ਪੰਜਾਬ ਵਿੱਚ ਪੀੜਤਾਂ ਦੀ ਗਿਣਤੀ 65 ਹੋਈ
ਚੰਡੀਗੜ੍ਹ-ਪੰਜਾਬ ਵਿੱਚ ਕਰੋਨਾਵਾਇਰਸ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਅੱਜ ਸਭ ਤੋਂ ਜ਼ਿਆਦਾ ਦਰਜ ਕੀਤੀ ਗਈ ਹੈ। ਸੂਬੇ ਵਿੱਚ ਅੱਜ 8 ਨਵੇਂ ਮਾਮਲੇ ਸਾਹਮਣੇ ਆਏ ਹਨ। ਸੂਬੇ ਵਿੱਚ ਇਸ ਵਾਇਰਸ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ 65 ਤੱਕ ਅੱਪੜ ਗਈ ਹੈ। ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਅਤੇ ਫ਼ਰੀਦਕੋਟ ਵਿੱਚ ਤਿੰਨ ਕੇਸ ਸਾਹਮਣੇ ਆਉਣ ਨਾਲ ਮਾਲਵੇ ਦਾ ਦੱਖਣੀ ਖਿੱਤਾ ਵੀ ਵਾਇਰਸ ਦੀ ਲਪੇਟ ਵਿੱਚ ਆ ਗਿਆ ਹੈ। ਸਿਹਤ ਵਿਭਾਗ ਨੇ ਕਿਹਾ ਕਿ ਮਰਹੂਮ ਭਾਈ ਨਿਰਮਲ ਸਿੰਘ ਦੇ ਸੰਪਰਕ ਵਿੱਚ ਆਈ ਉਸ ਦੀ ਪੁੱਤਰੀ ਸਮੇਤ 4 ਵਿਅਕਤੀ ਇਸ ਵਾਇਰਸ ਤੋਂ ਪੀੜਤ ਹਨ। ਤਿੰਨ ਵਿਅਕਤੀ ਅੰਮ੍ਰਿਤਸਰ ਦੇ ਹਸਪਤਾਲ ਅਤੇ ਉਨ੍ਹਾਂ ਦੀ ਧੀ ਜਲੰਧਰ ’ਚ ਦਾਖ਼ਲ ਹੈ। ਪਠਾਨਕੋਟ ਵਿੱਚ ਇੱਕ ਨਵਾਂ ਕੇਸ ਸਾਹਮਣੇ ਆਉਣ ਤੋਂ ਬਾਅਦ ਵਿਭਾਗ ਨੂੰ ਵਾਇਰਸ ਦੇ ਸਰੋਤ ਦੀ ਜਾਣਕਾਰੀ ਨਹੀਂ ਮਿਲ ਰਹੀ ਹੈ। ਮੁਹਾਲੀ ਵਿੱਚ ਜਿਹੜੇ ਨਵੇਂ ਮਾਮਲੇ ਸਾਹਮਣੇ ਆਏ ਹਨ, ਉਹ ਲੁਧਿਆਣਾ ਦੀ ਇੱਕ ਮਹਿਲਾ ਨਾਲ ਸੰਪਰਕ ’ਚ ਆਉਣ ਤੋਂ ਬਾਅਦ ਵਾਇਰਸ ਦੀ ਲਪੇਟ ਵਿੱਚ ਆਏ। ਪੰਜਾਬ ਦੇ ਸਿਹਤ ਵਿਭਾਗ ਨੂੰ 247 ਵਿਅਕਤੀਆਂ ਦੇ ਸੈਂਪਲਾਂ ਦੇ ਨਤੀਜਿਆਂ ਦੀ ਉਡੀਕ ਹੈ।
ਸਿਹਤ ਵਿਭਾਗ ਨੇ ਅੱਜ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਦੱਸਿਆ ਕਿ ਨਿਜ਼ਾਮੂਦੀਨ ਤੋਂ ਪਰਤੇ ਵਿਅਕਤੀਆਂ ਦੇ ਸੰਪਰਕ ਵਿੱਚ ਆਉਣ ਵਾਲਿਆਂ ਦਾ ਤੇਜ਼ੀ ਨਾਲ ਥਹੁ-ਪਤਾ ਲਾਇਆ ਜਾ ਰਿਹਾ ਹੈ ਅਤੇ ਸੂਬੇ ਨੂੰ ਹਾਸਲ ਹੋਈ 255 ਵਿਅਕਤੀਆਂ ਦੀ ਸੂਚੀ ਵਿੱਚੋਂ 192 ਵਿਅਕਤੀਆਂ ਦੀ ਜਾਂਚ ਕਰਕੇ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਵਿਦੇਸ਼ ਤੋਂ ਪਰਤਣ ਵਾਲਿਆਂ ਦੇ ਨਾਲ-ਨਾਲ ਹੈਲਥ ਕੇਅਰ ਪ੍ਰੋਫੈਸ਼ਨਲਾਂ, ਪੁਲੀਸ ਵਰਗੀਆਂ ਵੱਧ-ਜ਼ੋਖਮ ਵਾਲੀਆਂ ਸ਼੍ਰੇਣੀਆਂ ਦਾ ਵੀ ਪਤਾ ਲਾਇਆ ਜਾ ਰਿਹਾ ਹੈ। ਹੁਣ ਤੱਕ ਵਧ ਜ਼ੋਖਮ ਵਾਲੇ 846 ਕਰਮੀਆਂ ਸਮੇਤ 1600 ਵਿਅਕਤੀਆਂ ਦੇ ਸੰਪਰਕ ਦਾ ਪਤਾ ਲਾਇਆ ਜਾ ਚੁੱਕਾ ਹੈ ਜਿਨ੍ਹਾਂ ਵਿੱਚੋਂ 34 ਪਾਜ਼ੇਟਿਵ ਪਾਏ ਗਏ ਹਨ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵਜ਼ਾਰਤ ਦੀ ਮੀਟਿੰਗ ਦੌਰਾਨ ਦੱਸਿਆ ਕਿ ਹਰੇਕ ਸਰਕਾਰੀ ਹਸਪਤਾਲ ਵਿੱਚ 1000 ਪੀਪੀਈਜ਼ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਰੋਗ ਦੇ ਹੋਰ ਫੈਲਾਅ ਨੂੰ ਰੋਕਣ ਦੀਆਂ ਤਿਆਰੀਆਂ ਬਾਰੇ ਮੰਤਰੀ ਮੰਡਲ ਨੂੰ ਦੱਸਿਆ ਗਿਆ ਕਿ 5000 ਅਲਹਿਦਾ ਬੈੱਡਾਂ ਦੀ ਸ਼ਨਾਖਤ ਕੀਤੀ ਜਾ ਚੁੱਕੀ ਹੈ ਜਿਨ੍ਹਾਂ ਵਿੱਚੋਂ 2500 ਪਹਿਲਾਂ ਤੋਂ ਚੱਲ ਰਹੇ ਹਨ। ਹੋਸਟਲਾਂ ਸਮੇਤ ਇਮਾਰਤਾਂ ਨੂੰ ਆਪਣੇ ਕਬਜ਼ੇ ਵਿੱਚ ਲਿਆ ਜਾ ਰਿਹਾ ਹੈ ਅਤੇ ਅਜਿਹੀਆਂ ਸਹੂਲਤਾਂ ਦੀ ਸਿਰਜਣਾ ਲਈ ਇਨ੍ਹਾਂ ਨੂੰ ਆਈਸੋਲੇਟਿਡ ਐਲਾਨਿਆ ਗਿਆ ਅਤੇ ਸੂਬੇ ਨੇ 20,000 ਕੇਸਾਂ ਲਈ ਯੋਜਨਾ ਬਣਾਈ ਹੈ। ਸਪਲਾਈ ਨੂੰ ਹੋਰ ਵਧਾਉਣ ਲਈ ਪੀਪੀਈਜ਼ ਕਿੱਟਾਂ ਅਤੇ ਐਨ-95 ਮਾਸਕ ਬਣਾਉਣ ਲਈ 20 ਉਦਯੋਗਾਂ ਦੀ ਸ਼ਨਾਖਤ ਕੀਤੀ ਗਈ ਅਤੇ ਇਨ੍ਹਾਂ ਵਿੱਚੋਂ ਪੰਜ ਨੂੰ ਪ੍ਰਵਾਨਗੀ ਵੀ ਦਿੱਤੀ ਜਾ ਚੁੱਕੀ ਹੈ। ਇਸੇ ਤਰ੍ਹਾਂ ਘੱਟ-ਕੀਮਤ ’ਤੇ ਵੈਂਟੀਲੇਟਰ ਬਣਾਉਣ ਲਈ ਹੋਰ ਅੱਧੀ ਦਰਜਨ ਉਦਯੋਗਾਂ ਦੀ ਸ਼ਨਾਖ਼ਤ ਕੀਤੀ ਗਈ ਹੈ। ਮੰਤਰੀ ਮੰਡਲ ਨੇ ਕੋਵਿਡ-19 ਖਿਲਾਫ਼ ਜੰਗ ਦੌਰਾਨ ਯੋੋਗਦਾਨ ਪਾਉਣ ਵਾਲੇ ਵਰਗਾਂ ਦਾ ਧੰਨਵਾਦ ਕਰਨ ਲਈ ਤਿੰਨ ਮਤੇ ਪਾਸ ਕੀਤੇ। ਇਨ੍ਹਾਂ ਵਿੱਚ ਸਰਕਾਰੀ ਕਰਮਚਾਰੀ ਜਿਨ੍ਹਾਂ ਨੇ ਆਪਣੀਆਂ ਤਨਖਾਹਾਂ ਦਾ ਇਕ ਹਿੱਸਾ ਦਾਨ ਕੀਤਾ ਹੈ ਅਤੇ ਸਾਰੀਆਂ ਐੱਨਜੀਓਜ਼ ਤੇ ਧਾਰਮਿਕ ਸੰਗਠਨ, ਜਿਨ੍ਹਾਂ ਨੇ ਲੋਕਾਂ ਨੂੰ ਪ੍ਰੇਰਿਤ ਕਰ ਕੇ ਇਕੱਠੇ ਹੋਣ ਤੋਂ ਰੋਕਿਆ ਅਤੇ ਰਾਹਤ ਦੇ ਕੰਮ ਕਰ ਰਹੇ ਹਨ, ਸ਼ਾਮਲ ਹਨ। ਇਸ ਤੋਂ ਇਲਾਵਾ ਪੁਲੀਸ, ਸਿਹਤ, ਸੈਨੀਟੇਸ਼ਨ ਅਤੇ ਆਂਗਣਵਾੜੀ ਵਰਕਰ ਵੀ ਕਰੋਨਾਵਾਇਰਸ ਖਿਲਾਫ਼ ਸਭ ਤੋਂ ਅੱਗੇ ਹੋ ਕੇ ਲੜਾਈ ਲੜ ਰਹੇ ਹਨ।