ਕਿਸਾਨਾਂ ਨੇ ਅਜੈ ਮਿਸ਼ਰਾ ਦਾ ਸੱਦਾ ਠੁਕਰਾਇਆ
ਕਿਸਾਨਾਂ ਨੇ ਅਜੈ ਮਿਸ਼ਰਾ ਦਾ ਸੱਦਾ ਠੁਕਰਾਇਆ
ਲਖੀਮਪੁਰ ਖੀਰੀ-ਕੇਂਦਰੀ ਮੰਤਰੀ ਅਜੈ ਮਿਸ਼ਰਾ ਵੱਲੋਂ ਮੀਟਿੰਗ ਲਈ ਕੀਤੀ ਬੇਨਤੀ ਨੂੰ ਕਿਸਾਨਾਂ ਨੇ ਠੁਕਰਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਮਿਸ਼ਰਾ ਤਿੰਨ ਅਕਤੂਬਰ ਨੂੰ ਲਖੀਮਪੁਰ ਖੀਰੀ (ਯੂਪੀ) ਵਿਚ ਹੋਈ ਹਿੰਸਾ ਦੇ ਮਾਮਲੇ ’ਚ ਮੁਲਜ਼ਮ ਹਨ ਜਿਸ ਵਿਚ ਚਾਰ ਕਿਸਾਨਾਂ ਨੂੰ ਉਨ੍ਹਾਂ ਦੀ ਕਾਰ ਨੇ ਦਰੜ ਦਿੱਤਾ ਸੀ। ਮੰਤਰੀ ਨੇ ਕਿਸਾਨਾਂ ਨੂੰ ਆਪਣੀ ਰਿਹਾਇਸ਼ ’ਤੇ ਬੈਠਕ ਲਈ ਸੱਦਿਆ ਸੀ ਤਾਂ ਕਿ ਝੋਨੇ ਦੀ ਖ਼ਰੀਦ ਨਾਲ ਜੁੜੇ ਮੁੱਦੇ ਵਿਚਾਰੇ ਜਾ ਸਕਣ ਤੇ ਨਾਲ ਹੀ ਤਿੰਨ ਅਕਤੂਬਰ ਨੂੰ ਹੋਈ ਹਿੰਸਾ ਦੇ ਮਾਮਲੇ ਨੂੰ ਵੀ ਨਿਬੇੜਿਆ ਜਾ ਸਕੇ ਜਿਸ ਵਿਚ ਉਨ੍ਹਾਂ ਦਾ ਪੁੱਤਰ ਆਸ਼ੀਸ਼ ਮੁੱਖ ਮੁਲਜ਼ਮ ਹੈ। ਆਸ਼ੀਸ਼ ਮਿਸ਼ਰਾ ਇਸ ਵੇਲੇ ਜੇਲ੍ਹ ਵਿਚ ਹੈ ਤੇ ਵਿਸ਼ੇਸ਼ ਜਾਂਚ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ। ਸਿੱਖ ਭਾਈਚਾਰੇ ਦੇ ਆਗੂਆਂ ਨੇ ਇੱਥੇ ਇਕ ਗੁਰਦੁਆਰੇ ਵਿਚ ਹੰਗਾਮੀ ਮੀਟਿੰਗ ਕੀਤੀ ਤੇ ਕਿਸਾਨਾਂ ਨੂੰ ਮੰਤਰੀ ਨਾਲ ਬੈਠਕ ਨਾ ਕਰਨ ਲਈ ਕਿਹਾ। ਭਾਰਤੀ ਸਿੱਖ ਸੰਗਠਨ ਦੇ ਪ੍ਰਧਾਨ ਜਸਬੀਰ ਸਿੰਘ ਵਿਰਕ ਨੇ ਕਿਹਾ ਕਿ ਅਸੀਂ ਮਿਲ ਕੇ ਫ਼ੈਸਲਾ ਲਿਆ ਹੈ ਕਿ ਮੰਤਰੀ ਦੀ ਰਿਹਾਇਸ਼ ਮੀਟਿੰਗ ਲਈ ਨਾ ਜਾਇਆ ਜਾਵੇ। ਸਾਡਾ ਉਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਵਿਰਕ ਨੇ ਕਿਹਾ ਕਿ ਉਹ ਸ਼ਾਇਦ ਕਿਸਾਨਾਂ ਨੂੰ ਝੋਨੇ ਦੇ ਉੱਚੇ ਮੁੁੱਲ ਦਾ ਲਾਲਚ ਦੇ ਕੇ ਭਰਮਾਉਣ ਦੀ ਕੋਸ਼ਿਸ਼ ਕਰੇ, ਪਰ ਉਸ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਤਿੰਨ ਅਕਤੂਬਰ ਦੀ ਘਟਨਾ ਵਿਚ ਗਈਆਂ ਜਾਨਾਂ ਦਾ ਮੁੱਲ ਕਦੇ ਨਹੀਂ ਤਾਰ ਸਕਦਾ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਵਿਚੋਂ ਜੇ ਕੋਈ ਵੀ ਮਿਸ਼ਰਾ ਜਾਂ ਉਸ ਦੇ ਪਰਿਵਾਰ ਨਾਲ ਰਾਬਤਾ ਰੱਖੇਗਾ ਤਾਂ ਪੂਰਾ ਸਿੱਖ ਸਮਾਜ ਉਸ ਵਿਅਕਤੀ ਦਾ ਬਾਈਕਾਟ ਕਰੇਗਾ। ਮੰਤਰੀ ਦੇ ਗੱਡੀ ਹੇਠ ਆਉਣ ਵਾਲੇ ਲਵਪ੍ਰੀਤ ਦੇ ਪਰਿਵਾਰ ਨੇ ਕਿਹਾ ਕਿ ‘ਮੰਤਰੀ ਨੇ ਆਪਣੇ ਬੰਦਿਆਂ ਰਾਹੀਂ ਮੀਟਿੰਗ ਲਈ ਸੱਦਾ ਦਿੱਤਾ ਸੀ ਤਾਂ ਕਿ ਕੇਸ ’ਤੇ ਕੋਈ ਸਮਝੌਤਾ ਕੀਤਾ ਜਾ ਸਕੇ, ਮਾਮਲੇ ਨੂੰ ਨਿਬੇੜਿਆ ਜਾ ਸਕੇ। ਉਨ੍ਹਾਂ ਫ਼ਸਲ ਦੀ ਖ਼ਰੀਦ ਵਿਚ ਵੀ ਮਦਦ ਦੀ ਪੇਸ਼ਕਸ਼ ਕੀਤੀ ਪਰ ਅਸੀਂ ਇਨਕਾਰ ਕਰ ਦਿੱਤਾ ਹੈ।’ ਕਿਸਾਨਾਂ ਨੇ ਕਿਹਾ ਕਿ ਅਜੇ ਤੱਕ ਮੰਤਰੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਸਾਡਾ ਮੰਤਰੀ ਤੇ ਉਸ ਦੇ ਬੰਦਿਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।’ ਇਸ ਮਾਮਲੇ ਵਿਚ ਬਣੀ ‘ਸਿਟ’ ਦੇ ਇਕ ਮੈਂਬਰ ਨੇ ਕਿਹਾ ਕਿ ਕੇਸ ਦੀ ਜਾਂਚ ਹੋ ਰਹੀ ਹੈ। ਸਾਰੇ ਗਵਾਹਾਂ ਨੂੰ ਸੁਰੱਖਿਆ ਦਿੱਤੀ ਗਈ ਹੈ। ਜੇ ਕਿਸੇ ’ਤੇ ਵੀ ਕੋਈ ਦਬਾਅ ਬਣਾਉਂਦਾ ਹੈ ਜਾਂ ਕਿਸੇ ਗਵਾਹ ਨੂੰ ਖ਼ਤਰਾ ਮਹਿਸੂਸ ਹੁੰਦਾ ਹੈ ਤਾਂ ਉਹ ਸਿਟ ਨੂੰ ਜਾਂ ਸਥਾਨਕ ਪੁਲੀਸ ਨੂੰ ਲਿਖਤੀ ਸ਼ਿਕਾਇਤ ਦੇ ਸਕਦਾ ਹੈ। ਢੁੱਕਵੀਂ ਕਾਰਵਾਈ ਕੀਤੀ ਜਾਵੇਗੀ।