ਕੋਵਿਡ-19: ਟਰੰਪ ਵੱਲੋਂ ਵਿਸ਼ਵ ਸਿਹਤ ਸੰਗਠਨ ਦੇ ਫੰਡ ਰੋਕਣ ਦੀ ਧਮਕੀ
ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੂੰ ਉਨ੍ਹਾਂ ਦੇ ਮੁਲਕ ਤੋਂ ਮਿਲਦੀ ਵਿੱਤੀ ਫੰਡਿੰਗ ’ਤੇ ‘ਵੱਡੀਆਂ ਰੋਕਾਂ’ ਲਾਉਣ ਦੀ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਿਹਤ ਸਰਗਰਮੀਆਂ ’ਤੇ ਬਾਜ਼ ਅੱੱਖ ਰੱਖਣ ਵਾਲੀ ਸੰਯੁਕਤ ਰਾਸ਼ਟਰ ਦੀ ਇਸ ਏਜੰਸੀ ਦੀਆਂ ਨੀਤੀਆਂ ‘ਚੀਨ ਪੱਖੀ’ ਹਨ।
ਅਮਰੀਕੀ ਸਦਰ ਨੇ ਆਲਮੀ ਸੰਗਠਨ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਉਹ ਕਰੋਨਵਾਇਰਸ ਮਹਾਮਾਰੀ ਨਾਲ ਸਿੱਝਣ ’ਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਏਜੰਸੀ ਸ਼ੁਰੂਆਤ ਵਿੱਚ ਕੌਮਾਂਤਰੀ ਪੱਧਰ ’ਤੇ ਕਰੋਨਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸਹੀ ਸੇਧ ਨਹੀਂ ਦੇ ਸਕੀ। ਉਧਰ ਅਮਰੀਕੀ ਸੈਨੇਟਰ ਜਿਮ ਰੀਸ਼ ਨੇ ਡਬਲਿਊਐੱਚਓ ਦੇ ਕੰਮ ਕਰਨ ਦੇ ਢੰਗ ਤਰੀਕੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਇਸ ਆਲਮੀ ਸੰਸਥਾ ਨੂੰ ਚੀਨ ਦੇ ਹੱਥਾਂ ਦੀ ਕੱਠਪੁਤਲੀ ਨਹੀਂ ਬਣਨ ਦਿੱਤਾ ਜਾਵੇਗਾ। ਇਥੇ ਵ੍ਹਾਈਟ ਹਾਊਸ ਵਿੱਚ ਆਪਣੀ ਨਿਯਮਤ ਪ੍ਰੈੱਸ ਕਾਨਫਰੰਸ ਮੌਕੇ ਟਰੰਪ ਨੇ ਕਿਹਾ, ‘ਅਸੀਂ ਡਬਲਿਊਐੱਚਓ ’ਤੇ ਖਰਚੇ ਜਾਂਦੇ ਪੈਸੇ ’ਤੇ ਰੋਕਾਂ ਲਾਵਾਂਗੇ। ਇਹ ਤਗੜੀਆਂ ਪਾਬੰਦੀਆਂ ਹੋਣਗੀਆਂ। ਜੇਕਰ ਇਹ ਪਾਬੰਦੀਆਂ ਕੰਮ ਕਰਦੀਆਂ ਹਨ ਤਾਂ ਚੰਗੀ ਗੱਲ ਹੈ। ਪਰ ਜਦੋਂ ਉਹ ਸਾਡੀ ਹਰ ਪੇਸ਼ਕਦਮੀ ਨੂੰ ਗ਼ਲਤ ਦੱਸਦੇ ਹਨ, ਤਾਂ ਇਹ ਵੀ ਕੋਈ ਬਹੁਤੀ ਚੰਗੀ ਗੱਲ ਨਹੀਂ।’ ਕਾਬਿਲੇਗੌਰ ਹੈ ਕਿ ਜਨੇਵਾ ਅਧਾਰਿਤ ਵਿਸ਼ਵ ਸਿਹਤ ਸੰਗਠਨ ਨੂੰ ਅਮਰੀਕਾ ਨੂੰ ਫੰਡਿੰਗ ਦੇ ਰੂਪ ਵਿੱਚ ਮੋਟੀ ਰਕਮ ਮਿਲਦੀ ਹੈ। ਅਮਰੀਕੀ ਸਦਰ ਨੇ ਕਿਹਾ, ‘ਉਨ੍ਹਾਂ ਨੂੰ ਮਿਲਦੀ ਰਕਮ ਦਾ ਵੱਡਾ ਹਿੱਸਾ ਅਸੀਂ ਅਦਾ ਕਰਦੇ ਹਾਂ। ਉਹ ਅਸਲ ਵਿੱਚ ਮੇਰੇ ਵੱਲੋਂ ਲਾਈਆਂ ਯਾਤਰਾ ਪਾਬੰਦੀਆਂ ਨਾਲ ਅਸਹਿਮਤ ਸਨ। ਉਨ੍ਹਾਂ ਇਸ ਫੈਸਲੇ ਦੀ ਨੁਕਤਾਚੀਨੀ ਵੀ ਕੀਤੀ। ਉਹ ਕਈ ਚੀਜ਼ਾਂ ਬਾਰੇ ਗ਼ਲਤ ਹਨ। ਉਨ੍ਹਾਂ ਕੋਲ ਅਗਾਊਂ ਬਹੁਤ ਸਾਰੀ ਜਾਣਕਾਰੀ ਸੀ, ਪਰ ਉਨ੍ਹਾਂ ਅੱਗੇ ਇਸ ਨੂੰ ਸਾਂਝਿਆਂ ਨਹੀਂ ਕੀਤਾ। ਉਹ ਥੋੜ੍ਹੇ ਨਹੀਂ ਬਲਕਿ ਪੂਰੇ ਚੀਨ ਪੱਖੀ ਹਨ।’ ਇਸ ਦੌਰਾਨ ਸੈਨੇਟਰ ਤੇ ਸੈਨੇਟ ਦੀ ਵਿਦੇਸ਼ੀ ਮਾਮਲਿਆਂ ਬਾਰੇ ਕਮੇਟੀ ਦੇ ਚੇਅਰਮੈਨ ਜਿਮ ਰਿਸ਼ ਨੇ ਕਿਹਾ ਕਿ ਅਮਰੀਕੀ ਕਰਦਾਤਿਆਂ ਦਾ ਪੈਸਾ ਮਹਾਮਾਰੀ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਹੋਵੇ ਨਾ ਕਿ ਵਾਇਰਸ ਕਰਕੇ ਹੋਈਆਂ ਮੌਤਾਂ ’ਤੇ ਪਰਦਾ ਪਾਉਣ ਲਈ। ਰਿਸ਼ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਨੂੰ ਚੀਨ ਦੇ ਹੱਥਾਂ ਦੀ ਸਿਆਸੀ ਕਠਪੁਤਲੀ ਨਹੀਂ ਬਣਨ ਦਿੱਤਾ ਜਾ ਸਕਦਾ।