ਪਟਨਾ ਦੇ ਗਾਂਧੀ ਮੈਦਾਨ ਲੜੀਵਾਰ ਬੰਬ ਧਮਾਕੇ ਮਾਮਲੇ 'ਚ 4 ਨੂੰ ਮੌਤ ਦੀ ਸਜ਼ਾ, 2 ਨੂੰ ਉਮਰ ਕੈਦ

ਪਟਨਾ ਦੇ ਗਾਂਧੀ ਮੈਦਾਨ ਲੜੀਵਾਰ ਬੰਬ ਧਮਾਕੇ ਮਾਮਲੇ 'ਚ 4 ਨੂੰ ਮੌਤ ਦੀ ਸਜ਼ਾ, 2 ਨੂੰ ਉਮਰ ਕੈਦ
ਪਟਨਾ- ਬਿਹਾਰ ਦੀ ਰਾਜਧਾਨੀ ਪਟਨਾ ਦੇ ਗਾਂਧੀ ਮੈਦਾਨ ਤੇ ਪਟਨਾ ਜੰਕਸ਼ਨ 'ਤੇ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ 'ਚ ਸੋਮਵਾਰ ਨੂੰ ਐਨ.ਆਈ.ਏ. ਦੀ ਵਿਸ਼ੇਸ਼ ਅਦਾਲਤ ਦੇ ਵਿਸ਼ੇਸ਼ ਜੱਜ ਗੁਰਵਿੰਦਰ ਸਿੰਘ ਮਲਹੋਤਰਾ ਨੇ 4 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਤੇ 2 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ 2 ਦੋਸ਼ੀਆਂ ਨੂੰ 10 ਸਾਲ ਤੇ ਇਕ ਨੂੰ 7 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਮਤਿਆਜ਼ ਅੰਸਾਰੀ, ਹੈਦਰ ਅਲੀ, ਨੁਮਾਨ ਅੰਸਾਰੀ ਤੇ ਮੋਜੀਬੁੱਲਾ ਅੰਸਾਰੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। 27 ਅਕਤੂਬਰ, 2013 ਨੂੰ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਤੇ ਐੱਨ.ਡੀ.ਏ. ਵਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨਰਿੰਦਰ ਮੋਦੀ ਦੀ ਹੁੰਕਾਰ ਰੈਲੀ ਤੋਂ ਪਹਿਲਾਂ ਗਾਂਧੀ ਮੈਦਾਨ ਤੇ ਜੰਕਸ਼ਨ 'ਤੇ ਵਾਪਰੀ ਉਕਤ ਘਟਨਾ 'ਚ 6 ਲੋਕਾਂ ਦੀ ਜਾਨ ਚਲੀ ਗਈ ਸੀ ਤੇ ਕਰੀਬ 85 ਲੋਕ ਜ਼ਖ਼ਮੀ ਹੋ ਗਏ ਸਨ। ਦੱਸਣਯੋਗ ਹੈ ਕਿ ਜੇਲ੍ਹ 'ਚ ਬੰਦ 10 ਦੋਸ਼ੀਆਂ ਨੂੰ ਪਿਛਲੇ ਮਹੀਨੇ 27 ਤਰੀਕ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਸੀ। ਅਦਾਲਤ ਨੇ ਉਮਰ ਸਿੱਦੀਕੀ, ਅਹਿਮਦ ਹੁਸੈਨ, ਅਜ਼ਹਰੂਦੀਨ ਕੁਰੈਸ਼ੀ, ਹੈਦਰ ਅਲੀ, ਇਮਤਿਆਜ਼ ਅੰਸਾਰੀ, ਮੋਜੀਬੁੱਲਾ ਅੰਸਾਰੀ, ਫਿਰੋਜ਼ ਅਹਿਮਦ ਤੇ ਨੁਮਾਨ ਅੰਸਾਰੀ ਨੂੰ ਦੋਸ਼ੀ ਠਹਿਰਾਇਆ ਸੀ। ਦੋਸ਼ੀਆਂ 'ਚੋਂ ਇਕ ਨਾਬਾਲਗ ਦਾ ਕੇਸ ਜੁਵੇਨਾਈਲ ਅਦਾਲਤ 'ਚ ਭੇਜਿਆ ਗਿਆ ਸੀ। ਜਾਂਚ ਦੌਰਾਨ ਅੱਤਵਾਦੀਆਂ ਦਾ ਸਬੰਧ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਦੇ ਨਾਲ-ਨਾਲ ਛੱਤੀਸਗੜ੍ਹ ਦੇ ਰਾਏਪੁਰ ਨਾਲ ਵੀ ਦੱਸਿਆ ਗਿਆ। ਰਾਏਪੁਰ 'ਚ ਹੀ 2 ਦੋਸ਼ੀਆਂ ਦੀ ਮੁਲਾਕਾਤ ਹੋਈ ਸੀ। ਅੱਤਵਾਦੀਆਂ ਦੀ ਇਹ ਵੀ ਯੋਜਨਾ ਸੀ ਕਿ ਜੇਕਰ ਉਹ ਕਾਮਯਾਬ ਨਾ ਹੋਏ ਤਾਂ ਉਹ ਵਿਧਾਨ ਸਭਾ ਵਿਚ ਲੜੀਵਾਰ ਧਮਾਕੇ ਕਰਕੇ ਭਗਦੜ ਮਚਾ ਦੇਣਗੇ। 2014 'ਚ ਸਾਰੇ ਦੋਸ਼ੀਆਂ ਖਿਲਾਫ ਚਾਰਜਸ਼ੀਟ ਦਾਇਰ ਹੋਣ ਤੋਂ ਬਾਅਦ ਹੁਣ ਤੱਕ 187 ਲੋਕਾਂ ਦੀ ਅਦਾਲਤ 'ਚ ਗਵਾਹੀ ਹੋ ਚੁੱਕੀ ਹੈ।