ਇਜ਼ਰਾਈਲ: ਨੇਤਨਯਾਹੂ ਤੇ ਗੈਂਟਜ਼ ਵਿਚਾਲੇ ਸਹਿਮਤੀ ਬਣਨ ਦੇ ਆਸਾਰ
ਯੋਰੋਸ਼ਲਮ- ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਤੇ ਉਨ੍ਹਾਂ ਦੇ ਮੁੱਖ ਵਿਰੋਧੀ ਬੈਨੀ ਗੈਂਟਜ਼ ਦੀ ਅੱਜ ਮੁਲਾਕਾਤ ਹੋਈ। ਦੋਵੇਂ ਹੰਗਾਮੀ ਸਥਿਤੀਆਂ ’ਚ ਇਕਜੁੱਟ ਹੋਣ ਲਈ ਕਿਸੇ ਸਮਝੌਤੇ ਉਤੇ ਆਖ਼ਰੀ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਯਤਨ ਐਮਰਜੈਂਸੀ ਸਰਕਾਰ ਕਾਇਮ ਕਰਨ ਲਈ ਹੋ ਰਹੇ ਹਨ ਤਾਂ ਕਿ ਕਰੋਨਾਵਾਇਰਸ ਸੰਕਟ ਦਾ ਕਾਰਗਰ ਤਰੀਕੇ ਨਾਲ ਸਾਹਮਣਾ ਕੀਤਾ ਜਾ ਸਕੇ। ਇਸ ਤੋਂ ਇਲਾਵਾ ਦੋਵੇਂ ਧਿਰਾਂ ਸੰਕਟ ਦੇ ਮੱਦੇਨਜ਼ਰ ਮੁੜ ਤੋਂ ਮਹਿੰਗੀ ਚੋਣ ਪ੍ਰਕਿਰਿਆ ਦੇ ਹੱਕ ਵਿਚ ਨਹੀਂ ਹਨ। ਨੇਤਨਯਾਹੂ ਤੇ ਸਾਬਕਾ ਫ਼ੌਜ ਮੁਖੀ ਗੈਂਟਜ਼ ਨੇ ਗੱਲਬਾਤ ਨੂੰ ਕੰਢੇ ਲਾਉਣ ਲਈ ਰਾਸ਼ਟਰਪਤੀ ਤੋਂ ਪਹਿਲਾਂ ਮੰਗੇ ਗਏ ਸਮੇਂ ’ਚ ਹੋਰ ਵਾਧਾ ਮਨਜ਼ੂਰ ਕਰਵਾਇਆ ਹੈ। ਦੋਵਾਂ ਆਗੂਆਂ ਨੇ ਗੱਲਬਾਤ ’ਚ ‘ਅਹਿਮ ਸਫ਼ਲਤਾ’ ਮਿਲਣ ਦਾ ਦਾਅਵਾ ਕੀਤਾ ਹੈ। ਆਖ਼ਰੀ ਸਮਝੌਤੇ ’ਤੇ ਪਹੁੰਚਣ ’ਚ ਦੋ ਦਿਨ ਹੋਰ ਲੱਗ ਸਕਦੇ ਹਨ। ਜੇ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਸੰਸਦ ਭੰਗ ਹੋਣ ਦੀ ਸੰਭਾਵਨਾ ਬਣ ਜਾਵੇਗੀ। ਇਸ ਤਰ੍ਹਾਂ ਇਕ ਸਾਲ ਵਿਚ ਚੌਥੀ ਵਾਰ ਚੋਣਾਂ ਹੋ ਸਕਦੀਆਂ ਹਨ। ਇਜ਼ਰਾਈਲ ਵਿਚ ਹਾਲੇ ਪਿਛਲੇ ਮਹੀਨੇ ਹੀ ਚੋਣਾਂ ਹੋਈਆਂ ਹਨ ਤੇ ਪਹਿਲੀਆਂ ਦੋ ਚੋਣਾਂ ਵਾਂਗ ਇਨ੍ਹਾਂ ’ਚ ਵੀ ਕਿਸੇ ਨੂੰ ਸਪੱਸ਼ਟ ਬਹੁਮੱਤ ਨਹੀਂ ਮਿਲਿਆ। ਹਾਲਾਂਕਿ ਗੈਂਟਜ਼ ਨੂੰ ਥੋੜ੍ਹੀਆਂ ਵੱਧ ਸੀਟਾਂ ਮਿਲੀਆਂ ਹਨ।