ਕੋਵਿਡ-19 ਨੇ ਲਈ ਹਾਲੀਵੁੱਡ ਦੇ ਮਸ਼ਹੂਰ ਅਦਾਕਾਰ ਦੀ ਜਾਨ
ਵਾਸ਼ਿੰਗਟਨ - ਕੋਰੋਨਾਵਾਇਰਸ ਮਹਾਮਾਰੀ ਨਾਲ ਇਸ ਵੇਲੇ ਪੂਰੀ ਦੁਨੀਆ ਨਿਜੱਠ ਰਹੀ ਹੈ। ਕੋਰੋਨਾ ਵਿਸ਼ਵ ਭਰ ਵਿਚ 1 ਲੱਖ ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਚੁੱਕਿਆ ਹੈ। ਇਸ ਵਿਚਾਲੇ ਹਾਲੀਵੁੱਡ ਤੋਂ ਇਕ ਬੁਰੀ ਖਬਰ ਸਾਹਮਣੇ ਆਈ ਹੈ। ਹਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਤੇ ਕਮੇਡੀਅਨ ਟਿਮ ਬਰੁਕ ਟੇਲਰ ਦਾ 79 ਸਾਲ ਦੀ ਉਮਰ ਵਿਚ ਮੌਤ ਹੋ ਗਈ ਹੈ, ਉਹ ਕੋਰੋਨਾਵਾਇਰਸ ਤੋਂ ਪੀਡ਼ਤ ਸਨ। ਟਿਮ ਬਰੁਕ ਟੇਲਰ ਨੇ 1970 ਦੇ ਦਹਾਕੇ ਵਿਚ ਆਪਣੀ ਕਮੇਡੀ ਨਾਲ ਲੋਕਾਂ ਦੇ ਦਿਲਾਂ ਨੂੰ ਜਿੱਤ ਲਿਆ ਸੀ। ਉਨ੍ਹਾਂ ਦੀ ਮੌਤ ਨਾਲ ਪੂਰੇ ਹਾਲੀਵੁੱਡ ਵਿਚ ਸ਼ੋਕ ਦੀ ਲਹਿਰ ਦੌਡ਼ ਪਈ ਹੈ।
1940 ਵਿਚ ਹੋਇਆ ਸੀ ਜਨਮ
ਟਿਮ ਬਰੁਕ ਨੇ ਗ੍ਰੀਮ ਗਾਰਡਨ ਅਤੇ ਬਿਲ ਓਡੀ ਦੇ ਨਾਲ 'ਦਿ ਗੁਡੀਜ਼' ਟੀ. ਵੀ. ਸ਼ੋਅ ਨਾਲ ਲੱਖਾਂ ਦਰਸ਼ਕਾਂ ਨੂੰ ਆਕਰਸ਼ਿਤ ਕੀਤਾ। ਦੱਸ ਦਈਏ ਕਿ ਕਮੇਡੀਅਨ ਐਡੀ ਲਾਰਜ਼, ਐਕਟਰ ਟੈਰੇਂਸ ਮੈਕਨਲੀ ਅਤੇ ਸੰਗੀਤਕਾਰ ਐਡਮ ਸਲੇਸਿੰਗਰ ਦੀ ਵੀ ਮੌਤ ਕੋਰੋਨਾਵਾਇਰਸ ਕਾਰਨ ਹੋਈ ਹੈ। ਟਿਮ ਬਰੁਕ ਦੇ ਇਕ ਕਰੀਬੀ ਨੇ ਐਤਵਾਰ ਨੂੰ ਉਨ੍ਹਾਂ ਦੀ ਕੋਰੋਨਾ ਨਾਲ ਮੌਤ ਹੋਣ ਦੀ ਜਾਣਕਾਰੀ ਦਿੱਤੀ। ਟਿਮ ਦਾ ਜਨਮ 17 ਜੁਲਾਈ, 1940 ਨੂੰ ਯੂਨਾਈਟੇਡ ਕਿੰਗਡਮ ਦੇ ਬਕਸਟਨ ਵਿਚ ਹੋਇਆ ਸੀ।
ਆਪਣੀ ਕਮੇਡੀ ਨਾਲ ਜਿੱਤਿਆ ਲੱਖਾਂ ਦਰਸ਼ਕਾਂ ਦਾ ਦਿਲ
ਟਿਮ ਬਰੁਕ ਸਾਲ 1960 ਵਿਚ ਫੁੱਟਬਾਲ ਵਿਚ ਸ਼ਾਮਲ ਹੋਣ ਤੋਂ ਬਾਅਦ ਟੀ. ਵੀ. ਜਗਤ ਵੱਲ ਰੁਖ ਕੀਤਾ। ਉਨ੍ਹਾਂ ਟੀ. ਵੀ., ਰੇਡੀਓ, ਥੀਏਟਰ, ਫਿਲਮ ਸਮੇਤ ਕਈ ਕਿਤਾਬਾਂ ਵੀ ਲਿੱਖੀਆਂ ਸਨ। ਟਿਮ ਬਰੁਕ ਦੇ ਫੈਂਸ ਨੇ ਆਖਿਆ ਕਿ ਉਹ ਸਾਡੇ ਦਿਲਾਂ ਵਿਚ ਹਮੇਸ਼ਾ ਜਿਉਂਦੇ ਰਹਿਣਗੇ। ਟਿਮ ਬਰੁਕ ਦੇ ਨਾਲ ਕੰਮ ਕਰਨ ਵਾਲੇ ਦੱਸਦੇ ਹਨ ਕਿ ਉਹ ਲੰਬੇ ਅਤੇ ਥਕਾਓ ਰੀਹਸਲ ਅਤੇ ਰਿਕਾਰਡਿੰਗ ਤੋਂ ਬਾਅਦ ਵੀ ਆਪਣੇ ਸਾਥੀਆਂ ਨੂੰ ਹਸਾ ਕੇ ਉਨ੍ਹਾਂ ਦਾ ਮਨੋਰੰਜਨ ਕਰਿਆ ਕਰਦੇ ਸਨ।
ਦੁਨੀਆ ਭਰ ਵਿਚ ਮੌਤਾਂ ਦਾ ਅੰਕਡ਼ਾ 1 ਲੱਖ ਤੋਂ ਪਾਰ
ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਦਾ ਖਤਰਾ ਪੂਰੀ ਦੁਨੀਆ ਵਿਚ ਲਗਾਤਾਰ ਵੱਧਦਾ ਜਾ ਰਿਹਾ ਹੈ। ਦੁਨੀਆ ਭਰ ਵਿਚ ਵਾਇਰਸ ਕਾਰਨ 1 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਉਥੇ ਪੀਡ਼ਤ ਲੋਕਾਂ ਦੀ ਗਿਣਤੀ 18 ਲੱਖ ਦੇ ਪਾਰ ਪਹੁੰਚ ਗਈ ਹੈ।