ ਦੇ ਪ੍ਰਧਾਨ ਮੰਤਰੀ ਜੋ ਰੋਮ 'ਚ ਜਾਰੀ ਜੀ-20 ਸੰਮੇਲਨ ਦੀ ਮੇਜ਼ਬਾਨੀ ਕਰ ਰਹੇ ਹਨ ਨੇ ਦੱਸਿਆ ਕਿ ਵਿਸ਼ਵ ਦੇ ਗ਼ਰੀਬ ਦੇਸ਼ਾਂ 'ਚ ਕੇਵਲ 3 ਫ਼ੀਸਦੀ ਲੋਕਾਂ ਨੂੰ ਹੀ ਵੈਕਸੀਨ ਲੱਗੀ ਹੈ, ਜਦੋਂਕਿ ਅਮੀਰ ਦੇਸ਼ਾਂ 'ਚ 70 ਫ਼ੀਸਦੀ ਨਾਗਰਿਕਾਂ ਨੂੰ ਵੈਕਸੀਨ ਦੀ ਘੱਟੋ-ਘੱਟ ਇਕ ਖ਼ੁਰਾਕ ਜ਼ਰੂਰ ਮਿਲ ਚੁੱਕੀ ਹੈ | ਉਨ੍ਹਾਂ ਕਿਹਾ ਕਿ ਨੈਤਿਕ ਤੌਰ 'ਤੇ ਇਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ | ਦਰਾਗੀ ਨੇ ਸੰਮੇਲਨ ਦੀ ਸ਼ੁਰੂਆਤ ਮੌਕੇ ਵਿਸ਼ਵ ਦੇ ਗ਼ਰੀਬ ਦੇਸ਼ਾਂ ਲਈ ਕੋਰੋਨਾ ਵੈਕਸੀਨ ਦੀ ਪੂਰਤੀ ਵਧਾਉਣ ਦੀਆਂ ਕੋਸ਼ਿਸ਼ਾਂ ਨੂੰ ਰਫ਼ਤਾਰ ਦੇਣ ਦਾ ਸੱਦਾ ਦਿੱਤਾ | ਉਨ੍ਹਾਂ ਬਹੁਪੱਖੀ ਸਹਿਯੋਗ ਨੂੰ ਲੈ ਕੇ ਨਵੇਂ ਸਿਰੇ ਤੋਂ ਵਚਨਬੱਧਤਾ ਪ੍ਰਗਟਾਉਣ ਲਈ ਕਿਹਾ | ਉਨ੍ਹਾਂ ਕਿਹਾ ਕਿ ਅਸੀਂ ਸਾਰੇ ਜਿੰਨੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ, ਓਨਾ ਹੀ ਇਹ ਸਪੱਸ਼ਟ ਹੁੰਦਾ ਹੈ ਕਿ ਬਹੁਪੱਖਵਾਦ ਉਨ੍ਹਾਂ ਸਮੱਸਿਆਵਾਂ ਦਾ ਸਭ ਤੋਂ ਵਧੀਆ ਜਵਾਬ ਹੈ, ਜਿਨ੍ਹਾਂ ਦਾ ਅਸੀਂ ਅੱਜ ਸਾਹਮਣਾ ਕਰ ਰਹੇ ਹਾਂ | ਕਈ ਅਰਥਾਂ 'ਚ ਇਹ ਇਕਮਾਤਰ ਸੰਭਵ ਉੱਤਰ ਹੈ | ਦੁਨੀਆ ਦੀਆਂ ਵੱਡੀਆਂ ਅਰਥ ਵਿਵਸਥਾਵਾਂ ਵਾਲੇ ਦੇਸ਼ਾਂ ਦੇ ਨੇਤਾ ਕੋਰੋਨਾ ਮਹਾਂਮਾਰੀ ਦੇ ਬਾਅਦ ਸਨਿਚਰਵਾਰ ਨੂੰ ਪਹਿਲੀ ਵਾਰ ਪ੍ਰਤੱਖ ਤਰੀਕੇ ਨਾਲ ਕਰਵਾਏ ਸੰਮੇਲਨ 'ਚ ਸ਼ਿਰਕਤ ਕਰ ਰਹੇ ਹਨ | ਇਸ ਵਾਰ ਜੀ-20 ਸੰਮੇਲਨ ਦੇ ਏਜੰਡੇ 'ਤੇ ਜਲਵਾਯੂ ਤਬਦੀਲੀ, ਕੋਵਿਡ-19 ਦੇ ਬਾਅਦ ਆਰਥਿਕ ਸੁਧਾਰ ਅਤੇ ਵਿਸ਼ਵ ਪੱਧਰੀ ਘੱਟੋ-ਘੱਟ ਕਾਰਪੋਰੇਟ ਟੈਕਸ ਦਰ ਹੈ | ਸੰਮੇਲਨ ਦੀ ਸ਼ੁਰੂਆਤ ਮੌਕੇ ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਨੇ ਜੀ-20 ਦੇਸ਼ਾਂ ਦੇ ਮੁਖੀਆਂ ਦਾ ਸਵਾਗਤ ਕੀਤਾ | ਈਰਾਨ ਦੇ ਪ੍ਰਮਾਣੂ ਪ੍ਰੋਗਰਾਮ 'ਤੇ ਅਗਲੇ ਕਦਮ ਸੰਬੰਧੀ ਸੰਮੇਲਨ ਤੋਂ ਅਲੱਗ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ, ਜਰਮਨ ਦੀ ਚਾਂਸਲਰ ਏਜਲਾ ਮਰਕਲ, ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰਨ ਅਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨਾਲ ਚਰਚਾ ਕਰਨਗੇ | ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ ਨੂੰ ਛੱਡ ਕੇ ਜੀ-20 ਦੇ ਬਾਕੀ 18 ਦੇਸ਼ਾਂ ਦੇ ਆਗੂ ਸੰਮੇਲਨ 'ਚ ਹਿੱਸਾ ਲੈ ਰਹੇ ਹਨ |