ਇਟਲੀ ਦੇ PM ਜਿਉਸੇਪੇ ਕੌਂਤੇ ਨੇ ਦਿੱਤੀ ਵੱਡੀ ਰਾਹਤ ਭਰੀ ਖਬਰ
ਰੋਮ : ਇਟਲੀ ਵਿਚ ਰੋਜ਼ਾਨਾ ਨਵੇਂ ਮਰੀਜ਼ਾਂ ਅਤੇ ਕੋਰੋਨਾ ਵਾਇਰਸ ਨਾਲ ਮੌਤਾਂ ਦੇ ਮਾਮਲੇ ਵਿਚ ਕਮੀ ਹੋਈ ਹੈ। ਇਸ ਵਿਚਕਾਰ ਰਾਹਤ ਭਰੀ ਖਬਰ ਹੈ ਕਿ ਇਟਲੀ ਕੋਰੋਨਾ ਵਾਇਰਸ ਕਾਰਨ ਲਗਾਈ ਗਈ ਪਾਬੰਦੀ ਵਿਚ ਅਪ੍ਰੈਲ ਦੇ ਅਖੀਰ ਤੋਂ ਹੌਲੀ-ਹੌਲੀ ਢਿੱਲ ਦੇਣੀ ਸ਼ੁਰੂ ਕਰ ਸਕਦਾ ਹੈ, ਬਸ਼ਰਤੇ ਬਿਮਾਰੀ ਦਾ ਫੈਲਣਾ ਹੌਲੀ ਹੁੰਦਾ ਰਹੇ, ਪ੍ਰਧਾਨ ਮੰਤਰੀ ਜਿਉਸੇਪੇ ਕੌਂਤੇ ਨੇ ਇਹ ਗੱਲ ਕਹੀ ਹੈ।
ਪ੍ਰਧਾਨ ਮੰਤਰੀ ਕੌਂਤੇ ਨੇ ਕਿਹਾ ਕਿ ਰੋਜ਼ਾਨਾ ਮਾਮਲੇ ਇਸ ਤਰ੍ਹਾਂ ਹੀ ਘਟਦੇ ਰਹੇ ਤਾਂ ਇਟਲੀ ਵਿਚ 9 ਮਾਰਚ ਤੋਂ ਲੱਗੇ ਰਾਸ਼ਟਰੀ ਲਾਕਡਾਊਨ ਵਿਚ ਹੌਲੀ-ਹੌਲੀ ਸਹਿਜ ਢਿੱਲ ਦਿੱਤੀ ਜਾ ਸਕਦੀ ਹੈ।
ਜਿਉਸੇਪੇ ਕੌਂਤੇ ਨੇ ਕਿਹਾ ਕਿ ਅਸੀਂ ਉਹ ਖੇਤਰ ਦੇਖਾਂਗੇ, ਜਿਨ੍ਹਾਂ ਵਿਚ ਕੰਮ ਦੁਬਾਰਾ ਚਾਲੂ ਹੋ ਸਕੇ। ਜੇਕਰ ਵਿਗਿਆਨੀ ਇਸ ਦੀ ਪੁਸ਼ਟੀ ਕਰਦੇ ਹਨ ਤਾਂ ਅਸੀਂ ਸ਼ਾਇਦ ਇਸ ਮਹੀਨੇ ਦੇ ਅੰਤ ਤੱਕ ਕੁਝ ਢਿੱਲ ਦੇਣਾ ਸ਼ੁਰੂ ਕਰ ਦੇਈਏ। ਹਾਲਾਂਕਿ, ਉਨ੍ਹਾਂ ਚਿਤਾਵਨੀ ਦਿੱਤੀ ਕਿ ਇਟਲੀ ਸਖਤੀ ਨੂੰ ਘੱਟ ਨਹੀਂ ਕਰ ਸਕਦਾ ਅਤੇ ਪਾਬੰਦੀਆਂ ਸਿਰਫ ਹੌਲੀ ਹੌਲੀ ਘੱਟ ਕੀਤੀਆਂ ਜਾਣਗੀਆਂ।
ਜ਼ਿਕਰਯੋਗ ਹੈ ਕਿ ਹਾਲ ਵਿਚ ਇਟਲੀ ਵਿਚ ਰੋਜ਼ਾਨਾ ਮੌਤਾਂ ਦੀ ਗਿਣਤੀ ਵਿਚ ਕਮੀ ਦਰਜ ਹੋਈ ਹੈ। 27 ਮਾਰਚ, 2020 ਨੂੰ 919 ਮੌਤਾਂ ਹੋਈਆਂ ਸਨ। ਇਸ ਮੰਗਲਵਾਰ ਨੂੰ 604 ਲੋਕਾਂ ਦੀ ਮੌਤ ਹੋਈ, ਜਦੋਂ ਕਿ ਬੁੱਧਵਾਰ ਨੂੰ 542 ਮੌਤਾਂ ਦਰਜ ਕੀਤੀਆਂ ਗਈਆਂ। ਹਾਲਾਂਕਿ, ਭਾਵੇਂ ਹੀ ਹਾਲ ਦੀ ਘੜੀ ਰੋਜ਼ਾਨਾ ਮਾਮਲੇ ਘੱਟ ਹੋਏ ਹਨ ਪਰ ਹੁਣ ਤੱਕ ਇਟਲੀ ਵਿਚ 17 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਵਾਇਰਸ ਕਾਰਨ ਜਾਨ ਗੁਆ ਚੁੱਕੇ ਹਨ। ਇਟਲੀ ਵਿਚ ਬੁੱਧਵਾਰ ਤੱਕ ਕੁੱਲ ਕਨਫਰਮਡ ਮਾਮਲੇ 1,39,422 ਸਨ, ਜਿਸ ਵਿਚ ਜੋ ਮਰ ਗਏ ਤੇ ਜੋ ਠੀਕ ਹੋਏ ਹਨ, ਉਨ੍ਹਾਂ ਦੀ ਗਿਣਤੀ ਵੀ ਸ਼ਾਮਲ ਹੈ।