ਤਬਲੀਗੀ ਮੈਂਬਰਾਂ ਦੀ ਜੰਗੀ ਪੱਧਰ ’ਤੇ ਭਾਲ
ਨਵੀਂ ਦਿੱਲੀ-ਦਿੱਲੀ ਦੇ ਨਿਜ਼ਾਮੂਦੀਨ ’ਚ ਤਬਲੀਗੀ ਜਮਾਤ ਦੇ ਧਾਰਮਿਕ ਸਮਾਗਮ ’ਚ ਹੋਏ ਇਕੱਠ ਕਾਰਨ ਦੇਸ਼ ਅੰਦਰ ਕਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ’ਚ ਵੱਡਾ ਉਛਾਲ ਆਇਆ ਹੈ ਤੇ ਭਾਰਤ ਅੰਦਰ ਇੱਕ ਹੀ ਦਿਨ ’ਚ 375 ਨਵੇਂ ਮਰੀਜ਼ ਸਾਹਮਣੇ ਆਏ ਹਨ। ਤਬਲੀਗੀ ਜਮਾਤ ਦੇ ਮੈਂਬਰਾਂ ਦੇ ਦੇਸ਼ ਦੇ ਵੱਖ ਵੱਖ ਹਿੱਸਿਆਂ ’ਚ ਲਾਪਤਾ ਹੋਣ ਮਗਰੋਂ ਭਵਿੱਖੀ ਖਤਰੇ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਅੱਜ ਸਖ਼ਤੀ ਕਰਦਿਆਂ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹਦਾਇਤ ਕੀਤੀ ਹੈ ਕਿ ਤਬਲੀਗੀ ਜਮਾਤ ’ਚ ਸ਼ਾਮਲ ਹੋਣ ਵਾਲੇ ਸਾਰੇ ਵਿਅਕਤੀਆਂ ਦੀ ਜੰਗੀ ਪੱਧਰ ’ਤੇ ਭਾਲ ਕੀਤੀ ਜਾਵੇ। ਉੱਧਰ ਨਿਜ਼ਾਮੂਦੀਨ ਮਰਕਜ਼ ’ਚੋਂ ਹੁਣ ਤੱਕ 2361 ਲੋਕਾਂ ਨੂੰ ਬਾਹਰ ਕੱਢ ਕੇ 617 ਵਿਅਕਤੀਆਂ ਨੂੰ ਵੱਖ ਵੱਖ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ ਹੈ। ਉਮਰ ਜਮਾਇਤ ਉਲੇਮਾ-ਏ-ਹਿੰਦ ਦੇ ਪ੍ਰਧਾਨ ਮੌਲਾਣਾ ਅਰਸ਼ਦ ਮਦਨੀ ਨੇ ਕਿਹਾ ਕਿ ਨਿਜ਼ਾਮੂਦੀਨ ਘਟਨਾ ਨੂੰ ਫਿਰਕੂ ਰੰਗ ਦੇਣ ਨਾਲ ਕੋਵਿਡ-19 ਖਿ਼ਲਾਫ਼ ਲੜੀ ਜਾ ਰਹੀ ਸਾਂਝੀ ਜੰਗ ਨੂੰ ਨੁਕਸਾਨ ਪਹੁੰਚੇਗਾ। ਇਸੇ ਦੌਰਾਨ ਮੁੰਬਈ ਦੇ ਸਲੱਮ ਧਾਰਾਵੀ ਵਿੱਚ ਵੀ ਕਰੋਨਾਵਾਇਰਸ ਦਾ ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ। ਦੋ ਕਿਲੋਮੀਟਰ ਦੇ ਘੇਰੇ ਵਿੱਚ ਵੱਸੇ ਧਾਰਾਵੀ ਇਲਾਕੇ ਦੀ ਵਸੋਂ 7 ਲੱਖ ਦੇ ਨੇੜੇ ਹੈ। ਕੈਬਨਿਟ ਸਕੱਤਰ ਰਾਜੀਵ ਗਾਬਾ ਨੇ ਅੱਜ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਤੇ ਡੀਜੀਪੀਜ਼ ਨਾਲ ਵੀਡੀਓ ਕਾਨਫਰੰਸ ਕੀਤੀ ਤੇ ਉਨ੍ਹਾਂ ਵਿਦੇਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਜਿਨ੍ਹਾਂ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਦਿਆਂ ਤਬਲੀਗੀ ਜਮਾਤ ਦੀਆਂ ਪ੍ਰਚਾਰਕ ਗਤੀਵਿਧੀਆਂ ’ਚ ਹਿੱਸਾ ਲਿਆ ਸੀ। ਮੀਟਿੰਗ ਦੌਰਾਨ ਉਨ੍ਹਾਂ ਮੁੱਖ ਸਕੱਤਰਾਂ ਤੇ ਡੀਜੀਪੀਜ਼ ਨੂੰ ਸੰਭਾਵੀ ਖਤਰੇ ਬਾਰੇ ਜਾਣੂ ਕਰਵਾਉਂਦਿਆਂ ਤਬਲੀਗੀ ਜਮਾਤ ’ਚ ਹਿੱਸਾ ਲੈਣ ਵਾਲੇ ਵਿਅਕਤੀਆਂ ਨੂੰ ਜੰਗੀ ਪੱਧਰ ’ਤੇ ਲੱਭਣ ਦੀ ਹਦਾਇਤ ਕੀਤੀ। ਅਧਿਕਾਰਤ ਬਿਆਨ ’ਚ ਕਿਹਾ ਗਿਆ, ‘ਸੂਬਿਆਂ ਨੂੰ ਤਬਲੀਗੀ ਜਮਾਤ ’ਚ ਹਿੱਸਾ ਲੈਣ ਵਾਲਿਆਂ ਨੂੰ ਲੱਭਣ ਅਤੇ ਜਿਨ੍ਹਾਂ ਵਿਦੇਸ਼ੀਆਂ ਨੇ ਤਬਲੀਗੀ ਜਮਾਤ ਦੇ ਪ੍ਰਚਾਰ ਸਮਾਗਮ ’ਚ ਹਿੱਸਾ ਲੈ ਕੇ ਵੀਜ਼ਾ ਨਿਯਮਾਂ ਦੀ ਉਲੰਘਣਾ ਕੀਤੀ ਹੈ, ਖ਼ਿਲਾਫ਼ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।’
ਇਸੇ ਦੌਰਾਨ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦੱਸਿਆ ਕਿ ਜਮਾਤ ਦੀ ਮਰਕਜ਼ ’ਚੋਂ 2361 ਲੋਕਾਂ ਨੂੰ ਕੱਢਿਆ ਗਿਆ ਤੇ 617 ਲੋਕਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ। ਬਾਕੀਆਂ ਨੂੰ ਇਕਾਂਤਵਾਸ ’ਚ ਭੇਜਿਆ ਗਿਆ। ਇਸੇ ਦੌਰਾਨ ਸਰਕਾਰੀ ਨਿਯਮਾਂ ਤੇ ਪਾਬੰਦੀਆਂ ਦੀ ਉਲੰਘਣਾ ਕਰਨ ਵਾਲੇ ਮੌਲਾਨਾ ਸ਼ਾਦ ਤੇ ਤਬਲੀਗੀ ਜਮਾਤ ਦੇ ਪ੍ਰਬੰਧਕਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 269, 270, 271 ਤੇ 120 ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੌਲਾਨਾ ਸਮੇਤ ਸਾਰੇ ਮੁਲਜ਼ਮ ਫਰਾਰ ਹਨ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਗ੍ਰਹਿ ਮੰਤਰਾਲੇ ਨੇ ਦੱਸਿਆ ਸੀ ਕਿ 21 ਮਾਰਚ ਨੂੰ 824 ਦੇ ਕਰੀਬ ਵਿਦੇਸ਼ੀ ਤਬਲੀਗੀ ਜਮਾਤ ਦੀਆਂ ਦੇਸ਼ ਅੰਦਰਲੀਆਂ ਵੱਖ ਵੱਖ ਸ਼ਾਖਾਵਾਂ ’ਚ ਗਏ ਸਨ। ਇਨ੍ਹਾਂ ’ਚੋਂ 216 ਨਿਜ਼ਾਮੂਦੀਨ ਮਰਕਜ਼ ’ਚ ਰੁਕੇ ਹੋਏ ਸਨ।