ਕੈਨੇਡਾ ਵਿਚ ਕੋਰੋਨਾ ਮਹਾਂਮਾਰੀ ਕਾਰਨ 22,000 ਮੌਤਾਂ ਹੋਣ ਦਾ ਖਦਸ਼ਾ

ਕੈਨੇਡਾ ਵਿਚ ਕੋਰੋਨਾ ਮਹਾਂਮਾਰੀ ਕਾਰਨ 22,000 ਮੌਤਾਂ ਹੋਣ ਦਾ ਖਦਸ਼ਾ

ਓਟਾਵਾ : ਕੈਨੇਡਾ ਤੋਂ ਇਸ ਵਕਤ ਵੱਡੀ ਖਬਰ ਹੈ। ਰਾਇਟਰ, ਨਿਊਯਾਰਕ ਟਾਈਮਜ਼ ਤੇ ਕੈਨੇਡਾ ਦੀ ਨਿਊਜ਼ ਏਜੰਸੀ ਗਲੋਬਲ ਨਿਊਜ਼ ਮੁਤਾਬਕ, ਕੈਨੇਡਾ ਦੇ ਸਿਹਤ ਅਧਿਕਾਰੀਆਂ ਨੇ ਵੀਰਵਾਰ ਨੂੰ ਵੱਡਾ ਖਦਸ਼ਾ ਪ੍ਰਗਟ ਕੀਤਾ ਹੈ ਕਿ ਮਹਾਂਮਾਰੀ ਦੇ ਅੰਤ ਤੱਕ ਕੋਰੋਨਾ ਵਾਇਰਸ ਕਾਰਨ ਕੈਨੇਡਾ ਵਿਚ ਮੌਤਾਂ ਦੀ ਗਿਣਤੀ 11,000 ਤੋਂ 22,000 ਹੋ ਸਕਦੀ ਹੈ, ਜਦੋਂ ਕਿ ਰਿਕਾਰਡ ਰੋਜ਼ਗਾਰ ਖੁਸ ਸਕਦੇ ਹਨ। ਰਿਪੋਰਟਾਂ ਮੁਤਾਬਕ, ਅਧਿਕਾਰੀਆਂ ਨੇ ਇਕ ਬ੍ਰੀਫਿੰਗ ਵਿਚ ਕਿਹਾ ਕਿ ਉਨ੍ਹਾਂ ਨੂੰ 16 ਅਪ੍ਰੈਲ ਤੱਕ 500 ਤੋਂ 700 ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਹੈ। ਓਟਾਵਾ ਵਿਚ ਪਹਿਲੀ ਵਾਰ ਫੈਡਰਲ ਪਬਲਿਕ ਹੈਲਥ ਅਧਿਕਾਰੀਆਂ ਨੇ ਇਹ ਖਦਸ਼ਾ ਪ੍ਰਗਟ ਕੀਤਾ ਹੈ।
ਸਖਤ ਕੰਟਰੋਲ ਦੇ ਬਾਵਜੂਦ 22,000 ਦੀ ਹੋ ਸਕਦੀ ਹੈ ਮੌਤ 
ਫੈਡਰਲ ਪਬਲਿਕ ਹੈਲਥ ਮੁਤਾਬਕ ਜੇਕਰ 2.5 ਫੀਸਦੀ ਆਬਾਦੀ ਵਾਇਰਸ ਨਾਲ ਸੰਕ੍ਰਮਿਤ ਹੁੰਦੀ ਹੈ, ਤਾਂ ਇਸ ਦਾ ਅਰਥ ਹੋਵੇਗਾ ਕਿ 9,34,000 ਕੈਨੇਡੀਅਨ ਬੀਮਾਰ ਹੋਣਗੇ। 73,000 ਲੋਕ ਹਸਪਤਾਲ ਵਿਚ ਭਰਤੀ ਹੋਣਗੇ, ਜਿਨ੍ਹਾਂ ਵਿਚੋਂ 23,000 ਲੋਕਾਂ ਨੂੰ ਆਈ. ਸੀ. ਯੂ. ਵਿਚ ਰੱਖਣਾ ਪਵੇਗਾ ਅਤੇ 11,000 ਤਕ ਲੋਕ ਮਰ ਸਕਦੇ ਹਨ। ਜੇਕਰ 5 ਫੀਸਦੀ ਆਬਾਦੀ ਵਾਇਰਸ ਨਾਲ ਸੰਕ੍ਰਮਿਤ ਹੁੰਦੀ ਹੈ ਤਾਂ ਇਸ ਦਾ ਅਰਥ ਹੋਵੇਗਾ ਕਿ 18,79,000 ਲੋਕ ਕੋਰੋਨਾ ਦੀ ਲਪੇਟ ਵਿਚ ਹੋਣਗੇ, ਜਦੋਂ ਕਿ 1,46,000 ਲੋਕ ਹਸਪਤਾਲ ਵਿਚ ਭਰਤੀ ਹੋਣਗੇ, ਜਿਨ੍ਹਾਂ ਵਿਚੋਂ 46,000 ਲੋਕਾਂ ਨੂੰ ਆਈ. ਸੀ. ਯੂ. ਵਿਚ ਰੱਖਣਾ ਪਵੇਗਾ ਅਤੇ 22,000 ਲੋਕਾਂ ਦੀ ਮੌਤ ਹੋ ਸਕਦੀ ਹੈ। 
ਕੋਈ ਕੰਟਰੋਲ ਕੀਤੇ ਬਿਨਾਂ 80 ਫੀਸਦੀ ਹੋਣਗੇ ਵਾਇਰਸ ਦਾ ਸ਼ਿਕਾਰ
ਫੈਡਰਲ ਪਬਲਿਕ ਹੈਲਥ ਅਧਿਕਾਰੀਆਂ ਨੇ ਖਦਸ਼ਾ ਪ੍ਰਗਟ ਕੀਤਾ ਕਿ ਜੇਕਰ ਕੰਟਰੋਲ ਨਾ ਰੱਖਿਆ ਗਿਆ ਤਾਂ ਲਗਭਗ 80 ਫੀਸਦੀ ਕੈਨੇਡੀਅਨ ਇਸ ਦੀ ਲਪੇਟ ਵਿਚ ਆ ਸਕਦੇ ਹਨ ਤੇ ਇਸ ਕਾਰਨ ਮੌਤਾਂ ਦੀ ਗਿਣਤੀ 3 ਲੱਖ ਤੱਕ ਪੁੱਜ ਸਕਦੀ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਹੁਣ ਤੱਕ 461 ਲੋਕਾਂ ਦੀ ਮੌਤ ਹੋ ਚੁੱਕੀ ਹੈ। ਓਂਟਾਰੀਓ ਤੇ ਕਿਊਬਿਕ ਇਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹਨ। ਹੁਣ ਤੱਕ ਕੈਨੇਡਾ ਵਿਚ ਕੁੱਲ ਮਿਲਾ ਕੇ 19,774 ਮਾਮਲੇ ਰਿਪੋਰਟ ਹੋ ਚੁੱਕੇ ਹਨ। 

 

Radio Mirchi