ਚੀਨ ਨੇ 73 ਦਿਨਾਂ ਬਾਅਦ ਵੂਹਾਨ ’ਚੋਂ ਲੌਕਡਾਊਨ ਹਟਾਇਆ

ਪੇਈਚਿੰਗ/ਵੂਹਾਨ- ਕਰੋਨਾਵਾਇਰਸ ਦਾ ਕੇਂਦਰ ਰਹੇ ਵੂਹਾਨ ’ਚੋਂ ਚੀਨ ਨੇ 73 ਦਿਨਾਂ ਬਾਅਦ ਲੌਕਡਾਊਨ ਹਟਾਇਆ ਤਾਂ ਲੋਕਾਂ ਨੇ ਸ਼ਹਿਰ ਤੋਂ ਬਾਹਰ ਵੱਲ ਵਹੀਰਾਂ ਘੱਤ ਲਈਆਂ। ਉਂਜ ਮੁਲਕ ’ਚ ਦੋ ਹੋਰ ਮੌਤਾਂ (ਸ਼ੰਘਾਈ ਅਤੇ ਹੁਬੇਈ) ਹੋਣ ਅਤੇ ਇਕ ਹਜ਼ਾਰ ਨਵੇਂ ਕੇਸ ਆਉਣ ਨਾਲ ਕੋਵਿਡ-19 ਮਹਾਮਾਰੀ ਦਾ ਨਵਾਂ ਦੌਰ ਸ਼ੁਰੂ ਹੋਣ ਦਾ ਖ਼ਤਰਾ ਖੜ੍ਹਾ ਹੋ ਗਿਆ ਹੈ।
ਸਰਕਾਰ ਨੇ ਜਿਨ੍ਹਾਂ ਕੋਲ ਸਿਹਤ ਸਰਟੀਫਿਕੇਟ ਹਨ, ਉਨ੍ਹਾਂ ਨੂੰ ਸੜਕ, ਹਵਾਈ ਅਤੇ ਟਰੇਨ ਰਾਹੀਂ ਸਫ਼ਰ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਹੁਬੇਈ ਪ੍ਰਾਂਤ ਨੇ ਵੀ ਯਾਤਰਾ ਤੋਂ ਪਾਬੰਦੀਆਂ ਹਟਾ ਲਈਆਂ ਸਨ। ਸ਼ਹਿਰ ਦੀ 1.1 ਕਰੋੜ ਦੀ ਆਬਾਦੀ ’ਚੋਂ ਲੱਖਾਂ ਲੋਕਾਂ ਨੇ ਲੌਕਡਾਊਨ ਹਟਣ ’ਤੇ ਸੁੱਖ ਦਾ ਸਾਹ ਲਿਆ ਅਤੇ ਉਹ ਦੂਜੇ ਸ਼ਹਿਰਾਂ ਵੱਲ ਰਵਾਨਾ ਹੋ ਗਏ। ਮੰਗਲਵਾਰ ਅੱਧੀ ਰਾਤ ਤੋਂ ਹੀ ਵੂਹਾਨ ਦੇ ਨੇੜਲੇ ਇਲਾਕਿਆਂ ’ਚੋਂ ਟੌਲ ਗੇਟਾਂ ਤੋਂ ਬੈਰੀਕੇਡ ਹਟਾ ਲਏ ਗਏ ਸਨ। ਉਥੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਲੋਕ ਭੀੜ ’ਚੋਂ ਨਿਕਲਣ ਲਈ ਹੌਰਨ ਵਜਾਉਂਦੇ ਰਹੇ। ਚੀਨੀ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਮੰਗਲਵਾਰ ਨੂੰ ਕਰੋਨਾ ਦੇ 62 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਨ੍ਹਾਂ ’ਚੋਂ 59 ਕੇਸ ਦੂਜੇ ਮੁਲਕਾਂ ਤੋਂ ਪਰਤੇ ਵਿਅਕਤੀਆਂ ਨਾਲ ਸਬੰਧਤ ਹਨ। ਇੰਜ ਕਰੋਨਾ ਦੇ ਕੁੱਲ ਪੀੜਤਾਂ ਦੀ ਗਿਣਤੀ ਵਧ ਕੇ 1042 ਹੋ ਗਈ ਹੈ। ਤਿੰਨ ਨਵੇਂ ਘਰੇਲੂ ਕੇਸ ਵੀ ਸਾਹਮਣੇ ਆਏ ਹਨ ਜਿਨ੍ਹਾਂ ’ਚੋਂ ਦੋ ਸ਼ੈਨਡੋਂਗ ਅਤੇ ਇਕ ਗੁਆਂਗਡੋਂਗ ਸੂਬਿਆਂ ’ਚੋਂ ਮਿਲੇ ਹਨ। ਜ਼ਿਕਰਯੋਗ ਹੈ ਕਿ ਵੂਹਾਨ ’ਚ 23 ਜਨਵਰੀ ਨੂੰ ਲੌਕਡਾਊਨ ਲਗਾਇਆ ਗਿਆ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਵੂਹਾਨ ’ਚੋਂ ਪੂਰੀ ਤਰ੍ਹਾਂ ਨਾਲ ਲੌਕਡਾਊਨ ਖੋਲ੍ਹਣ ਦਾ ਇਹ ਢੁਕਵਾਂ ਸਮਾਂ ਨਹੀਂ ਹੈ ਕਿਉਂਕਿ ਬਿਨਾਂ ਲੱਛਣਾਂ ਤੋਂ ਵੀ ਪਾਜ਼ੇਟਿਵ ਕੇਸ ਵਧ ਰਹੇ ਹਨ।