ਸਿੱਧੂ ਦਾ ਹਮਲਾਵਰ ਰੁਖ਼ ਬਰਕਰਾਰ, ਨਾਰਾਜ਼ਗੀ ਅਜੇ ਵੀ ਕਾਇਮ

ਸਿੱਧੂ ਦਾ ਹਮਲਾਵਰ ਰੁਖ਼ ਬਰਕਰਾਰ, ਨਾਰਾਜ਼ਗੀ ਅਜੇ ਵੀ ਕਾਇਮ

ਸਿੱਧੂ ਦਾ ਹਮਲਾਵਰ ਰੁਖ਼ ਬਰਕਰਾਰ, ਨਾਰਾਜ਼ਗੀ ਅਜੇ ਵੀ ਕਾਇਮ
ਚੰਡੀਗੜ੍ਹ-ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਸਰਕਾਰ ’ਤੇ ਅੱਜ ਮੁੜ ਹਮਲਾ ਬੋਲਿਆ ਹੈ। ਇਹ ਸ਼ਬਦੀ ਹਮਲਾ ਉਸ ਸਮੇਂ ਕੀਤਾ ਗਿਆ ਹੈ ਜਦੋਂ ਪੰਜਾਬ ਕੈਬਨਿਟ ਨਵੇਂ ਫ਼ੈਸਲਿਆਂ ਦਾ ਐਲਾਨ ਕਰਨ ਵਾਲੀ ਸੀ। ਸਿੱਧੂ ਦਾ ਆਪਣੀ ਪਾਰਟੀ ਦੀ ਸਰਕਾਰ ਖ਼ਿਲਾਫ਼ ਹਮਲਾਵਰ ਰੁਖ਼ ਇਹ ਦਿਖਾਉਂਦਾ ਹੈ ਕਿ ਉਨ੍ਹਾਂ ਦੀ ਨਾਰਾਜ਼ਗੀ ਅਜੇ ਵੀ ਦੂਰ ਨਹੀਂ ਹੋਈ ਹੈ।
ਸਿੱਧੂ ਨੇ ਅੱਜ ਚੰਡੀਗੜ੍ਹ ਵਿਚ ਹਿੰਦੂ ਭਾਈਚਾਰੇ ਦੇ ਸਮਾਗਮ ’ਚ ਜਿੱਥੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਭੜਾਸ ਕੱਢੀ, ਉੱਥੇ ਮੌਜੂਦਾ ਮੁੱਖ ਮੰਤਰੀ ਨੂੰ ਵੀ ਨਿਸ਼ਾਨੇ ’ਤੇ ਲਿਆ। ਉਂਜ ਸਿੱਧੂ ਨੇ ਬਿਨਾਂ ਕਿਸੇ ਦਾ ਨਾਮ ਲਏ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਉਨ੍ਹਾਂ ਇੱਥੋਂ ਤੱਕ ਆਖ ਦਿੱਤਾ ਕਿ ਸੂਬੇ ਦੇ ਲੋਕਾਂ ਨੂੰ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਅਗਲੀਆਂ ਚੋਣਾਂ ਵਿਚ ਚੋਣ ਕਰਨੀ ਹੋਵੇਗੀ। ਸਿੱਧੂ ਨੇ ਕਿਹਾ,‘‘ਜੋ ਲੋਕ ਖ਼ਜ਼ਾਨੇ ਭਰੇ ਹੋਣ ਦੀ ਗੱਲ ਆਖ ਰਹੇ ਹਨ, ਉਹ ਫਿਰ ਪੈਨਸ਼ਨਾਂ ਦੇ ਬਕਾਏ ਕਿਉਂ ਨਹੀਂ ਦੇ ਰਹੇ, ਮੁਲਾਜ਼ਮਾਂ ਨੂੰ ਪੱਕਾ ਕਿਉਂ ਨਹੀਂ ਕੀਤਾ ਜਾ ਰਿਹਾ ਹੈ। ਜੇਕਰ ਖ਼ਜ਼ਾਨਾ ਭਰਿਆ ਹੈ ਤਾਂ ਹੰਗਾਮੇ ਕਿਉਂ ਹੋ ਰਹੇ ਹਨ।’’ ਉਨ੍ਹਾਂ ਚੋਣਾਂ ਤੋਂ ਪਹਿਲਾਂ ਹੋਣ ਵਾਲੇ ਐਲਾਨਾਂ ’ਤੇ ਵੀ ਤਨਜ਼ ਕੱਸੇ। ਸਿੱਧੂ ਨੇ ਇਹ ਵੀ ਕਿਹਾ ਕਿ ਅੱਜ ਜੋ ਰੇਤ ਮਾਫ਼ੀਏ ਦੀ ਗੱਲ ਕਰਦੇ ਹਨ, ਉਨ੍ਹਾਂ ਬਾਰੇ ਸਾਰਿਆਂ ਨੂੰ ਪਤਾ ਹੈ ਕਿ ਉਨ੍ਹਾਂ ਪਹਾੜ ਵੀ ਨਹੀਂ ਛੱਡੇ। ਉਨ੍ਹਾਂ ਕਿਹਾ ਕਿ ਐਤਕੀਂ ਸਰਕਾਰ ਨੈਤਿਕਤਾ ਤੇ ਇਮਾਨਦਾਰੀ ’ਤੇ ਬਣੇਗੀ ਅਤੇ ਉਹ ਪੰਜਾਬ ਨੂੰ ਡੁੱਬਣ ਨਹੀਂ ਦੇਣਗੇ ਕਿਉਂਕਿ ਇਹ ਆਖ਼ਰੀ ਮੌਕਾ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਨੂੰ ਹੁਣ ਯੋਗ ਸੁਆਮੀ ਦੀ ਜ਼ਰੂਰਤ ਹੈ ਅਤੇ ਸੂਬਾ ਹੁਣ ਆਪਣਾ ਵਾਰਿਸ ਖ਼ੁਦ ਚੁਣੇਗਾ। ਬਿਨਾਂ ਨਾਮ ਲਏ ਉਨ੍ਹਾਂ ਕਿਹਾ,‘‘ਅੱਜ ਵਰਕਰ ਰੁਲ ਰਿਹਾ ਹੈ ਅਤੇ ਵਰਕਰਾਂ ਦਾ ਰੁੱਸ ਜਾਣਾ ਵੀ ਖ਼ਤਰਨਾਕ ਹੁੰਦਾ ਹੈ। ਨੇਤਾਵਾਂ ਦੀ ਭਰੋਸੇਯੋਗਤਾ ਖੁੱਸੀ ਹੈ ਜਿਸ ਨੂੰ ਬਹਾਲ ਕਰਨ ਵਾਸਤੇ ਮੈਂ ਕੰਮ ਕਰਾਂਗਾ।’’ ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਪੰਜਾਬ ਨੂੰ ਗਿਰਵੀ ਰੱਖਿਆ, ਉਹ ਅੱਜ ਚੋਣਾਂ ਮੌਕੇ ਪੰਜਾਬ ਦੇ ਹਾਲਾਤ ਖ਼ਰਾਬ ਹੋ ਜਾਣ ਦਾ ਰੌਲਾ ਪਾ ਰਹੇ ਹਨ। ਉਨ੍ਹਾਂ ਅਸਿੱਧੇ ਤੌਰ ’ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬਿਜਲੀ ਨਾਲ ਸਬੰਧਤ ਫੈਸਲਿਆਂ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਲੋਕਾਂ ਨੂੰ ਰਾਹਤ ਦੇਣ ਦੇ ਕੰਮ ਵਿੱਚ ਜੁਟੇ ਹੋਏ ਹਨ।

Radio Mirchi