ਆਸਟਰੇਲੀਆ ਵੱਲੋਂ ਵਿਦੇਸ਼ੀ ਪਾੜ੍ਹਿਆਂ ਦੀ ਮਦਦ ਤੋਂ ਨਾਂਹ
ਬ੍ਰਿਸਬੇਨ-ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਅੱਜ ਮਹਾਮਾਰੀ ਦੌਰਾਨ ਕਿਸੇ ਪ੍ਰਕਾਰ ਦੀ ਸਹਾਇਤਾ ਲਈ ਨਾਗਰਿਕਾਂ ਅਤੇ ਪੱਕੇ ਰਿਹਾਇਸ਼ੀਆਂ (ਪੀ.ਆਰ) ਨੂੰ ਪਹਿਲ ਦੇਣ ਦਾ ਐਲਾਨ ਕਰਦਿਆਂ ਇਸ ਮੌਕੇ ਆਰਥਿਕ ਤੌਰ ‘ਤੇ ਸਖ਼ਤ ਤੰਗੀਆਂ ’ਚੋਂ ਗੁਜ਼ਰ ਰਹੇ ਕੌਮਾਂਤਰੀ ਵਿਦਿਆਰਥੀਆਂ ਦੇ ਇੱਕ ਤਬਕੇ ਨੂੰ ਸਰਕਾਰ ਨੇ ਕੋਈ ਵਿਸ਼ੇਸ਼ ਸਹਾਇਤਾ ਜਾਂ ਰਿਆਇਤ ਦੇਣ ਤੋਂ ਫਿਲਹਾਲ ਇਨਕਾਰ ਕਰ ਦਿੱਤਾ ਹੈ। ਇਸ ਬਾਰੇ ਅਗਲਾ ਐਲਾਨ ਆਵਾਸ ਮੰਤਰੀ ਵੱਲੋਂ ਕੁਝ ਦਿਨਾਂ ’ਚ ਕੀਤਾ ਜਾ ਸਕਦਾ ਹੈ।
ਅੱਜ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੜ੍ਹਾਈ ਵੀਜ਼ੇ ਦੇ ਪਹਿਲੇ ਸਾਲ ਦੌਰਾਨ ਵਿਦਿਆਰਥੀਆਂ ਤੋਂ ਆਪਣੇ ਖਰਚੇ ਆਦਿ ਖ਼ੁਦ ਚਲਾਉਣ ਦੀ ਉਮੀਦ ਕੀਤੀ ਜਾਂਦੀ ਹੈ ਅਤੇ ਇਸ ਲਈ ਲਿਖਤੀ ਹਲਫ਼ਨਾਮਾ ਵੀਜ਼ਾ ਜਾਰੀ ਕਰਨ ਮੌਕੇ ਵੀ ਲਿਆ ਜਾਂਦਾ ਹੈ ਅਤੇ ਜੇਕਰ ਵਿਦਿਆਰਥੀ ਆਪਣਾ ਖਰਚਾ ਨਹੀਂ ਚੁੱਕ ਸਕਦੇ ਤਾਂ ਉਹ ਆਪਣੇ ਮੁਲਕਾਂ ਨੂੰ ਵਾਪਸ ਜਾ ਸਕਦੇ ਹਨ। ਮੌਰੀਸਨ ਦੇ ਇਸ ਸਖ਼ਤ ਬਿਆਨ ਦੀ ਕਈ ਪਾਸਿਓਂ ਆਲੋਚਨਾ ਹੋ ਰਹੀ ਹੈ ਕਿਉਂਕਿ ਕੰਮਕਾਰ ਬੰਦ ਹੋਣ ਕਾਰਨ ਵਿਦਿਆਰਥੀ ਆਪਣੇ ਰਹਿਣ-ਸਹਿਣ ਦਾ ਖਰਚਾ ਕੱਢਣ ਤੋਂ ਵੀ ਅਸਮਰੱਥ ਹੋ ਗਏ ਹਨ ਅਤੇ ਮਹਿੰਗੀਆਂ ਫ਼ੀਸਾਂ ਰਾਹੀਂ ਅਰਬਾਂ ਡਾਲਰ ਦੀ ਸਨਅਤ ਦੇ ਰਿਹਾ ਇਹ ਤਬਕਾ ਅੱਜ ਆਪਣੇ ਨਾਲ ਮਨੁੱਖੀ ਵਿਤਕਰਾ ਮਹਿਸੂਸ ਕਰ ਰਿਹਾ ਹੈ। ਦੂਜੇ ਪਾਸੇ ਭਾਵੇਂ ਕਈ ਗੁਰੂਘਰਾਂ ਅਤੇ ਸਿੱਖ ਸੰਸਥਾਵਾਂ ਵੱਲੋਂ ਲੰਗਰ ਚਲਾਏ ਜਾ ਰਹੇ ਹਨ ਪਰ ਘਰਾਂ ਦੇ ਕਿਰਾਏ ਅਤੇ ਬਿਜਲੀ ਆਦਿ ਦੇ ਬਿੱਲਾਂ ਦੀ ਕਿਸੇ ਪਾਸਿਓਂ ਸਹਾਇਤਾ ਨਹੀਂ ਮਿਲ ਰਹੀ।