ਸ਼ਹੀਦ ਮਨਜੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

ਸ਼ਹੀਦ ਮਨਜੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ
ਦਸੂਹਾ-ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਨਾਲ ਲੱਗਦੀ ਕੰਟਰੋਲ ਰੇਖਾ ਨੇੜੇ ਬਾਰੂਦੀ ਸੁਰੰਗ ਧਮਾਕੇ ’ਚ ਸ਼ਹੀਦ ਹੋਏ ਪਿੰਡ ਖੇੜਾ ਕੋਟਲੀ ਦੇ ਜਵਾਨ ਮਨਜੀਤ ਸਿੰਘ ਪੁੱਤਰ ਰਾਮ ਕ੍ਰਿਸ਼ਨ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਇਸ ਮੌਕੇ ਸ਼ਹੀਦ ਦੇ ਭਰਾ ਅਵਤਾਰ ਸਿੰਘ ਨੇ ਚਿਖਾ ਨੂੰ ਅਗਨੀ ਦਿੱਤੀ। ਇਸ ਦੌਰਾਨ ਸਿੱਖ ਰੈਜੀਮੈਂਟ ਦੇ ਜਵਾਨਾਂ ਦੀ ਟੁਕੜੀ ਨੇ ਸ਼ਹੀਦ ਨੂੰ ਸਲਾਮੀ ਦਿੱਤੀ। ਸ਼ਹੀਦ ਮਨਜੀਤ ਸਿੰਘ ਦੇ ਪਰਿਵਾਰ ਵਿੱਚ ਉਸ ਦੇ ਮਾਤਾ-ਪਿਤਾ, ਚਾਰ ਭੈਣਾਂ ਤੇ ਇਕ ਭਰਾ ਹਨ। ਅੱਜ ਸਵੇਰੇ ਤਿਰੰਗੇ ਵਿੱਚ ਲਿਪਟੀ ਸ਼ਹੀਦ ਦੀ ਮ੍ਰਿਤਕ ਦੇਹ ਜਦੋਂ ਪਿੰਡ ਖੇੜਾ ਕੋਟਲੀ ਪਹੁੰਚੀ ਤਾਂ ਮਾਹੌਲ ਕਾਫੀ ਗ਼ਮਗੀਨ ਹੋ ਗਿਆ। ਇਸ ਮੌਕੇ ਪ੍ਰਸ਼ਾਸਕੀ, ਪੁਲੀਸ ਅਤੇ ਭਾਰਤੀ ਫਜ ਦੇ ਉੱਚ ਅਧਿਕਾਰੀਆਂ ਸਮੇਤ ਹੋਰਨਾਂ ਸ਼ਖ਼ਸੀਅਤਾਂ ਨੇ ਸ਼ਹੀਦ ਮਨਜੀਤ ਸਿੰਘ ਦੀ ਸ਼ਹਾਦਤ ਨੂੰ ਸਿਜਦਾ ਕੀਤਾ।
ਜ਼ਿਕਰਯੋਗ ਹੈ ਕਿ ਸਿਹਾਪੀ ਮਨਜੀਤ ਸਿੰਘ 30 ਅਕਤੂਬਰ ਦੀ ਰਾਤ ਨੂੰ ਡਿਊਟੀ ਵੇਲੇ ਇਕ ਧਮਾਕੇ ਦੌਰਾਨ ਸ਼ਹੀਦ ਹੋ ਗਏ ਸਨ। ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਵਿਧਾਇਕ ਅਰੁਣ ਡੋਗਰਾ ਨੇ ਕਿਹਾ ਕਿ ਦੇਸ਼ ਲਈ ਸੇਵਾ ਕਰਦਿਆਂ ਮਨਜੀਤ ਸਿੰਘ ਵੱਲੋਂ ਦਿੱਤੀ ਗਈ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਅਪਨੀਤ ਰਿਆਤ, ਐੱਸਐੱਸਪੀ ਕੁਲਵੰਤ ਸਿੰਘ ਹੀਰ, ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਧਿਕਾਰੀ ਕਰਨਲ ਦਲਵਿੰਦਰ ਸਿੰਘ, ਐਡਵੋਕੇਟ ਕਰਮਬੀਰ ਸਿੰਘ ਘੁੰਮਣ, ਅਮਰੀਕ ਸਿੰਘ ਗੱਗੀ ਠੁਕਰਾਲ ਸਮੇਤ ਸੈਂਕੜੇ ਲੋਕਾਂ ਨੇ ਸਿਪਾਹੀ ਮਨਜੀਤ ਸਿੰਘ ਨੂੰ ਸ਼ਰਧਾਂਜਲੀ ਦਿੱਤੀ। ਗੌਰਤਲਬ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸ਼ਹੀਦ ਮਨਜੀਤ ਸਿੰਘ ਦੇ ਪਰਿਵਾਰ ਨੂੰ 50 ਲੱਖ ਰੁਪਏ ਸਹਾਇਤਾ ਰਾਸ਼ੀ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਹੈ।