ਕਰੋਨਾ ਨੇ ਜੈਵਿਕ-ਅਤਿਵਾਦੀ ਹਮਲੇ ਦੀ ਝਲਕ ਦਿਖਾਈ: ਗੁਟੇਰੇਜ਼
ਸੰਯੁਕਤ ਰਾਸ਼ਟਰ- ਸੰਯੁਕਤ ਰਾਸ਼ਟਰ ਦੇ ਮੁਖੀ ਐਂਤੋਨੀਓ ਗੁਟੇਰੇਜ਼ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨੇ ਇਸ ਗੱਲ ਦੀ ਝਲਕ ਦਿਖਾਈ ਹੈ ਕਿ ਦੁਨੀਆ ’ਚ ਜੈਵਿਕ-ਅਤਿਵਾਦੀ ਹਮਲੇ ਦਾ ਨਤੀਜਾ ਕੀ ਹੋ ਸਕਦਾ ਹੈ। ਉਨ੍ਹਾਂ ਚੌਕਸ ਕੀਤਾ ਕਿ ਮਨੁੱਖਤਾ ਵਿਰੋਧੀ ਅਨਸਰ ਉਨ੍ਹਾਂ ‘ਖਤਰਨਾਕ ਵਾਇਰਸਾਂ’ ਤੱਕ ਪਹੁੰਚ ਸਕਦੇ ਹਨ ਜੋ ਸਾਰੀ ਦੁਨੀਆ ’ਚ ਇਸੇ ਤਰ੍ਹਾਂ ਦੀ ਤਬਾਹੀ ਮਚਾ ਸਕਦੇ ਹਨ।
ਜਨਰਲ ਸਕੱਤਰ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕਾਉਂਸਲ ਨੂੰ ਸੰਬੋਧਨ ਕਰਦਿਆਂ ਇਸ ਆਲਮੀ ਮਹਾਮਾਰੀ ਕਾਰਨ ਦੁਨੀਆ ’ਚ ਬਣੇ ਖਤਰਿਆਂ ਦਾ ਜ਼ਿਕਰ ਕੀਤਾ। ਕਾਉਂਸਲ ਨੇ ਡੋਮੀਨਿਕਨ ਗਣਰਾਜ ਦੀ ਪ੍ਰਧਾਨਗੀ ’ਚ ਬੀਤੇ ਦਿਨ ਦਿਨ ਵੀਡੀਓ ਕਾਨਫਰੰਸ ਰਾਹੀਂ ਕਰੋਨਾ ਸੰਕਟ ’ਤੇ ਪਹਿਲੀ ਵਾਰ ਵਿਚਾਰ ਚਰਚਾ ਕੀਤੀ। ਗੁਟੇਰੇਜ਼ ਨੇ ਕੋਵਿਡ-19 ਖ਼ਿਲਾਫ਼ ਸੰਘਰਸ਼ ਨੂੰ ‘ਇੱਕ ਪੀੜ੍ਹੀ ਦੀ ਲੜਾਈ’ ਅਤੇ ਇਸ ਤਰ੍ਹਾਂ ਦੀ ਸਮੱਸਿਆ ਨਾਲ ਨਜਿੱਠਣ ਨੂੰ ‘ਸੰਯੁਕਤ ਰਾਸ਼ਟਰ ਦਾ ਟੀਚਾ’ ਕਰਾਰ ਦਿੱਤਾ। ਗੁਟੇਰੇਜ਼ ਨੇ ਕਿਹਾ, ‘ਕੋਵਿਡ-19 ਪਹਿਲਾ ਤੇ ਸਭ ਤੋਂ ਵੱਡਾ ਸਿਹਤ ਸੰਕਟ ਹੈ ਪਰ ਇਸ ਦਾ ਅਸਰ ਲੰਮਾ ਸਮਾਂ ਰਹੇਗਾ। ਇਹ ਮਹਾਮਾਰੀ ਕੌਮਾਂਤਰੀ ਅਮਨ ਤੇ ਸੁਰੱਖਿਆ ਬਣਾਈ ਰੱਖਣ ਲਈ ਵੱਡਾ ਖਤਰਾ ਹੈ। ਇਸ ਨਾਲ ਸਮਾਜਿਕ ਅਸ਼ਾਂਤੀ ਤੇ ਹਿੰਸਾ ਵਧਣ ਦਾ ਖਦਸ਼ਾ ਹੈ ਜਿਸ ਨਾਲ ਇਸ ਬਿਮਾਰੀ ਨਾਲ ਲੜਨ ਦੀ ਸਾਡੀ ਸਮਰੱਥਾ ਕਮਜ਼ੋਰ ਹੋਵੇਗੀ।’
ਉਨ੍ਹਾਂ ਕਿਹਾ ਕਿ ਇਸ ਮਹਾਮਾਰੀ ਕਾਰਨ ਸਾਹਮਣੇ ਆਈਆਂ ਕਮਜ਼ੋਰੀਆਂ ਤੇ ਤਿਆਰੀ ਦੀ ਘਾਟ ਇਸ ਗੱਲ ਦੀ ਝਲਕ ਹੈ ਕਿ ਇੱਕ ਜੈਵਿਕ-ਅਤਿਵਾਦੀ ਹਮਲੇ ਦੇ ਨਤੀਜੇ ਕਿਹੋ ਜਿਹੇ ਹੋ ਸਕਦੇ ਹਨ। ਗੁਟੇਰੇਜ਼ ਨੇ ਇਸ ਗੱਲ ’ਤੇ ਚਿੰਤਾ ਜ਼ਾਹਿਰ ਕੀਤੀ ਕਿ ਅਤਿਵਾਦ ਦਾ ਖਤਰਾ ਅਜੇ ਵੀ ਮੌਜੂਦ ਹੈ। ਉਨ੍ਹਾਂ ਕਿਹਾ ਕਿ ਅੱਜ ਜਦੋਂ ਵਧੇਰੇ ਸਰਕਾਰਾਂ ਦਾ ਧਿਆਨ ਇਸ ਮਹਾਮਾਰੀ ਨਾਲ ਨਜਿੱਠਣ ’ਤੇ ਕੇਂਦਰਿਤ ਹੈ, ਅਜਿਹੇ ’ਚ ਅਤਿਵਾਦੀ ਸਮੂਹ ਕਿਸੇ ਵੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ।