ਅਮਰੀਕਾ : ਐੱਨ. ਬੀ. ਏ. ਖਿਡਾਰੀ ਟੇਰੇਂਸ ਕਲਾਰਕ ਦੀ ਕਾਰ ਹਾਦਸੇ ’ਚ ਮੌਤ

ਅਮਰੀਕਾ : ਐੱਨ. ਬੀ. ਏ. ਖਿਡਾਰੀ ਟੇਰੇਂਸ ਕਲਾਰਕ ਦੀ ਕਾਰ ਹਾਦਸੇ ’ਚ ਮੌਤ

ਕੈਲੀਫੋਰਨੀਆ (ਕਾਫ਼ਲਾ ਬਿਓਰੋ)-ਅਮਰੀਕਾ ਦੇ ਇੱਕ ਉੱਭਰ ਰਹੇ ਬਾਸਕਟਬਾਲ ਖਿਡਾਰੀ ਦੀ ਕਾਰ ਹਾਦਸੇ ਵਿੱਚ ਮੌਤ ਹੋ ਗਈ ਹੈ। ਇਸ ਹਾਦਸੇ ਸੰਬੰਧੀ ਲਾਸ ਏਂਜਲਸ ਪੁਲਸ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਕੈਂਟਕੀ ਯੂਨੀਵਰਸਿਟੀ ਦੇ 19 ਸਾਲਾ ਬਾਸਕਟਬਾਲ ਖਿਡਾਰੀ, ਜਿਸ ਦਾ ਹਾਲ ਹੀ ਵਿੱਚ ਐੱਨ. ਬੀ. ਏ. ਡਰਾਫਟ ਲਈ ਐਲਾਨ ਕੀਤਾ ਗਿਆ ਸੀ, ਦੀ ਵੀਰਵਾਰ ਨੂੰ ਇੱਕ ਕਾਰ ਹਾਦਸੇ ’ਚ ਮੌਤ ਹੋ ਗਈ। ਪੁਲਸ ਅਨੁਸਾਰ ਵੀਰਵਾਰ ਨੂੰ ਇਹ ਹਾਦਸਾ ਲੱਗਭਗ 2 ਵਜੇ ਵਾਪਰਿਆ, ਜਦੋਂ ਕਲਾਰਕ ਦੀ ਕਾਰ ਨੇ ਲਾਲ ਬੱਤੀ ਪਾਰ ਕਰ ਕੇ ਖੱਬੇ ਹੱਥ ਮੁੜਨ ਦੀ ਕੋਸ਼ਿਸ਼ ਕਰ ਰਹੇ ਇੱਕ ਵਾਹਨ ਵਿੱਚ ਟੱਕਰ ਮਾਰ ਦਿੱਤੀ।
ਐੱਲ. ਏ. ਪੁਲਸ ਦੇ ਟ੍ਰੈਫਿਕ ਡਵੀਜ਼ਨ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਤੋਂ ਬਾਅਦ ਕਲਾਰਕ ਦਾ ਵਾਹਨ ਫਿਰ ਇੱਕ ਖੰਭੇ ਅਤੇ ਕੰਧ ਵਿੱਚ ਜਾ ਵੱਜਿਆ। ਇਸ ਉਪਰੰਤ ਕਲਾਰਕ ਨੂੰ ਨੌਰਥ੍ਰਿਜ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ । ਕਲਾਰਕ ਨੇ ਮਾਰਚ ਵਿੱਚ ਐੱਨ. ਬੀ. ਏ. ਡਰਾਫਟ ਲਈ ਐਲਾਨ ਹੋਣ ਤੋਂ ਬਾਅਦ ਹਾਲ ਹੀ ਵਿੱਚ ਇੱਕ ਏਜੰਟ ਨਾਲ ਕਰਾਰ ਕੀਤਾ ਸੀ। ਕੈਂਟਕੀ ਵਿੱਚ ਉਸ ਨੇ ਆਪਣੇ ਪਹਿਲੇ 7 ਮੈਚਾਂ ਵਿਚ ਔਸਤਨ 10 ਅੰਕ ਅਤੇ ਤਿੰਨ ਰੀਬਾਊਂਡ ਹਾਸਲ ਕੀਤੇ ਅਤੇ ਪੈਰ ਦੀ ਸੱਟ ਕਾਰਨ ਉਹ ਖੇਡਾਂ ਵਿੱਚ ਹਿੱਸਾ ਨਹੀਂ ਲੈ ਸਕਿਆ ਸੀ।ਕਲਾਰਕ ਦੀ ਏਜੰਸੀ ਦੇ ਪ੍ਰਧਾਨ ਨੇ ਇਸ ਉੱਭਰ ਰਹੇ ਖਿਡਾਰੀ ਦੀ ਮੌਤ ਮੌਕੇ ਉਸ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Radio Mirchi