ਬਰਤਾਨਵੀ ਪ੍ਰਧਾਨ ਮੰਤਰੀ ਜੌਹਨਸਨ ਆਈਸੀਯੂ ’ਚ ਤਬਦੀਲ
ਲੰਡਨ-ਕਰੋਨਾਵਾਇਰਸ ਦੇ ਲੱਛਣਾਂ ਕਰਕੇ ਪਿਛਲੇ ਕਈ ਦਿਨਾਂ ਤੋਂ ਹਸਪਤਾਲ ਵਿੱਚ ਦਾਖ਼ਲ ਬ੍ਰਿਟਿਸ਼ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੂੰ ਲੱਛਣ ਵਧਣ ਮਗਰੋਂ ਆਈਸੀਯੂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਜੌਹਨਸਨ ਨੂੰ ਇਥੇ ਆਕਸੀਜਨ ’ਤੇ ਰੱਖਿਆ ਗਿਆ ਹੈ ਤੇ ਹਾਲ ਦੀ ਘੜੀ ਵੈਂਟੀਲੇਟਰ ਲਾਉਣ ਦੀ ਲੋੜ ਨਹੀਂ ਪਈ। ਵਿਦੇਸ਼ ਮੰਤਰੀ ਡੋਮੀਨਿਕ ਰਾਬ ਉਨ੍ਹਾਂ ਦੀ ਥਾਂ ਸਰਕਾਰ ਦਾ ਕੰਮਕਾਜ ਚਲਾ ਰਹੇ ਹਨ। ਇਸ ਦੌਰਾਨ ਯੂਕੇ ਸਰਕਾਰ ’ਚ ਮੰਤਰੀ ਮਾਈਕ ਗਵ ਆਪਣੇ ਪਰਿਵਾਰ ਦੇ ਇਕ ਜੀਅ ਵਿੱਚ ਕਰੋਨਾਵਾਇਰਸ ਦੇ ਲੱਛਣ ਦਿਸਣ ਮਗਰੋਂ ਇਕਾਂਤਵਾਸ ’ਚ ਚਲੇ ਗਏ ਹਨ। ਮੁਲਕ ਦੇ ਸਿਹਤ ਮੰਤਰੀ ਮੈਟ ਹੈਨਕੋਕ ਨੇ ਇਸ ਦੀ ਪੁਸ਼ਟੀ ਕੀਤੀ ਹੈ। ਡਾਊਨਿੰਗ ਸਟਰੀਟ ਨੇ ਇਕ ਬਿਆਨ ਵਿੱੱਚ ਕਿਹਾ ਕਿ ਬਰਤਾਨਵੀ ਪ੍ਰਧਾਨ ਮੰਤਰੀ ਨੂੰ ਇਥੇ ਸੇਂਟ ਥੌਮਸ ਹਸਪਤਾਲ ਦੇ ਆਈਸੀਯੂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਇਹਤਿਆਤ ਵਜੋਂ ਤਬਦੀਲ ਕੀਤਾ ਹੈ, ਕਿਉਂਕਿ ਆਈਸੀਯੂ ਵਿੱਚ ਲੋੜ ਪੈਣ ’ਤੇ ਵੈਂਟੀਲੇਟਰ ਦੀ ਸਹੂਲਤ ਮੌਜੂਦ ਹੈ। ਬੁਲਾਰੇ ਨੇ ਕਿਹਾ, ‘ਪ੍ਰਧਾਨ ਮੰਤਰੀ ਦੀ ਸਿਹਤ ਵਿਗੜਨ ਮਗਰੋਂ ਮੈਡੀਕਲ ਟੀਮ ਦੀ ਸਲਾਹ ’ਤੇ ਉਨ੍ਹਾਂ ਨੂੰ ਹਸਪਤਾਲ ਦੇ ਆਈਸੀਯੂ ਵਿੱਚ ਤਬਦੀਲ ਕੀਤਾ ਗਿਆ ਹੈ। ਉਨ੍ਹਾਂ ਨੂੰ ਪੂਰੀ ਸੁਰਤ ਹੈ ਤੇ ਉਨ੍ਹਾਂ ਦੀ ਚੰਗੀ ਸਾਂਭ-ਸੰਭਾਲ ਹੋ ਰਹੀ ਹੈ। ਪ੍ਰਧਾਨ ਮੰਤਰੀ ਨੇ ਕੌਮੀ ਸਿਹਤ ਸੇਵਾ (ਐੱਨਐੱਚਐੱਸ) ਸਟਾਫ਼ ਵੱਲੋਂ ਕੀਤੀ ਜਾ ਰਹੀ ਸਖ਼ਤ ਮਿਹਨਤ ਤੇ ਸਮਰਪਣ ਭਾਵਨਾ ਦੀ ਤਾਰੀਫ਼ ਕੀਤੀ ਹੈ।’ ਇਸ ਤੋਂ ਪਹਿਲਾਂ ਜੌਹਨਸਨ ਨੇ ਹਸਪਤਾਲ ’ਚੋਂ ਜਾਰੀ ਸੁਨੇਹੇ ਵਿੱਚ ਕਿਹਾ ਸੀ ਕਿ ਉਹ ‘ਚੜ੍ਹਦੀ ਕਲਾ’ ਵਿੱਚ ਹਨ। ਉਧਰ ਵਿਦੇਸ਼ ਮੰਤਰੀ ਰਾਬ ਨੇ ਆਰਜ਼ੀ ਤੌਰ ’ਤੇ ਸਰਕਾਰ ਦੀ ਕਮਾਨ ਸੰਭਾਲਣ ਮਗਰੋਂ ਕਿਹਾ ਕਿ ਸਰਕਾਰ ਦਾ ਮੁੱਖ ਨਿਸ਼ਾਨਾ ਮਹਾਮਾਰੀ ਨੂੰ ਅੱਗੇ ਫੈਲਣ ਤੋਂ ਰੋਕਣਾ ਹੈ ਤੇ ਇਸ ਲਈ ਜੌਹਨਸਨ ਵੱਲੋਂ ਤਿਆਰ ਯੋਜਨਾਬੰਦੀ ਨੂੰ ਹੀ ਲਾਗੂ ਕੀਤਾ ਜਾਵੇਗਾ। ਬਕਿੰਘਮ ਪੈਲੇਸ ਮੁਤਾਬਕ ਮਹਾਰਾਣੀ ਐਲਿਜ਼ਬੈੱਥ ਦੋਇਮ ਨੂੰ ਜੌਹਨਸਨ ਦੀ ਸਿਹਤ ਬਾਰੇ ਪਲ ਪਲ ਦੀ ਖ਼ਬਰ ਦਿੱਤੀ ਜਾ ਰਹੀ ਹੈ।