ਕੈਨੇਡਾ 'ਚ 2 ਸਿੱਖਾਂ ਨੂੰ ਜਹਾਜ਼ 'ਚ ਬੈਠਣ ਦੀ ਮਨਾਹੀ ਦੇ ਕੇਸ ਸੰਬੰਧੀ ਸੁਣਵਾਈ ਜਾਰੀ

ਕੈਨੇਡਾ 'ਚ 2 ਸਿੱਖਾਂ ਨੂੰ ਜਹਾਜ਼ 'ਚ ਬੈਠਣ ਦੀ ਮਨਾਹੀ ਦੇ ਕੇਸ ਸੰਬੰਧੀ ਸੁਣਵਾਈ ਜਾਰੀ
ਟੋਰਾਂਟੋ-ਕੈਨੇਡਾ 'ਚ ਬੀਤੇ ਕੁਝ ਸਾਲਾਂ ਤੋਂ ਜਹਾਜ਼ਾਂ ਵਿਚ ਸਵਾਰ ਹੋਣ ਦੀ ਮਨਾਹੀ ਦਾ ਸਾਹਮਣਾ ਕਰ ਰਹੇ ਟੋਰਾਂਟੋ ਵਾਸੀ ਭਗਤ ਸਿੰਘ ਬਰਾੜ ਅਤੇ ਸਰੀ ਵਾਸੀ ਪਰਵਕਾਰ ਸਿੰਘ ਦੂਲੇ ਦੀ ਅਪੀਲ ਦੇ ਕੇਸ ਦੀ ਸੁਣਵਾਈ ਇਨ੍ਹੀਂ ਦਿਨੀਂ ਦੇਸ਼ ਦੀ ਫੈਡਰਲ ਅਦਾਲਤ 'ਚ ਚੱਲ ਰਹੀ ਹੈ ਜੋ 26 ਅਪ੍ਰੈਲ ਤੱਕ ਜਾਰੀ ਰਹੇਗੀ | ਸ. ਬਰਾੜ ਅਤੇ ਸ. ਦੂਲੇ ਆਪਣੇ ਨਾਂਅ ਨੋ ਫਲਾਈ ਸੂਚੀ 'ਚੋਂ ਕਢਵਾਉਣ ਲਈ 2018 ਤੋਂ ਕਾਨੂੰਨੀ ਲੜਾਈ ਲੜ ਰਹੇ ਹਨ | 47 ਸਾਲਾ ਸ. ਬਰਾੜ ਲਖਬੀਰ ਸਿੰਘ ਬਰਾੜ (ਪਿੰਡ ਰੋਡੇ) ਦਾ ਬੇਟਾ, ਤੇ ਜਥੇਦਾਰ ਜਸਬੀਰ ਸਿੰਘ ਰੋਡੇ ਦਾ ਭਤੀਜਾ ਹੈ | ਸ. ਦੂਲੇ (44) ਕੈਨੇਡਾ 'ਚ ਜੰਮਪਲ ਹੈ ਅਤੇ ਉਨ੍ਹਾਂ ਦੇ ਮਾਪੇ 1970ਵਿਆਂ ਤੋਂ ਕੈਨੇਡਾ ਵਾਸੀ ਹਨ | ਉਨ੍ਹਾਂ ਦਾ ਤਰਕ ਹੈ ਕਿ ਜਹਾਜ਼ 'ਚ ਸਵਾਰ ਨਾ ਹੋਣ ਦੇਣ ਦੀ ਇਹ ਪਾਬੰਦੀ ਬਿਨਾ ਵਜ੍ਹਾ ਹੈ ਜਿਸ ਦਾ ਕੋਈ ਸਬੂਤ ਨਹੀਂ ਹੈ | ਸਰਕਾਰੀ ਧਿਰ (ਜੰਤਕ ਸੁਰੱਖਿਆ ਮੰਤਰਾਲਾ) ਵਲੋਂ ਉਨ੍ਹਾਂ ਉਪਰ ਅੱਤਵਾਦੀ ਸਰਗਰਮੀਆਂ ਕਰਨ ਜਾਂ ਅਜਿਹੀਆਂ ਸਰਗਰਮੀਆਂ ਵਿਚ ਸ਼ਾਮਿਲ ਵਿਅਕਤੀਆਂ ਦਾ ਸਾਥ ਦੇਣ ਦੇ ਦੋਸ਼ ਹਨ | ਕੇਸ ਦੀ ਸੁਣਵਾਈ ਦੌਰਾਨ ਕੈਨੇਡਾ ਦੀ ਕੇਂਦਰੀ ਖੁਫੀਆ ਏਜੰਸੀ (ਸੀ.ਐਸ.ਆਈ.ਐਸ.), ਖਾਲਿਸਤਾਨ, ਸਿੱਖਸ ਫਾਰ ਜਸਟਿਸ, ਰਿਫਰੈਂਡਮ, ਬੱਬਰ ਖਾਲਸਾ, ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ, ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ (ਮਾਨ), ਜਗਤਾਰ ਸਿੰਘ 'ਜੱਗੀ' ਜੌਹਲ, ਰੁਲਦਾ ਸਿੰਘ ਦਾ ਕਤਲ ਕੇਸ, ਪਾਕਿਸਤਾਨ ਵਿਚ ਰਹਿੰਦੇ ਰਣਜੀਤ ਸਿੰਘ ਉਰਫ ਨੀਟਾ ਅਤੇ ਓਥੇ ਰਹਿ ਰਹੇ ਹੋਰ ਸਿੱਖਾਂ ਦੇ ਨਾਮ ਵੀ ਚਰਚਾ 'ਚ ਆਉਂਦੇ ਹਨ | ਸ. ਦੂਲੇ ਨੇ ਦੱਸਿਆ ਕਿ ਕੈਨੇਡਾ ਦਾ ਸਿਸਟਮ ਭਾਰਤੀ ਅਧਿਕਾਰੀਆਂ ਦੇ ਦਬਾਅ ਹੇਠ ਹੈ ਤੇ ਇਸੇ ਕਰਕੇ ਕੈਨੇਡਾ ਵਿਚ ਕੁਝ ਪੰਜਾਬੀ ਸੰਸਦ ਮੈਂਬਰ ਉਨ੍ਹਾਂ ਨੂੰ ਭਾਰਤ ਦੇ ਕੌਂਸਲਖਾਨੇ ਦੇ ਅਧਿਕਾਰੀਆਂ ਅਤੇ ਨੈਸ਼ਨਲ ਸਕਿਓਰਿਟੀ ਏਜੰਸੀ ਦੇ ਨੁਮਾਇੰਦਿਆਂ ਨਾਲ ਮਿਲਣ ਵਾਸਤੇ ਦਬਾਅ ਪਾਉਂਦੇ ਰਹੇ ਹਨ | ਜੱਜ ਦੇ ਇਕ ਸਵਾਲ ਦਾ ਜਵਾਬ ਦਿੰਦਿਆਂ ਕੈਨੇਡਾ ਦੇ ਜੰਮਪਲ ਸ. ਦੂਲੇ ਨੇ ਕਿਹਾ ਕਿ ਆਪਣੇ ਸਿਧਾਂਤਾਂ (ਖੁਦਮੁਖਤਿਆਰੀ ਦੇ ਹੱਕ) ਉਪਰ ਕਾਇਮ ਰਹਿਣ ਲਈ ਉਨ੍ਹਾਂ ਨੇ ਭਾਰਤੀ ਅਧਿਕਾਰੀਆਂ ਨੂੰ ਨਾ ਮਿਲਣ ਦਾ ਫੈਸਲਾ ਕੀਤਾ ਸੀ | ਉਨ੍ਹਾਂ ਦੱਸਿਆ ਕਿ ਉਹ 2014 ਵਿੱਚ ਟੋਰਾਂਟੋ 'ਚ ਸ. ਬਰਾੜ ਨੂੰ ਮਿਲੇ ਸਨ ਅਤੇ 2015 ਤੇ 2016 ਵਿੱਚ ਕੈਨੇਡੀਅਨ ਸਿੱਖਾਂ ਦੇ ਜਥਿਆਂ ਨਾਲ਼ ਇਕੱਠੇ ਪਾਕਿਸਤਾਨ ਗਏ ਸਨ | ਸ. ਦੂਲੇ ਅਤੇ ਸ. ਬਰਾੜ ਵੈਨਕੂਵਰ ਹਵਾਈ ਅੱਡੇ ਨੇੜੇ ਸਥਿਤ ਯੈਲੋ ਕਾਰ ਰੈਂਟਲ ਕੰਪਨੀ ਵਿਚ ਭਾਈਵਾਲ ਵੀ ਹਨ | ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿੱਚ ਕਦੇ ਪੈਸੇ ਨਹੀਂ ਭੇਜੇ ਅਤੇ ਨਾ ਹੀ ਕੈਨੇਡਾ ਵਿੱਚ ਕਿਸੇ ਨੂੰ ਓਥੇ ਪੈਸੇ ਭੇਜਣ ਵਾਸਤੇ ਦਿੱਤੇ ਹਨ | ਕੈਨੇਡਾ ਦੀ 'ਨੋ ਫਲਾਈ ਲਿਸਟ' ਵਿਚ ਨਾਮ ਦਰਜ ਹੋਵੇ ਤਾਂ ਉਸ ਵਿਅਕਤੀ ਦਾ ਅਮਰੀਕਾ ਵਿੱਚ ਵੀ ਦਾਖਲਾ ਬੰਦ ਹੁੰਦਾ ਹੈ ਜਿਸ ਕਰਕੇ ਸ. ਦੂਲੇ ਨੂੰ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਮਨ੍ਹਾਂ ਕਰਕੇ ਵਾਪਿਸ ਮੋੜ ਦਿੱਤਾ ਸੀ | ਜਦੋਂ ਜੱਜ ਨੇ ਪੁੱਛਿਆ ਕਿ ਕੈਨੇਡਾ ਵਿਚ ਉਨ੍ਹਾਂ (ਸ. ਬਰਾੜ ਅਤੇ ਦੂਲੇ) ਵਾਲੇ ਹਾਲਾਤ ਵਿਚ ਕਿੰਨੇ ਕੁ ਸਿੱਖ ਹਨ ਜਿਨ੍ਹਾਂ ਦੇ ਨਾਂਅ ਦੇਸ਼ ਦੀ 'ਨੋ ਫਲਾਈ' ਸੂਚੀ ਵਿਚ ਹਨ, ਤਾਂ ਸ. ਬਰਾੜ ਨੇ ਕਿਹਾ ਇਸ ਬਾਰੇ ਪਤਾ ਨਹੀਂ ਹੈ | ਜੱਜ ਨੇ ਆਖਿਆ ਕਿ ਜੇ ਉਹ ਨਿਰਦੋਸ਼ ਹੈ ਤਾਂ ਉਸ 16 ਗੰਭੀਰ ਦੋਸ਼ ਕਿਓਾ ਲੱਗ ਰਹੇ ਹਨ ਤਾਂ ਸ. ਬਰਾੜ ਨੇ ਕਿਹਾ ਕਿ ਸਾਰੇ ਦੋਸ਼ ਨਿਰਮੂਲ ਹਨ |