ਕੋਵਿਡ-19 ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵੱਡੀ ਚੁਣੌਤੀ: ਗੁਟੇਰੇਜ਼

ਕੋਵਿਡ-19 ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵੱਡੀ ਚੁਣੌਤੀ: ਗੁਟੇਰੇਜ਼

ਸੰਯੁਕਤ ਰਾਸ਼ਟਰ-ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕਰੋਨਾਵਾਇਰਸ ਨੂੰ ਦੂਜੀ ਸੰਸਾਰ ਜੰਗ ਤੋਂ ਬਾਅਦ ਸਭ ਤੋਂ ਵੱਡੀ ਚੁਣੌਤੀ ਕਰਾਰ ਦਿੰਦਿਆਂ ਕਿਹਾ ਹੈ ਕਿ ਇਹ ਮਹਾਮਾਰੀ ਨਾ ਸਿਰਫ਼ ਲੋਕਾਂ ਦੀ ਜਾਨ ਲੈ ਰਹੀ ਹੈ ਸਗੋਂ ਆਰਥਿਕ ਮੰਦੀ ਵੱਲ ਵੀ ਲੈ ਕੇ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਇਤਿਹਾਸ ’ਚ ਅਜਿਹਾ ਭਿਆਨਕ ਸੰਕਟ ਪਹਿਲਾਂ ਪੈਦਾ ਨਹੀਂ ਹੋਇਆ ਸੀ।
ਗੁਟੇਰੇਜ਼ ਨੇ ਮੰਗਲਵਾਰ ਨੂੰ ‘ਸਾਂਝੀ ਜ਼ਿੰਮੇਵਾਰੀ, ਆਲਮੀ ਇਕਜੁੱਟਤਾ: ਸਮਾਜਿਕ ਆਰਥਿਕ ਦ੍ਰਿਸ਼’ ਵਿਸ਼ੇ ’ਤੇ ਰਿਪੋਰਟ ਸਾਂਝਾ ਕਰਦਿਆਂ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਪਿਛਲੇ 75 ਸਾਲਾਂ ਦੇ ਇਤਿਹਾਸ ’ਚ ਅਜਿਹਾ ਸੰਕਟ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ‘ਅਸੀਂ ਅਜਿਹੇ ਸੰਕਟ ਦਾ ਸਾਹਮਣਾ ਕਰ ਰਹੇ ਹਾਂ ਜੋ ਲੋਕਾਂ ਦੀ ਜਾਨ ਲੈ ਰਿਹਾ ਹੈ।
ਇਨਸਾਨਾਂ ਨੂੰ ਦੁੱਖ ਦੇ ਰਿਹਾ ਹੈ ਅਤੇ ਲੋਕਾਂ ਦੀ ਜ਼ਿੰਦਗੀ ਨਰਕ ਬਣਾ ਰਿਹਾ ਹੈ।’ ਗੁਟੇਰੇਜ਼ ਨੇ ਇਸ ਰਿਪੋਰਟ ਨੂੰ ਆਨਲਾਈਨ ਜਾਰੀ ਕਰਦਿਆਂ ਕਿਹਾ ਕਿ ਮੌਜੂਦਾ ਮਹਾਮਾਰੀ ਸਿਹਤ ਸੰਕਟ ਤੋਂ ਅਗਾਂਹ ਦੀ ਗੱਲ ਹੈ। ਬਾਅਦ ’ਚ ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਮਹਾਮਾਰੀ ਅਤੇ ਅਰਥਚਾਰੇ ਦੇ ਸੰਕਟ ਕਾਰਨ ਅਸਥਿਰਤਾ, ਅਸ਼ਾਂਤੀ ਅਤੇ ਸੰਘਰਸ਼ ਜਨਮ ਲੈਣਗੇ ਅਤੇ ਅਸਲੀਅਤ ’ਚ ਇਹ ਦੂਜੀ ਸੰਸਾਰ ਜੰਗ ਤੋਂ ਬਾਅਦ ਸਭ ਤੋਂ ਵੱਡਾ ਸੰਕਟ ਹੈ। ਉਨ੍ਹਾਂ ਕਿਹਾ ਕਿ ਇਸ ਦੇ ਟਾਕਰੇ ਲਈ ਮਜ਼ਬੂਤ ਅਤੇ ਅਸਰਦਾਰ ਕਦਮ ਉਠਾਉਣ ਦੀ ਲੋੜ ਹੈ ਅਤੇ ਇਹ ਇਕਜੁੱਟਤਾ ਨਾਲ ਹੀ ਸੰਭਵ ਹੈ। ਉਨ੍ਹਾਂ ਕਿਹਾ ਕਿ ਸਿਆਸਤ ਭੁਲਾ ਕੇ ਸਾਰਿਆਂ ਨੂੰ ਇਕੱਠੇ ਆਉਣਾ ਚਾਹੀਦਾ ਹੈ। ਉਨ੍ਹਾਂ ਇਸ ਮਹਾਮਾਰੀ ਨਾਲ ਨਜਿੱਠਣ ਲਈ ਨਵਾਂ ਬਹੁ-ਸਾਂਝੇਦਾਰੀ ਵਾਲਾ ਟਰੱਸਟ ਫੰਡ ਬਣਾਉਣ ਦੀ ਵਕਾਲਤ ਵੀ ਕੀਤੀ। ਗੁਟੇਰੇਜ਼ ਨੇ ਕਿਹਾ ਕਿ ਸਹੀ ਕਦਮ ਉਠਾਉਣ ਨਾਲ ਕੋਵਿਡ-19 ਮਹਾਮਾਰੀ ਨਵੇਂ ਕਿਸਮ ਦੇ ਆਲਮੀ ਅਤੇ ਸਮਾਜਿਕ ਸਹਿਯੋਗ ਦੀ ਸ਼ੁਰੂਆਤ ’ਚ ਮੀਲ ਦਾ ਪੱਥਰ ਸਾਬਿਤ ਹੋ ਸਕਦੀ ਹੈ। ਸੰਯੁਕਤ ਰਾਸ਼ਟਰ ਕੌਮਾਂਤਰੀ ਕਿਰਤ ਸੰਗਠਨ ਮੁਤਾਬਕ ਮਹਾਮਾਰੀ ਕਾਰਨ 50 ਲੱਖ ਤੋਂ ਲੈ ਕੇ ਢਾਈ ਕਰੋੜ ਨੌਕਰੀਆਂ ਖ਼ਤਮ ਹੋ ਜਾਣਗੀਆਂ ਅਤੇ ਅਮਰੀਕਾ ਨੂੰ ਕਿਰਤ ਆਮਦਨ ਦੇ ਰੂਪ ’ਚ 960 ਅਰਬ ਤੋਂ ਲੈ ਕੇ 3.4 ਖਰਬ ਡਾਲਰ ਦਾ ਨੁਕਸਾਨ ਹੋਵੇਗਾ। ਵਪਾਰ ਅਤੇ ਵਿਕਾਸ ਸੰਯੁਕਤ ਰਾਸ਼ਟਰ ਕਾਨਫਰੰਸ ਨੇ ਕਿਹਾ ਕਿ ਕਰੋਨਾਵਾਇਰਸ ਮਹਾਮਾਰੀ ਨਾਲ ਆਲਮੀ ਵਿਦੇਸ਼ੀ ਸਿੱਧੇ ਨਿਵੇਸ਼ ’ਤੇ 30.4 ਫ਼ੀਸਦ ਦਾ ਨਕਾਰਾਤਮਕ ਦਬਾਅ ਪਵੇਗਾ ਅਤੇ ਵਿਸ਼ਵ ਸੈਰ-ਸਪਾਟਾ ਸੰਗਠਨ ਮੁਤਾਬਕ ਕੌਮਾਂਤਰੀ ਆਵਾਜਾਈ ’ਚ 20.3 ਫ਼ੀਸਦ ਦੀ ਗਿਰਾਵਟ ਆ ਜਾਵੇਗੀ।

Radio Mirchi