ਕਰੋਨਾਵਾਇਰਸ: ਜਾਪਾਨ ਨੇ ਟੋਕੀਓ ਤੇ ਛੇ ਹੋਰਨਾਂ ਸ਼ਹਿਰਾਂ ’ਚ ਐਮਰਜੈਂਸੀ ਐਲਾਨੀ

ਕਰੋਨਾਵਾਇਰਸ: ਜਾਪਾਨ ਨੇ ਟੋਕੀਓ ਤੇ ਛੇ ਹੋਰਨਾਂ ਸ਼ਹਿਰਾਂ ’ਚ ਐਮਰਜੈਂਸੀ ਐਲਾਨੀ

ਪੇਈਚਿੰਗ-ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਐਬੇ ਨੇ ਅੱਜ ਟੋਕੀਓ ਤੇ ਦੇਸ਼ ਦੇ ਛੇ ਹੋਰਨਾਂ ਹਿੱਸਿਆਂ ’ਚ ਇਕ ਮਹੀਨੇ ਦੀ ਐਮਰਜੰਸੀ ਐਲਾਨ ਦਿੱਤੀ ਹੈ। ਸਪੇਨ ਵਿੱਚ ਇਕੋ ਦਿਨ ’ਚ 743 ਮੌਤਾਂ ਨਾਲ ਕਰੋਨਾ ਮਹਾਮਾਰੀ ਕਰਕੇ ਦਮ ਤੋੜਨ ਵਾਲਿਆਂ ਦੀ ਗਿਣਤੀ 14 ਹਜ਼ਾਰ ਨੇੜੇ ਢੁੱਕ ਗਈ ਹੈ। ਅਮਰੀਕਾ ਵਿੱਚ 10,800 ਤੋਂ ਵੱਧ ਲੋਕ ਰੱਬ ਨੂੰ ਪਿਆਰੇ ਹੋ ਗਏ ਹਨ ਤੇ ਪਾਜ਼ੇਟਿਵ ਕੇਸਾਂ ਦਾ ਅੰਕੜਾ 3.66 ਲੱਖ ਨੂੰ ਟੱਪ ਗਿਆ ਹੈ। ਆਲਮੀ ਪੱਧਰ ’ਤੇ 13.50 ਲੱਖ ਲੋਕ ਕਰੋਨਾਵਾਇਰਸ ਦੀ ਮਾਰ ਹੇਠ ਹਨ ਤੇ 76 ਹਜ਼ਾਰ ਤੋਂ ਵੱਧ ਵਿਅਕਤੀ ਜਹਾਨੋਂ ਕੂਚ ਕਰ ਚੁੱਕੇ ਹਨ। ਚੀਨ ਨੇ ਅੱਜ ਕਿਹਾ ਕਿ ਉਹ ਕਰੋਨਾਵਾਇਰਸ ਮਹਾਮਾਰੀ ਦਾ ਧੁਰਾ ਰਹੇ ਵੂਹਾਨ ਨੂੰ ਬੁੱਧਵਾਰ ਤੋਂ ਖੋਲ੍ਹ ਦੇਵੇਗਾ।
ਚੀਨ ਨੇ ਕਿਹਾ ਕਿ ਅੱਜ ਪਹਿਲੀ ਵਾਰ ਹੈ ਜਦੋਂ ਕਰੋਨਾਵਾਇਰਸ ਕਰਕੇ ਦੇਸ਼ ਵਿੱਚ ਕੋਈ ਨਵੀਂ ਮੌਤ ਨਹੀਂ ਹੋਈ। ਕੌਮੀ ਸਿਹਤ ਕਮਿਸ਼ਨ ਨੇ ਕਿਹਾ ਕਿ ਮੁਲਕ ਵਿੱਚ 32 ਨਵੇਂ ਕੇਸਾਂ ਨਾਲ ਲਾਗ ਨਾਲ ਪੀੜਤ ਕੇਸਾਂ ਦੀ ਗਿਣਤੀ 983 ਹੋ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘ਮੌਜੂਦਾ ਹਾਲਾਤ ਨਾ ਸਿਰਫ਼ ਲੋਕਾਂ ਦੀਆਂ ਜ਼ਿੰਦਗੀਆਂ ਬਲਕਿ ਅਰਥਚਾਰੇ ਨੂੰ ਵੀ ਵੱਡਾ ਨੁਕਸਾਨ ਪਹੁੰਚਾ ਰਹੇ ਹਨ….ਲਿਹਾਜ਼ਾ ਮੈਂ ਐਮਰਜੈਂਸੀ ਦਾ ਐਲਾਨ ਕਰਦਾ ਹਾਂ।’ ਐਮਰਜੈਂਸੀ, ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਆਇਦ ਸਖ਼ਤ ਲੌਕਡਾਊਨ ਜਿੰਨੀ ਕਾਰਗਰ ਨਾ ਹੋਵੇ, ਪਰ ਇਸ ਨਾਲ ਮੁਕਾਮੀ ਸਰਕਾਰਾਂ ਨੂੰ ਲੋਕਾਂ ਨੂੰ ਘਰਾਂ ਵਿੱਚ ਤਾੜਨ ਤੇ ਕਾਰੋਬਾਰੀ ਅਦਾਰੇ ਬੰਦ ਰੱਖਣ ਦੀ ਅਪੀਲ ਕਰਨ ਦਾ ਅਧਿਕਾਰ ਜ਼ਰੂਰ ਮਿਲ ਜਾਏਗਾ। ਇਸ ਦੌਰਾਨ ਸਪੇਨ ਵਿੱਚ ਪਿਛਲੇ ਚਾਰ ਦਿਨਾਂ ਵਿੱਚ ਮੌਤਾਂ ਦੀ ਗਿਣਤੀ ’ਚ ਲਗਾਤਾਰ ਨਿਘਾਰ ਆਉਣ ਮਗਰੋਂ ਪਿਛਲੇ 24 ਘੰਟਿਆਂ ਵਿੱਚ 743 ਸੱਜਰੀਆਂ ਮੌਤਾਂ ਨਾਲ ਇਸ ਅੰਕੜੇ ਨੇ ਮੁੜ ਸ਼ੂਟ ਵੱਟ ਲਈ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਮੌਤਾਂ ਦੀ ਕੁੱਲ ਗਿਣਤੀ 13,798 ਹੋ ਗਈ ਹੈ। ਉਧਰ ਕਰੋਨਾਵਾਇਰਸ ਦੀ ਸਭ ਤੋਂ ਵੱਧ ਮਾਰ ਝੱਲਣ ਵਾਲੇ ਇਟਲੀ ਵਿੱਚ ਕਰੋਨਵਾਇਰਸ ਦੀ ਲਾਗ ਨਾਲ ਸਬੰਧਤ ਕੇਸ 4.1 ਫੀਸਦ ਦੀ ਰਫ਼ਤਾਰ ਨਾਲ ਵਧ ਕੇ 1,40,510 ਨੂੰ ਅੱਪੜ ਗਏ ਹਨ।
ਅਮਰੀਕਾ ਵਿੱਚ ਕੋਵਿਡ-19 ਦੇ ਕੇਂਦਰ ਬਿੰਦੂ ਨਿਊ ਯਾਰਕ ਵਿੱਚ ਮੌਤਾਂ ਦੀ ਗਿਣਤੀ ਵੱਧ ਕੇ 4758 ਹੋ ਗਈ ਹੈ ਤੇ ਪੱਕੇ ਕੇਸਾਂ ਦਾ ਅੰਕੜਾ 1.30 ਲੱਖ ਹੈ। ਵ੍ਹਾਈਟ ਹਾਊਸ ਟਾਸਕ ਫੋਰਸ ਦੇ ਮੈਂਬਰ ਡਾ.ਡੈਬੋਰਾਹ ਬ੍ਰਿਕਸ ਨੇ ਫੌਕਸ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਿਊ ਯਾਰਕ ਤੇ ਹੋਰਨਾਂ ਥਾਵਾਂ ’ਤੇ ਨਵੇਂ ਕੇਸਾਂ ਵਿੱਚ ਆਏ ਨਿਘਾਰ ਨਾਲ ਇਕ ਗੱਲ ਸਾਫ਼ ਹੈ ਕਿ ਅਮਰੀਕੀ ਲੋਕ ਰਾਸ਼ਟਰਪਤੀ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਲੱਗੇ ਹਨ। ਇਸ ਦੌਰਾਨ ਟੈਕਸਸ ਵਿੱਚ 464 ਨਵੇਂ ਕੇਸਾਂ ਦਾ ਪਤਾ ਲੱਗਾ ਹੈ।

 

Radio Mirchi