ਪੰਜਾਬ: ਇੱਕੋ ਦਿਨ ’ਚ ਕਰੋਨਾ ਦੇ 20 ਮਾਮਲੇ, ਇਕ ਮੌਤ

ਪੰਜਾਬ: ਇੱਕੋ ਦਿਨ ’ਚ ਕਰੋਨਾ ਦੇ 20 ਮਾਮਲੇ, ਇਕ ਮੌਤ

ਚੰਡੀਗੜ੍ਹ-ਪੰਜਾਬ ਵਿਚ ਕਰੋਨਾਵਾਇਰਸ ਦੇ ਅੱਜ ਸਭ ਤੋਂ ਜ਼ਿਆਦਾ ਮਰੀਜ਼ ਸਾਹਮਣੇ ਆਏ ਹਨ। ਇਸ ਖ਼ਤਰਨਾਕ ਵਾਇਰਸ ਦੀ ਲਪੇਟ ਵਿੱਚ ਆਉਣ ਵਾਲੇ ਨਵੇਂ 20 ਵਿਅਕਤੀਆਂ ਸਮੇਤ ਕੁੱਲ ਪੀੜਤਾਂ ਦੀ ਗਿਣਤੀ 99 ਤੱਕ ਜਾ ਪਹੁੰਚੀ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਜ਼ੇਰੇ ਇਲਾਜ ਇੱਕ ਕਰੋਨਾਵਾਇਰਸ ਤੋਂ ਪੀੜਤ ਵਿਅਕਤੀ ਦੀ ਲੰਘੀ ਰਾਤ ਮੌਤ ਹੋ ਜਾਣ ਸਬੰਧੀ ਵੀ ਸਿਹਤ ਵਿਭਾਗ ਵੱਲੋਂ ਅੱਜ ਖੁਲਾਸਾ ਕੀਤਾ ਗਿਆ ਹੈ। ਸੂਬੇ ਦੇ ਮੋਗਾ ਜ਼ਿਲ੍ਹੇ ਵਿੱਚ ਵੀ ਅੱਜ ਤਿੰਨ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਸ ਵਾਇਰਸ ਦਾ ਫੈਲਾਅ 15 ਜ਼ਿਲ੍ਹਿਆਂ ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ ਖੁਸ਼ੀ ਵਾਲੀ ਖ਼ਬਰ ਇਹ ਵੀ ਹੈ ਕਿ ਹੁਣ ਤੱਕ 14 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਮੁਹਾਲੀ ਵਿੱਚ ਇਸ ਵਾਇਰਸ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਇਸ ਜ਼ਿਲ੍ਹੇ ਵਿੱਚ ਤਾਜ਼ਾ 7 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੁੱਲ ਮਰੀਜ਼ਾਂ ਦੀ ਗਿਣਤੀ 26 ਤੱਕ ਪਹੁੰਚ ਗਈ ਹੈ। ਮੁਹਾਲੀ ਸਮੇਤ ਜਿਨ੍ਹਾਂ ਹੋਰਨਾਂ ਜ਼ਿਲ੍ਹਿਆਂ ਵਿੱਚ ਨਵੇਂ ਮਾਮਲੇ ਸਾਹਮਣੇ ਆਏ ਹਨ ਉਨ੍ਹਾਂ ਵਿੱਚ ਮੋਗਾ ’ਚ 4 ਮਾਮਲੇ ਹਨ।
ਇਨ੍ਹਾਂ ਵਿੱਚੋਂ ਤਿੰਨ ਤਬਲੀਗੀ ਸਮਾਗਮ ਨਵੀਂ ਦਿੱਲੀ ਵਿੱਚ ਸ਼ਮੂਲੀਅਤ ਕਰਨ ਵਾਲੇ ਅਤੇ ਇੱਕ ਵੱਖਰਾ ਮਾਮਲਾ ਹੈ ਤੇ ਇਸ ਵਿਅਕਤੀ ਨੂੰ ਲਾਗ ਲੱਗਣ ਦੇ ਸਰੋਤ ਬਾਰੇ ਕੋਈ ਤੱਥ ਸਾਹਮਣੇ ਨਹੀਂ ਆਏ। ਪਠਾਨਕੋਟ ਜ਼ਿਲ੍ਹੇ ਵਿੱਚ ਜਿਹੜੇ ਮਾਮਲੇ ਸਾਹਮਣੇ ਆਏ ਹਨ ਉਹ ਸਾਰੇ 5 ਜਣੇ ਪਹਿਲਾਂ ਤੋਂ ਹੀ ਪਾਜ਼ੇਟਿਵ ਵਿਅਕਤੀ ਦੇ ਸੰਪਰਕ ਵਿੱਚ ਆਉਣ ਕਾਰਨ ਵਾਇਰਸ ਦਾ ਸ਼ਿਕਾਰ ਹੋ ਗਏ ਹਨ। ਮਾਨਸਾ ਜ਼ਿਲ੍ਹੇ ਵਿੱਚ ਵੀ ਜਿਹੜਾ ਨਵਾਂ ਮਾਮਲਾ ਸਾਹਮਣੇ ਆਇਆ ਹੈ ਉਹ ਵੀ ਤਬਲੀਗੀ ਜਮਾਤ ਦੀ ਸ਼ਮੂਲੀਅਤ ਵਾਲਾ ਵਿਅਕਤੀ ਹੀ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ ਵੀ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਸਿਹਤ ਵਿਭਾਗ ਨੇ 2 ਮਰੀਜ਼ਾਂ ਦੀ ਹਾਲਤ ਗੰਭੀਰ ਅਤੇ ਇੱਕ ਦੀ ਜ਼ਿਆਦਾ ਗੰਭੀਰ ਹੋਣ ਕਾਰਨ ਵੈਂਟੀਲੇਟਰ ਦਾ ਸਹਾਰਾ ਦਿੱਤੇ ਹੋਣ ਦੀ ਗੱਲ ਕਹੀ ਹੈ। ਨਵਾਂ ਸ਼ਹਿਰ ਜ਼ਿਲ੍ਹੇ ਵਿਚ ਪਿਛਲੇ ਕਈ ਦਿਨਾਂ ਤੋਂ ਹੁਣ ਕੋਈ ਨਵਾਂ ਕੋਵਿਡ ਪੀੜਤ ਨਹੀਂ ਪਾਇਆ ਗਿਆ।

Radio Mirchi