'84 ਕਤਲੇਆਮ ਦੌਰਾਨ ਮਾਰੇ ਗਏ ਸਿੱਖਾਂ ਦੀ ਯਾਦ 'ਚ ਮੋਮਬੱਤੀ ਮਾਰਚ

'84 ਕਤਲੇਆਮ ਦੌਰਾਨ ਮਾਰੇ ਗਏ ਸਿੱਖਾਂ ਦੀ ਯਾਦ 'ਚ ਮੋਮਬੱਤੀ ਮਾਰਚ
ਨਵੀਂ ਦਿੱਲੀ-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 1984 ਦੇ ਸਿੱਖ ਕਤਲੇਆਮ ਦੌਰਾਨ ਮਾਰੇ ਗਏ ਸਿੱਖਾਂ ਦੀ ਯਾਦ 'ਚ 'ਮੋਮਬੱਤੀ ਮਾਰਚ' ਕੱਢ ਕੇ ਸ਼ਰਧਾਂਜਲੀ ਦਿੱਤੀ ਅਤੇ ਇਸ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਮਿਲਣ ਤੱਕ ਇਨਸਾਫ ਦੀ ਲੜਾਈ ਲਗਾਤਾਰ ਜਾਰੀ ਰੱਖਣ ਦਾ ਅਹਿਦ ਕੀਤਾ | ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਖੇ ਸਥਾਪਿਤ 1984 ਦੇ ਸ਼ਹੀਦਾਂ ਦੀ ਯਾਦਗਾਰ 'ਸੱਚ ਦੀ ਕੰਧ' ਤੱਕ ਕੱਢੇ ਗਏ ਮੋਮਬੱਤੀ ਮਾਰਚ 'ਚ ਦਿੱਲੀ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਤੋਂ ਇਲਾਵਾ 1984 ਦੇ ਪੀੜਤ ਪਰਿਵਾਰਾਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਸਜ਼ਾ ਦੇਣ ਦੀ ਮੰਗ ਕੀਤੀ | ਇਸ ਮੌਕੇ ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਆਪੋ-ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਿੱਖ ਕਤਲੇਆਮ ਤੋਂ ਬਾਅਦ ਕਾਂਗਰਸੀ ਹਕੂਮਤ ਨੇ ਦੋਸ਼ੀਆਂ ਨੂੰ ਬਚਾਉਣ ਲਈ ਕੋਈ ਕਸਰ ਨਹੀਂ ਛੱਡੀ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਬਜਾਏ ਉਨ੍ਹਾਂ ਨੂੰ ਵਜ਼ੀਰੀਆਂ ਤੇ ਵੱਡੇ ਅਹੁਦਿਆਂ ਨਾਲ ਨਿਵਾਜ ਕੇ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚਾਈ | ਪਿਛਲੇ 10 ਕੁ ਸਾਲਾਂ ਤੋਂ ਅਸੀਂ 1984 ਦੇ ਇਨਸਾਫ ਦੀ ਲੜਾਈ ਨੂੰ ਕਾਨੂੰਨੀ ਰੂਪ 'ਚ ਮਜ਼ਬੂਤੀ ਨਾਲ ਲੜ ਕੇ ਸੱਜਣ ਕੁਮਾਰ ਨੂੰ ਜੇਲ੍ਹ ਭਿਜਵਾਇਆ ਹੈ ਪਰ ਹਾਲੇ ਵੀ ਕਈ ਕਾਤਲ ਖੁੱਲੇ੍ਹਆਮ ਘੁੰਮ ਰਹੇ ਹਨ | ਅਸੀਂ ਵਾਅਦਾ ਕਰਦੇ ਹਾਂ ਕਿ ਜਦੋਂ ਤੱਕ ਸਭ ਦੋਸ਼ੀਆਂ ਨੂੰ ਜੇਲ੍ਹ ਨਹੀਂ ਭੇਜਿਆ ਜਾਂਦਾ ਤਦ ਤੱਕ ਇਨਸਾਫ ਲਈ ਸੰਘਰਸ਼ ਲਗਾਤਾਰ ਜਾਰੀ ਰਹੇਗਾ | ਇਸ ਮੋਮਬੱਤੀ ਮਾਰਚ 'ਚ ਕਮੇਟੀ ਮੈਂਬਰ ਜਗਦੀਪ ਸਿੰਘ ਕਾਹਲੋਂ, ਬੀਬੀ ਰਣਜੀਤ ਕੌਰ, ਗੁਰਮੀਤ ਸਿੰਘ ਭਾਟੀਆ, ਆਤਮਾ ਸਿੰਘ ਲੁਬਾਣਾ, ਵਿਕਰਮ ਸਿੰਘ ਰੋਹਿਣੀ ਤੇ ਹੋਰ ਮੈਂਬਰਾਂ ਸਮੇਤ ਪੀੜਤ ਪਰਿਵਾਰ ਤੇ ਵਿਧਵਾਵਾਂ ਵੀ ਸ਼ਾਮਲ ਸਨ |