ਨਵਜੋਤ ਸਿੱਧੂ ਨੇ ਕੈਪਟਨ ਅਮਰਿੰਦਰ ’ਤੇ ਮੁੜ ਸੇਧਿਆ ਨਿਸ਼ਾਨਾ

ਨਵਜੋਤ ਸਿੱਧੂ ਨੇ ਕੈਪਟਨ ਅਮਰਿੰਦਰ ’ਤੇ ਮੁੜ ਸੇਧਿਆ ਨਿਸ਼ਾਨਾ

ਨਵਜੋਤ ਸਿੱਧੂ ਨੇ ਕੈਪਟਨ ਅਮਰਿੰਦਰ ’ਤੇ ਮੁੜ ਸੇਧਿਆ ਨਿਸ਼ਾਨਾ
ਅੰਮ੍ਰਿਤਸਰ-ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਸ਼ਬਦੀ ਹੱਲੇ ਤਿੱਖੇ ਕਰਦਿਆਂ ਅੱਜ ਉਨ੍ਹਾਂ ਨੂੰ ‘ਕਾਇਰ, ਫਰਾਡ, ਰੋਂਦੂ ਬੱਚਾ’ ਤੇ ਕਈ ਕੁਝ ਹੋਰ ਕਰਾਰ ਦਿੱਤਾ। ਸਿੱਧੂ ਅੱਜ ਇੱਥੇ ਰਾਮ ਤਲਾਈ ਮੰਦਿਰ ਦੇ ਸੁੰਦਰੀਕਰਨ ਤੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਲਈ ਆਏ ਸਨ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਰੇਤ ਮਾਫ਼ੀਆ, ਕਾਂਗਰਸੀ ਮੰਤਰੀਆਂ, ਆਗੂਆਂ ਤੇ ਅਫ਼ਸਰਸ਼ਾਹੀ ਦੀ ਮਿਲੀਭੁਗਤ ਨਾਲ ਚੱਲ ਰਿਹਾ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਖ਼ਿਲਾਫ਼ ਉਸ ਵੇਲੇ ਕਾਰਵਾਈ ਕਿਉਂ ਨਹੀਂ ਕੀਤੀ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਸਲੀਅਤ ਨੂੰ ਜਾਣਦੇ ਹੋਏ ਵੀ ਚੁੱਪ ਰਹਿਣਾ ਤੇ ਕੋਈ ਕਾਰਵਾਈ ਨਾ ਕਰਨਾ ਇਕ ਡਰਪੋਕ ਤੇ ਕਾਇਰ ਬੰਦੇ ਦਾ ਕੰਮ ਹੈ। ਉਨ੍ਹਾਂ ਇਸ ਮਾਮਲੇ ਵਿਚ ਪੰਜਾਬ ਦੇ ਲੋਕਾਂ ਨਾਲ ਫਰਾਡ ਕੀਤਾ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ‘ਰੋਂਦੂ ਬੱਚਾ’ ਆਖਦਿਆਂ ਕਿਹਾ ਕਿ ਵਧਦੀ ਉਮਰ ਦੇ ਨਾਲ ਸਾਬਕਾ ਮੁੱਖ ਮੰਤਰੀ ਦਾ ਵਿਹਾਰ ਬੱਚਿਆਂ ਵਰਗਾ ਹੁੰਦਾ ਜਾ ਰਿਹਾ ਹੈ। ਕਿਸਾਨਾਂ ਦਾ ਮਸਲਾ ਹੱਲ ਕਰਾਉਣ ਸਬੰਧੀ ਕੈਪਟਨ ਦੇ ਇਕ ਬਿਆਨ ਬਾਰੇ ਉਨ੍ਹਾਂ ਕਿਹਾ ਕਿ ‘ਚੱਲੇ ਹੋਏ ਕਾਰਤੂਸ’ ਨਾਲ ਕਿਸੇ ਨੂੰ ਕੋਈ ਲੈਣਾ-ਦੇਣਾ ਨਹੀਂ ਹੁੰਦਾ। ਸਿੱਧੂ ਨੇ ਨਾਲ ਹੀ ਆਖਿਆ ਕਿ ਕੈਪਟਨ ਅਤੇ ਸੁਖਬੀਰ ਸਿੰਘ ਬਾਦਲ ਦੋ ਅਜਿਹੇ ਵਿਅਕਤੀ ਹਨ, ਜਿਨ੍ਹਾਂ ਨੂੰ ਵਿਸ਼ਵ ਵਿਚ ਸਭ ਤੋਂ ਵੱਧ ਲੋਕਾਂ ਵਲੋਂ ਨਫ਼ਰਤ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਸਫ਼ਲ ਮੁੱਖ ਮੰਤਰੀ ਸਨ ਅਤੇ ਇਸੇ ਕਾਰਨ ਉਨ੍ਹਾਂ ਨੂੰ ਬਦਲਿਆ ਗਿਆ ਹੈ। ਉਨ੍ਹਾਂ ਨਾਲ ਨਾ ਤਾਂ ਕੋਈ ਕੌਂਸਲਰ ਖੜ੍ਹਾ ਹੈ ਅਤੇ ਨਾ ਹੀ ਉਨ੍ਹਾਂ ਦੀ ਪਤਨੀ ਸ੍ਰੀਮਤੀ ਪ੍ਰਨੀਤ ਕੌਰ। ਉਨ੍ਹਾਂ ਸਵਾਲ ਕੀਤਾ ਕਿ ਕੀ ਪ੍ਰਨੀਤ ਕੌਰ ਕੈਪਟਨ ਦੀ ਖਾਤਰ ਕਾਂਗਰਸ ਪਾਰਟੀ ਨੂੰ ਛੱਡਣਗੇ? ਕਾਂਗਰਸ ਪ੍ਰਧਾਨ ਨੇ ਇਹ ਵੀ ਆਖਿਆ ਕਿ ‘ਸਿੱਧੂ ਨੇ ਕੈਪਟਨ ਦੇ ਖ਼ਿਲਾਫ ਕੋਈ ਸ਼ਿਕਾਇਤ ਨਹੀਂ ਕੀਤੀ ਸਗੋਂ ਸ਼ਿਕਸਤ ਦਿੱਤੀ ਹੈ। ਸਿੱਧੂ ਪੰਜਾਬ ਦੇ ਮੁੱਦਿਆਂ ਲਈ ਲੜ ਰਿਹਾ ਹੈ।’ ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪਿਛਲੀ ਸਰਕਾਰ ਵੇਲੇ ਵਿਰੋਧ ਕਰਨ ਵਾਲਿਆਂ ਦੇ ਕੰਮ ਬੰਦ ਕਰ ਦਿੱਤੇ ਗਏ ਸਨ। ਪਰ ਹੁਣ ਉਨ੍ਹਾਂ ਦੇ ਸਾਰੇ ਕੰਮ ਹੋਣਗੇ। ਅੰਮ੍ਰਿਤਸਰ ਵਿਚ ਬਣਨ ਵਾਲੇ ਪੁਲ ਤੇ ਹੋਰ ਸਾਰੇ ਕੰਮ ਜਲਦੀ ਨੇਪਰੇ ਚੜ੍ਹਨਗੇ।

Radio Mirchi